ਟੀ. ਬੀ. ਦੀ ਬੀਮਾਰੀ ਵੱਧਣ ਦਾ ਖਤਰਾ, ਅੰਮ੍ਰਿਤਸਰ ਜ਼ਿਲ੍ਹੇ ''ਚ ਮਰੀਜ਼ਾਂ ਦਾ ਮਚਿਆ ਹਾਹਾਕਾਰ

Friday, Aug 09, 2024 - 01:44 PM (IST)

ਟੀ. ਬੀ. ਦੀ ਬੀਮਾਰੀ ਵੱਧਣ ਦਾ ਖਤਰਾ, ਅੰਮ੍ਰਿਤਸਰ ਜ਼ਿਲ੍ਹੇ ''ਚ ਮਰੀਜ਼ਾਂ ਦਾ ਮਚਿਆ ਹਾਹਾਕਾਰ

ਅੰਮ੍ਰਿਤਸਰ (ਦਲਜੀਤ)-ਪੰਜਾਬ ਵਿਚ ਟੀ. ਬੀ. ਬੀਮਾਰੀ ਵਧਣ ਦਾ ਖਤਰਾ ਹੈ। ਸਿਹਤ ਵਿਭਾਗ ਅੰਮ੍ਰਿਤਸਰ ਸਮੇਤ ਹੋਰਨਾਂ ਜ਼ਿਲ੍ਹਿਆਂ ਵਿਚ ਟੀ. ਬੀ. ਦੀ ਬੀਮਾਰੀ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਮੁਫ਼ਤ ਦਵਾਈਆਂ ਮੁਹੱਈਆ ਕਰਵਾਉਣ ਵਿਚ ਨਾਕਾਮ ਸਾਬਤ ਹੋ ਰਿਹਾ ਹੈ। ਇੰਨਾ ਹੀ ਨਹੀਂ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਦਵਾਈਆਂ ਦੀ ਸਪਲਾਈ ਨਾ ਹੋਣ ਕਾਰਨ ਸੈਂਕੜੇ ਮਰੀਜ਼ਾਂ ਦੇ ਕੋਰਸ ਕਈ ਵਾਰ ਅੱਧ-ਵਿਚਾਲੇ ਰਹਿ ਕੇ ਟੁੱਟ ਚੁੱਕੇ ਹਨ। ਇਹ ਬੀਮਾਰੀ ਅਜਿਹੀ ਹੈ ਕਿ ਜੇਕਰ ਇਸ ਦਾ ਕੋਰਸ 6 ਤੋਂ 9 ਮਹੀਨੇ ਤੱਕ ਪੂਰਾ ਨਾ ਕੀਤਾ ਜਾਵੇ ਤਾਂ ਇਹ ਬੀਮਾਰੀ ਘਾਤਕ ਸਿੱਧ ਹੋ ਸਕਦੀ ਹੈ ਅਤੇ ਮਰੀਜ਼ ਇਸ ਬੀਮਾਰੀ ਨੂੰ ਆਪਣੇ ਤੋਂ ਇਲਾਵਾ ਹੋਰਾਂ ਨੂੰ ਵੀ ਤੋਹਫ਼ੇ ਵਜੋਂ ਦੇ ਸਕਦਾ ਹੈ।

ਸਰਕਾਰ ਵੱਲੋਂ ਸਾਲ 2025 ਤੱਕ ਪੰਜਾਬ ਨੂੰ ਟੀ. ਬੀ. ਮੁਕਤ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਵਿਭਾਗ ਦੀ ਸਥਿਤੀ ਨੂੰ ਦੇਖਦਿਆਂ ਲੱਗਦਾ ਹੈ ਕਿ ਇਹ ਬੀਮਾਰੀ 20-30 ਸਾਲ ਵਿੱਚ ਵੀ ਪੰਜਾਬੀਆਂ ਦਾ ਪਿੱਛਾ ਛੱਡਣ ਵਾਲੀ ਨਹੀਂ ਹੈ। ਇਸ ਸਮੇਂ ਦਵਾਈਆਂ ਨਾ ਮਿਲਣ ਕਾਰਨ ਅੰਮ੍ਰਿਤਸਰ ਵਿੱਚ ਹਾਹਾਕਾਰ ਮਚੀ ਹੋਈ ਹੈ। ਜਾਣਕਾਰੀ ਅਨੁਸਾਰ ਇਸ ਗੰਭੀਰ ਸਮੱਸਿਆ ਨੂੰ ਦੇਖਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਨੇ ਸਾਲ 2025 ਤੱਕ ਪੰਜਾਬ ਵਿੱਚੋਂ ਟੀ. ਬੀ. ਨੂੰ ਮੁਕਤ ਕਰਨ ਦਾ ਫੈਸਲਾ ਕੀਤਾ ਹੈ। ਇਹ ਬੀਮਾਰੀ ਅਜਿਹੀ ਹੈ ਕਿ ਇਹ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਆਸਾਨੀ ਨਾਲ ਫੈਲ ਸਕਦੀ ਹੈ, ਸਮੇਂ ਸਿਰ ਇਲਾਜ ਨਾਲ ਮਰੀਜ਼ ਦੀ ਕੀਮਤੀ ਜਾਨ ਬਚ ਸਕਦੀ ਹੈ। ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਉਕਤ ਬੀਮਾਰੀ ਲਈ ਸਰਕਾਰੀ ਪੱਧਰ ’ਤੇ ਮਿਲਣ ਵਾਲੀ ਮੁਫਤ ਦਵਾਈ ਖਤਮ ਹੋ ਗਈ ਹੈ। ਲਗਾਤਾਰ ਸਪਲਾਈ ਨਾ ਹੋਣ ਕਾਰਨ ਮਰੀਜ਼ ਦਾ ਕੋਰਸ ਲੰਬਿਤ ਹੈ।

ਇਹ ਵੀ ਪੜ੍ਹੋ- ਨਸ਼ੇ ਲਈ ਬਦਨਾਮ ਪਿੰਡ ਡੀਡਾ ਸਾਸੀਆਂ 'ਚ ਨਹਿਰੀ ਵਿਭਾਗ ਦੀ ਵੱਡੀ ਕਾਰਵਾਈ, 71 ਲੋਕਾਂ ਨੂੰ ਘਰ ਖਾਲੀ ਕਰਨ ਦੇ ਨੋਟਿਸ

ਪ੍ਰਾਈਵੇਟ ਪੱਧਰ ’ਤੇ ਵੀ ਮਰੀਜ਼ ਨੂੰ ਇਸ ਦੀ ਦਵਾਈ ਨਹੀਂ ਮਿਲ ਰਹੀ, ਸਥਿਤੀ ਇਹ ਹੈ ਕਿ ਪਰਿਵਾਰ ਵਾਲੇ ਇਸ ਗੰਭੀਰ ਬੀਮਾਰੀ ਤੋਂ ਆਪਣੇ ਮਰੀਜ਼ ਦੀ ਜਾਨ ਬਚਾਉਣ ਲਈ ਕਦੇ ਇਕ ਜ਼ਿਲ੍ਹੇ ਅਤੇ ਕਦੇ ਦੂਜੇ ਜ਼ਿਲ੍ਹੇ ਵਿਚ ਸਰਕਾਰੀ ਅਦਾਰਿਆਂ ਦੇ ਗੇੜੇ ਮਾਰ ਰਹੇ ਹਨ । ਹਵਾ ਰਾਹੀਂ ਫੈਲਣ ਵਾਲੀ ਇਹ ਬੀਮਾਰੀ ਬਹੁਤ ਖ਼ਤਰਨਾਕ ਹੈ ਅਤੇ ਜੇਕਰ ਮਰੀਜ਼ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਘਾਤਕ ਸਿੱਧ ਹੁੰਦੀ ਹੈ। ਇਸ ਦੇ ਨਾਲ ਹੀ ਮਰੀਜ਼ ਦੇ ਆਸ-ਪਾਸ ਰਹਿਣ ਵਾਲੇ ਸਿਹਤਮੰਦ ਲੋਕਾਂ ਦੇ ਵੀ ਇਸ ਬੀਮਾਰੀ ਦਾ ਸ਼ਿਕਾਰ ਹੋਣ ਦੀ ਪੂਰੀ ਸੰਭਾਵਨਾ ਹੈ।ਅੰਮ੍ਰਿਤਸਰ ਸਰਕਾਰੀ ਟੀ. ਬੀ. ਹਸਪਤਾਲ ਵਿਚ ਬਾਹਰਲੇ ਜ਼ਿਲ੍ਹਿਆਂ ਤੋਂ ਮਰੀਜ਼ ਦਵਾਈਆਂ ਲੈਣ ਲਈ ਆ ਰਹੇ ਹਨ ਅਤੇ ਦਵਾਈਆਂ ਨਾ ਮਿਲਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਦੇਸ਼ ਭਰ ਵਿਚ ਦਵਾਈ ਦੀ ਘਾਟ ਹੈ, ਇਸ ਤੋਂ ਪਹਿਲਾਂ ਦਾਅਵਾ ਕੀਤਾ ਗਿਆ ਸੀ ਕਿ 15 ਜੂਨ ਤੱਕ ਸਾਰੇ ਰਾਜਾਂ ਵਿੱਚ ਦਵਾਈ ਦੀ ਸਪਲਾਈ ਨਿਯਮਤ ਹੋ ਜਾਵੇਗੀ, ਪਰ ਅਫਸੋਸ ਦੀ ਗੱਲ ਹੈ ਕਿ ਅਜੇ ਤੱਕ ਦਵਾਈ ਦੀ ਸਪਲਾਈ ਜ਼ਿਲ੍ਹੇ ਵਿਚ ਨਿਰੰਤਰ ਨਹੀਂ ਪਾਈ ਜਾ ਰਹੀ ਹੈ। ਦੂਜੇ ਪਾਸੇ ਜਦੋਂ ਇਸ ਸਬੰਧੀ ਵਿਭਾਗ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਦਵਾਈਆਂ ਦੀ ਘਾਟ ਦਾ ਮਾਮਲਾ ਦੁਹਰਾਇਆ ਜਦੋਂਕਿ ਰਾਜ ਟੀ. ਬੀ. ਅਫਸਰ ਡਾ. ਭਾਸਕਰ ਨੇ ਦੱਸਿਆ ਕਿ ਦਵਾਈਆਂ ਦੀ ਕਮੀ ਨੂੰ ਦੂਰ ਕੀਤਾ ਜਾ ਰਿਹਾ ਹੈ। ਸਰਕਾਰੀ ਸਪਲਾਈ ਦਿੱਤੀ ਜਾ ਰਹੀ ਹੈ ਜਦੋਂ ਉਨ੍ਹਾਂ ਨਾਲ ਪ੍ਰਾਈਵੇਟ ਡਾਕਟਰਾਂ ਨੂੰ ਦਵਾਈ ਸਪਲਾਈ ਕਰਨ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਉਨ੍ਹਾਂ ਨੂੰ ਵੀ ਸਪਲਾਈ ਕਰ ਦਿੱਤੀ ਜਾਵੇਗੀ। ਦੂਜੇ ਪਾਸੇ ਜਦੋਂ ਇਸ ਸਬੰਧੀ ਸਰਕਾਰੀ ਟੀ. ਬੀ. ਹਸਪਤਾਲ ਦੇ ਇੰਚਾਰਜ ਡਾ. ਨਵੀਨ ਪਾਂਧੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਦਵਾਈਆਂ ਦੀ ਘਾਟ ਸੀ ਪਰ ਹੁਣ ਮਰੀਜ਼ਾਂ ਨੂੰ ਦਵਾਈਆਂ ਦੀ ਕੋਈ ਸਮੱਸਿਆ ਨਹੀਂ ਆ ਰਹੀ। ਉਨ੍ਹਾਂ ਦੱਸਿਆ ਕਿ ਦਵਾਈਆਂ ਦੀ ਨਿਰੰਤਰ ਸਪਲਾਈ ਲਈ ਜ਼ਿਲ੍ਹਾ ਟੀ. ਬੀ. ਅਧਿਕਾਰੀ ਨਾਲ ਵੀ ਗੱਲਬਾਤ ਹੋਈ ਹੈ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਲੱਗੇ ਨਿਸ਼ਾਨ ਸਾਹਿਬ ਦੇ ਬਦਲੇ ਗਏ ਪੁਸ਼ਾਕੇ, ਦੇਖੋ ਅਲੌਕਿਕ ਤਸਵੀਰਾਂ

7000 ਮਰੀਜ਼ਾਂ ਨੂੰ ਪਿਛਲੇ 1 ਸਾਲ ਤੋਂ ਨਹੀਂ ਮਿਲੀ ਡੀ. ਬੀ. ਟੀ. ਦੀ 2 ਕਰੋੜ 10 ਲੱਖ ਰੁਪਏ ਦੀ ਰਾਸ਼ੀ

ਟੀ. ਬੀ. ਇਹ ਬੀਮਾਰੀ ਇਕ ਅਜਿਹੀ ਬੀਮਾਰੀ ਹੈ ਜੋ ਮਰੀਜ਼ ਨੂੰ ਦਿਨੋ-ਦਿਨ ਕਮਜ਼ੋਰ ਕਰਦੀ ਰਹਿੰਦੀ ਹੈ। ਸਿਹਤ ਵਿਭਾਗ ਦਾ ਮੰਨਣਾ ਹੈ ਕਿ ਜੇਕਰ ਮਰੀਜ਼ ਦਵਾਈਆਂ ਲੈਣ ਦੇ ਨਾਲ-ਨਾਲ ਪੌਸ਼ਟਿਕ ਆਹਾਰ ਨਾ ਲਵੇ ਤਾਂ ਮਰੀਜ਼ ਬਹੁਤ ਕਮਜ਼ੋਰ ਹੋ ਜਾਂਦਾ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਸਿਹਤ ਵਿਭਾਗ ਵੱਲੋਂ ਦਵਾਈ ਲੈਣ ਤੱਕ ਹਰ ਮਰੀਜ਼ ਨੂੰ ਪੌਸ਼ਟਿਕ ਭੋਜਨ ਲਈ 500 ਰੁਪਏ ਮਹੀਨਾ ਦਿੱਤਾ ਜਾਂਦਾ ਸੀ ਪਰ ਪਿਛਲੇ ਇੱਕ ਸਾਲ ਤੋਂ 7 ਹਜ਼ਾਰ ਮਰੀਜ਼ਾਂ ਨੂੰ ਕਰੀਬ 2 ਕਰੋੜ 10 ਲੱਖ ਰੁਪਏ ਦੀ ਰਾਸ਼ੀ ਜਾਰੀ ਨਹੀਂ ਕੀਤੀ ਗਈ।

ਰਾਜ ਟੀ. ਬੀ ਅਫਸਰ ਡਾ. ਭਾਸਕਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਹ ਰਾਸ਼ੀ ਦਿੱਤੀ ਗਈ ਸੀ ਪਰ ਪਿਛਲੇ ਸਮੇਂ ਤੋਂ ਇਹ ਰਾਸ਼ੀ ਨਹੀਂ ਆਈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੌਸ਼ਟਿਕ ਆਹਾਰ ਨਾ ਮਿਲਣ ਕਾਰਨ ਮਰੀਜ਼ ਕਮਜ਼ੋਰ ਹੋ ਰਹੇ ਹਨ ਅਤੇ ਕਈ ਮਰੀਜ਼ ਦਵਾਈ ਤੇਜ਼ ਹੋਣ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।

ਟੀ. ਬੀ. ਅਫਸਰ ਦਾ ਅਹੁਦਾ ਪੱਕੇ ਤੌਰ ’ਤੇ ਭਰਨ ’ਚ ਵਿਭਾਗ ਫੇਲ੍ਹ

ਸਿਹਤ ਵਿਭਾਗ ਵੀ ਉਕਤ ਬੀਮਾਰੀ ਨੂੰ ਲੈ ਕੇ ਕਾਫੀ ਗੰਭੀਰ ਹੋਣ ਦਾ ਢਿਡੋਰਾ ਪਿੱਟਦਾ ਹੈ ਪਰ ਸੱਚਾਈ ਇਹ ਹੈ ਕਿ ਵਿਭਾਗ ਕਾਗਜ਼ਾਂ ’ਤੇ ਹੀ ਗੰਭੀਰਤਾ ਦਿਖਾ ਰਿਹਾ ਹੈ। ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਪਿਛਲੇ ਦੋ ਸਾਲਾਂ ਤੋਂ ਜ਼ਿਲ੍ਹਾ ਟੀ. ਬੀ. ਅਫਸਰ ਦੀ ਅਸਾਮੀ ਖਾਲੀ ਪਈ ਹੈ। ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਇੱਕੋ ਇਕ ਟੀ. ਬੀ. ਰੋਗਾਂ ਦੇ ਮਾਹਿਰ ਡਾ. ਵਿਜੇ ਮੌਜੂਦ ਹਨ। ਉਨ੍ਹਾਂ ਨੂੰ ਪੱਕਾ ਚਾਰਜ ਦੇਣ ਦੀ ਬਜਾਏ ਕਾਰਜਕਾਰੀ ਚਾਰਜ ਦੇ ਕੇ ਵਿਭਾਗ ਦਾ ਕੰਮ ਚਲਾਇਆ ਜਾ ਰਿਹਾ ਹੈ। ਵਿਭਾਗ ਨੇ ਉਨ੍ਹਾਂ ਨੂੰ ਹਫ਼ਤੇ ਵਿੱਚ ਦੋ ਦਿਨ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਚ ਡਿਊਟੀ ’ਤੇ ਰੱਖਿਆ ਹੋਇਆ ਹੈ, ਬਾਕੀ ਦਿਨਾਂ ਵਿੱਚ ਉਹ ਟੀ. ਬੀ. ਦੇ ਮਰੀਜ਼ਾਂ ਦੀ ਜਾਂਚ ਕਰਦੇ ਹਨ। ਅਧਿਕਾਰੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪੱਕੇ ਤੌਰ ’ਤੇ ਹੁਕਮ ਜਾਰੀ ਨਹੀਂ ਦਿੱਤੇ ਜਾ ਰਹੇ ਹਨ।

ਇਹ ਵੀ ਪੜ੍ਹੋ- ਮਿਲਾਵਟਖੋਰੀ ਵੱਡੇ ਪੱਧਰ 'ਤੇ, ਪੰਜਾਬ 'ਚ ਤਿੰਨ ਸਾਲਾਂ 'ਚ ਦੁੱਧ ਦੇ 18 ਫ਼ੀਸਦੀ ਸੈਂਪਲ ਹੋਏ ਫੇਲ੍ਹ

ਭਾਰਤੀ ਮੈਡੀਕਲ ਸੰਸਥਾ ਦੇ ਟੀ. ਬੀ. ਕੰਟਰੋਲ ਵਿੰਗ ਦੇ ਨੋਡਲ ਅਫ਼ਸਰ ਡਾ. ਨਰੇਸ਼ ਚਾਵਲਾ ਨੇ ਦੱਸਿਆ ਕਿ ਇਹ ਬੀਮਾਰੀ ਅਜਿਹੀ ਹੈ ਕਿ ਮਰੀਜ਼ ਨੂੰ ਕਰੀਬ 6 ਤੋਂ 9 ਮਹੀਨੇ ਦਾ ਕੋਰਸ ਕਰਨਾ ਪੈਂਦਾ ਹੈ। ਜੇਕਰ ਮਰੀਜ਼ ਕੋਰਸ ਨੂੰ ਅਧੂਰਾ ਛੱਡ ਦਿੰਦਾ ਹੈ, ਤਾਂ ਬੀਮਾਰੀ ਗੰਭੀਰ ਰੂਪ ਲੈ ਲੈਂਦੀ ਹੈ। ਸਰਕਾਰੀ ਅਦਾਰਿਆਂ ਵਿੱਚ ਦਵਾਈਆਂ ਉਪੱਲਬਧ ਨਹੀਂ ਹਨ ਅਤੇ ਪ੍ਰਾਈਵੇਟ ਡਾਕਟਰ ਵੀ ਦਵਾਈਆਂ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ, ਸੰਸਥਾ ਵੱਲੋਂ ਇਹ ਮਾਮਲਾ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ ਪਰ ਅਫਸੋਸ ਦੀ ਗੱਲ ਹੈ ਕਿ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ।

ਦਵਾਈਆਂ ਨਾ ਮਿਲਣ ਕਾਰਨ ਹੋਣ ਵਾਲੇ ਵੱਡੇ ਮਾਮਲਿਆਂ ਲਈ ਆਖਿਰ ਕੌਣ ਹੈ ਜ਼ਿੰਮੇਵਾਰ ?

ਇੰਡੀਅਨ ਮੈਡੀਕਲ ਆਰਗੇਨਾਈਜੇਸ਼ਨ ਦੇ ਮੈਂਬਰ ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਦਵਾਈਆਂ ਨਾ ਮਿਲਣ ਕਾਰਨ ਹਾਲਤ ਵਿਗੜ ਗਈ ਹੈ। ਮਰੀਜ਼ ਦਵਾਈਆਂ ਲੈਣ ਲਈ ਦਰ-ਦਰ ਭਟਕ ਰਹੇ ਹਨ। ਜੇਕਰ ਪੰਜਾਬ ਵਿਚ ਦਵਾਈਆਂ ਦਾ ਸੰਕਟ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ਵਿਚ ਉਕਤ ਬੀਮਾਰੀ ਦੇ ਮਾਮਲੇ ਤੇਜ਼ੀ ਨਾਲ ਵਧ ਸਕਦੇ ਹਨ। ਜੇਕਰ ਪੰਜਾਬ ਦੇ ਹਾਲਾਤ ਇਸ ਬੀਮਾਰੀ ਨਾਲ ਵਿਗੜਦੇ ਹਨ ਤਾਂ ਇਸ ਦਾ ਜਿੰਮੇਵਾਰ ਕੌਣ ਹੋਵੇਗਾ। ਸਿਹਤ ਵਿਭਾਗ ਨੂੰ ਤੁਰੰਤ ਦਵਾਈਆਂ ਦੀ ਸਪਲਾਈ ਪੂਰੀ ਕਰਨੀ ਚਾਹੀਦੀ ਹੈ ਤਾਂ ਜੋ ਮਰੀਜ਼ਾਂ ਦੇ ਕੋਰਸ ਅਧੂਰੇ ਨਾ ਰਹਿ ਸਕਣ। ਇਹ ਬੀਮਾਰੀ ਸਰਦੀਆਂ ਵਿੱਚ ਹੋਰ ਵੀ ਘਾਤਕ ਰੂਪ ਧਾਰਨ ਕਰ ਸਕਦੀ ਹੈ। ਪੰਜਾਬ ਸਰਕਾਰ ਨੂੰ ਇਸ ਗੰਭੀਰ ਮੁੱਦੇ ਲਈ ਜਲਦੀ ਹੀ ਕੋਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ ਅਤੇ ਮਰੀਜ਼ਾਂ ਦੀ ਸਹੂਲਤ ਲਈ ਮੁਫ਼ਤ ਦਵਾਈਆਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ-  ਪਸ਼ੂਆਂ ਲਈ ਪੱਖਾ ਲਗਾ ਰਹੇ ਨੌਜਵਾਨ ਨੂੰ ਲਗਾ ਕਰੰਟ, ਹੋਈ ਮੌਤ

ਜ਼ਿਲ੍ਹੇ ’ਚ 4300 ਮਰੀਜ਼ ਲੈ ਰਹੇ ਹਨ ਦਵਾਈ

ਜ਼ਿਲ੍ਹੇ ਵਿਚ ਟੀ. ਬੀ. ਦੀ ਬੀਮਾਰੀ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 4300 ਦੇ ਕਰੀਬ ਹੈ, ਜਿਨ੍ਹਾਂ ਵਿੱਚੋਂ 2700 ਦੇ ਕਰੀਬ ਮਰੀਜ਼ ਸਰਕਾਰੀ ਅਦਾਰਿਆਂ ਤੋਂ ਦਵਾਈ ਲੈ ਰਹੇ ਹਨ, ਜਦਕਿ 1600 ਦੇ ਕਰੀਬ ਮਰੀਜ਼ ਪ੍ਰਾਈਵੇਟ ਡਾਕਟਰਾਂ ਤੋਂ ਦਵਾਈ ਲੈ ਰਹੇ ਹਨ। ਪਿਛਲੇ ਇਕ ਸਾਲ ਵਿਚ ਉਕਤ ਬੀਮਾਰੀ ਕਾਰਨ 32 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਇਹ ਇੱਕ ਗੰਭੀਰ ਬੀਮਾਰੀ ਹੈ ਜੋ ਘੱਟ ਪ੍ਰਤੀਰੋਧਕ ਸ਼ਕਤੀ ਵਾਲੇ ਲੋਕਾਂ ਨੂੰ ਜਲਦੀ ਆਪਣੀ ਲਪੇਟ ਵਿਚ ਲੈ ਲੈਂਦੀ ਹੈ। ਜੇਕਰ ਕਿਸੇ ਪਰਿਵਾਰ ਵਿਚ ਕੋਈ ਮਰੀਜ਼ ਹੈ, ਜੇਕਰ ਉਸ ਨੂੰ ਸਮੇਂ ਸਿਰ ਇਸ ਬੀਮਾਰੀ ਦਾ ਇਲਾਜ ਨਾ ਮਿਲੇ ਤਾਂ ਉਹ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਇਸ ਬੀਮਾਰੀ ਦਾ ਤੋਹਫ਼ਾ ਦੇ ਦਿੰਦਾ ਹੈ, ਜਿਸ ਤੋਂ ਬਾਅਦ ਸਥਿਤੀ ਗੰਭੀਰ ਹੋ ਜਾਂਦੀ ਹੈ, ਸਮੇਂ ਸਿਰ ਇਲਾਜ ਕਰਵਾਉਣ ਨਾਲ ਮਰੀਜ਼ ਦੀ ਕੀਮਤੀ ਜਾਨ ਬਚ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News