ਅੰਮ੍ਰਿਤਸਰ 'ਚ ਮੁੜ ਉੱਡਣ ਲੱਗੀ ਖੂਨੀ ਡੋਰ !

Sunday, Nov 23, 2025 - 10:51 AM (IST)

ਅੰਮ੍ਰਿਤਸਰ 'ਚ ਮੁੜ ਉੱਡਣ ਲੱਗੀ ਖੂਨੀ ਡੋਰ !

ਅੰਮ੍ਰਿਤਸਰ(ਨੀਰਜ)- ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਲਾਈ ਪਾਬੰਦੀ ਦੇ ਬਾਵਜੂਦ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਖੂਨੀ ਡੋਰ ਇਕ ਵਾਰ ਫਿਰ ਹਵਾ ’ਚ ਉੱਡਣੀ ਸ਼ੁਰੂ ਹੋ ਗਈ ਹੈ, ਜਿਸ ਦੀ ਲਪੇਟ ’ਚ ਦੋਪਹੀਆ ਵਾਹਨ ਚਾਲਕ ਜ਼ਖਮੀ ਹੋ ਰਹੇ ਹਨ ਅਤੇ ਜਾਨਵਰ ਅਤੇ ਪੰਛੀ ਵੀ ਇਸਦੀ ਲਪੇਟ ’ਚ ਆ ਕੇ ਮਰ ਰਹੇ। ਉਥੇ ਹੀ ਪੁਲਸ ਖੂਨੀ ਡੋਰ ਵੇਚਣ ਵਾਲਿਆਂ ਦੇ ਪਿੱਛੇ ਅਤੇ ਅੱਗੇ ਦੇ ਲਿੰਕ ਨਹੀਂ ਖੰਗਾਲ ਰਹੀ ਹੈ। ਆਲਮ ਇਹ ਹੈ ਕਿ ਅਮਨ ਸੂਦ ਜਿਸ ਨੂੰ 45 ਚਾਈਨਾ ਡੋਰ ਗੱਟੂਆਂ ਨਾਲ ਰੰਗੇ ਹੱਥੀਂ ਫੜਿਆ ਗਿਆ ਸੀ, ਨੂੰ ਥਾਣਾ ਵਿਚ ਹੀ ਜ਼ਮਾਨਤ ਮਿਲ ਗਈ ਅਤੇ ਪੁਲਸ ਨੇ ਉਸ ਦੇ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਕੋਈ ਦਿਲਚਸਪੀ ਨਹੀਂ ਦਿਖਾਈ, ਜਦਕਿ ਉਸ ਦੇ ਹੋਰ ਸਾਥੀ ਵੀ ਚਾਈਨਾ ਡੋਰ ਵੇਚ ਰਹੇ ਹਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਜਨਤਾ ਦੇ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਅਜਿਹੇ ਲੋਕਾਂ ਖਿਲਾਫ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਗੇਟ ਹਕੀਮਾ ਦੇ ਰਹਿਣ ਵਾਲੇ ਇਕ ਵੱਡੇ ਚਾਈਨਾ ਡੋਰ ਵਿਕ੍ਰੇਤਾ ਦੀ ਹੁਣ ਮੌਤ ਹੋ ਗਈ ਹੈ। ਸੂਤਰਾਂ ਨੇ ਦੱਸਿਆ ਕਿ ਉਸ ਦਾ ਕੰਮ ਹੁਣ ਇਕ ਹੋਰ ਵਿਅਕਤੀ ਸੰਭਾਲ ਚੁੱਕਾ ਹੈ, ਜਿਸ ਦੇ ਨਾਲ ਚਾਰ ਤੋਂ ਪੰਜ ਹੋਰ ਸਾਥੀ ਵੀ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼

1020 ਗੱਟੂਆਂ ਨਾਲ ਗ੍ਰਿਫਤਾਰ ਕੀਤੇ ਗਏ ਬੰਟੀ ’ਤੇ ਵੱਡੀ ਕਾਰਵਾਈ ਨਹੀਂ

ਦਵਿੰਦਰ ਸਿੰਘ ਬੰਟੀ ਨੂੰ ਕੰਟੋਨਮੈਂਟ ਦੀ ਪੁਲਸ ਨੇ 25 ਦਸੰਬਰ 2024 ਨੂੰ 1020 ਗੱਟੂਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਬੰਟੀ ਖਿਲਾਫ ਪਹਿਲਾਂ 100 ਚਾਈਨਾ ਡੋਰ ਗੱਟੂਆਂ ਦਾ ਕੇਸ ਦਰਜ ਕੀਤਾ ਗਿਆ ਸੀ। ਬੰਟੀ ਦੋ-ਚਾਰ ਨਹੀਂ, ਸਗੋਂ ਇਕ ਕੈਂਟਰ ਵਿਚ ਭਰ ਕੇ ਚਾਈਨਾ ਡੋਰ ਦੀ ਡਲਿਵਰੀ ਲੈਣ ਆਇਆ ਸੀ ਪਰ ਇਸ ਤਰ੍ਹਾਂ ਦੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਜਦਕਿ ਬੁੱਧੀਜੀਵੀ, ਸਮਾਜਿਕ ਅਤੇ ਧਾਰਮਿਕ ਸੰਗਠਨ ਲਗਾਤਾਰ ਮੰਗ ਕਰ ਰਹੇ ਹਨ ਕਿ ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲਿਆਂ ਖਿਲਾਫ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੇਸ ਦਰਜ ਕੀਤੇ ਜਾਣ ਕਿਉਂਕਿ ਜਦੋਂ ਚਾਈਨਾ ਡੋਰ ਕਿਸੇ ਦੇ ਗਲੇ ’ਚ ਫਿਰਦੀ ਹੈ ਤਾਂ ਬਚਣਾ ਅਸੰਭਵ ਹੁੰਦਾ ਹੈ।

ਇਹ ਵੀ ਪੜ੍ਹੋ-ਗੁਰਦਾਸਪੁਰ ਵਾਸੀਆਂ ਲਈ ਖ਼ੁਸ਼ਖ਼ਬਰੀ, ਕਈ ਵੱਡੇ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ, ਜਲਦ ਸ਼ੁਰੂ ਹੋਣਗੇ ਕੰਮ

ਜਿਮ ਟ੍ਰੇਨਰ ਰਾਜਨ ਸਮੇਤ ਪਿਛਲੇ ਸਾਲ ਪੰਜ ਲੋਕਾਂ ਦੀ ਹੋਈ ਮੌਤ

ਚਾਈਨਾ ਡੋਰ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਜਿਮ ਟ੍ਰੇਨਰ ਰਾਜਨ ਦੀ ਚਾਈਨਾ ਡੋਰ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਨਾਲ ਮੌਤ ਹੋਈ ਸੀ ਕਿਉਂਕਿ ਚਾਈਨਾ ਡੋਰ ਉਸ ਦੇ ਗਲੇ ’ਚ ਉਸ ਸਮੇਂ ਫਿਰ ਗਈ, ਜਦੋਂ ਉਹ ਆਪਣੇ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਟਾਲਾ ਰੋਡ ਵਾਲਾ ਪੁਲ ਪਾਰ ਕਰ ਰਿਹਾ ਸੀ। ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਵਾਲੇ ਰਾਜਨ ਦੀ ਮੌਤ ਕਾਰਨ ਖੇਡ ਪ੍ਰੇਮੀਆਂ ਨੂੰ ਵੱਡਾ ਨੁਕਸਾਨ ਹੋਇਆ। ਸਾਲ 2024 ਵਿਚ ਹੀ ਤਿੰਨ ਭੈਣਾ ਦਾ ਇਕਲੌਤਾ ਭਰਾ ਚਾਈਨਾ ਡੋਰ ਦੀ ਲਪੇਟ ਵਿਚ ਆ ਕੇ ਮਾਰਿਆ ਗਿਆ, ਜਦੋਂ ਉਹ ਅਜਨਾਲਾ ਰੋਡ ’ਤ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਪਰ ਉਸ ਦੇ ਗਲੇ ਵਿਚ ਚਾਈਨਾ ਡੋਰ ਫਿਰ ਗਈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਮਸ਼ਹੂਰ ਵਕੀਲ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ਼, ਲੁੱਟ ਕੇ ਲੈ ਗਏ ਲੱਖਾਂ ਰੁਪਏ ਤੇ ਸੋਨਾ-ਚਾਂਦੀ

ਸਪਲਾਇਰ ਨੂੰ ਗ੍ਰਿਫਤਾਰ ਕਰ ਕੇ ਟੁੱਟ ਸਕਦੈ ਨੈੱਟਵਰਕ

ਚਾਈਨਾ ਡੋਰ ਨਾਲ ਗ੍ਰਿਫਤਾਰ ਕੀਤਾ ਗਏ ਅਮਨ ਨੂੰ ਇਹ ਵੀ ਪਤਾ ਹੈ ਕਿ ਉਸ ਨੇ ਇਹ ਖੂਨੀ ਡੋਰ ਕਿੱਥੋਂ ਮੰਗਵਾਈ ਹੈ ਅਤੇ ਕਿਹੜੇ ਸੂਬੇ ਤੇ ਜ਼ਿਲੇ ’ਚ ਚਾਈਨਾ ਡੋਰ ਬਣਾਈ ਜਾ ਰਹੀ ਹੈ। ਇਸ ਮਾਮਲੇ ’ਚ ਪੁਲਸ ਕਮਿਸ਼ਨਰ ਨੂੰ ਈਮਾਨਦਾਰ ਅਧਿਕਾਰੀਆਂ ਦੀ ਇਕ ਟੀਮ ਬਣਾ ਕੇ ਚਾਈਨਾ ਡੋਰ ਦੇ ਮੁੱਖ ਸਪਲਾਇਰ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਿਹਾ ਹੈ ਅਤੇ ਲੋਕਾਂ ਦੇ ਗਲੇ ਕੱਟਣ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ, ਵਿਭਾਗ ਨੇ ਅਗਲੇ ਹਫ਼ਤੇ ਦੀ ਦੱਸੀ ਭਵਿੱਖਬਾਣੀ

1200 ਗੱਟੂਆਂ ’ਚ ਵੀ ਕਾਰਵਾਈ ਠੰਢੇ ਬਸਤੇ ਵਿਚ

ਪੀ. ਸੀ. ਬੀ. ਅਤੇ ਪੁਲਸ ਦੀ ਟੀਮ ਵੱਲੋਂ ਪਿਛਲੇ ਸਾਲ ਘਿਓ ਮੰਡੀ ਚੌਕ ਸਥਿਤ ਇਕ ਟਰਾਂਸਪੋਰਟ ਕੰਪਨੀ ਦੇ ਗੋਦਾਮ ’ਚੋਂ 1200 ਗੱਟੂਆਂ ਦੀ ਖੇਪ ਫੜੀ ਗਈ ਸੀ ਜੋ ਹਰਿਆਣਾ ਤੋਂ ਭੇਜੀ ਗਈ ਸੀ ਪਰ ਇਸ ਮਾਮਲੇ ਵਿਚ ਵੀ ਮੁੱਖ ਸਪਲਾਇਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ, ਜਦਕਿ ਇਕ ਵਿਅਕਤੀ ਜਿਸ ਨੇ ਇਹ ਡੋਰ ਅੰਮ੍ਰਿਤਸਰ, ਤਰਨਤਾਰਨ ਅਤੇ ਹੋਰ ਜ਼ਿਲਿਆਂ ’ਚ ਵੇਚਣੀ ਸੀ, ਉਸ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ।

ਡਰੋਨ ਦੀ ਵਰਤੋਂ ਨਾਲ ਫੜੇ ਜਾ ਸਕਦੇ ਹਨ ਖੂਨੀ ਡੋਰ ਨਾਲ ਪਤੰਗ ਉਡਾਉਣ ਵਾਲੇ

ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਸੁਰੱਖਿਆ ਏਜੰਸੀਆਂ ਲਈ ਇਕ ਵੱਡੀ ਚੁਣੌਤੀ ਬਣ ਚੁੱਕੇ ਡਰੋਨ, ਜੇਕਰ ਛੱਤਾਂ ਤੋਂ ਖੂਨੀ ਡੋਰਾਂ ਨਾਲ ਉਡਾਉਣ ਵਾਲੇ ਪਤੰਗਾਂ ਨੂੰ ਫੜਨ ਲਈ ਵਰਤੇ ਜਾਂਦੇ ਹਨ ਤਾਂ ਉਨ੍ਹਾਂ ਦੀ ਵਰਤੋਂ ਚੰਗੇ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ। ਉਹ ਚੀਨੀ ਡੋਰ ਵੇਚਣ ਵਾਲਿਆਂ ਦੀ ਵੀ ਆਸਾਨੀ ਨਾਲ ਪਛਾਣ ਕਰ ਸਕਦੇ ਹਨ।


author

Shivani Bassan

Content Editor

Related News