ਪੰਜਾਬ 'ਚ ਵੱਡੇ ਭੂਚਾਲ ਦਾ ਖ਼ਤਰਾ! ਕੰਬ ਜਾਣਗੇ ਚੰਡੀਗੜ੍ਹ, ਅੰਮ੍ਰਿਤਸਰ, ਜਲੰਧਰ ਸਣੇ ਇਹ ਇਲਾਕੇ
Tuesday, Dec 02, 2025 - 12:28 PM (IST)
ਚੰਡੀਗੜ੍ਹ : ਦੇਸ਼ ਭਰ ਵਿੱਚ ਭੂਚਾਲ ਦੇ ਖਤਰੇ ਦੀ ਨਵੀਂ ਰੂਪ-ਰੇਖਾ ਤਿਆਰ ਕਰਦਿਆਂ, ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਨੇ 28 ਨਵੰਬਰ 2025 ਨੂੰ ਭਾਰਤ ਦਾ ਨਵਾਂ ਸੀਸਮਿਕ ਜੋਖਮ ਨਕਸ਼ਾ ਜਾਰੀ ਕੀਤਾ ਹੈ, ਜਿਸ ਨੇ ਪੰਜਾਬ ਅਤੇ ਗੁਆਂਢੀ ਖੇਤਰਾਂ ਲਈ ਗੰਭੀਰ ਚੇਤਾਵਨੀ ਦਿੱਤੀ ਹੈ। ਨਵੇਂ ਨਕਸ਼ੇ ਵਿੱਚ ਪੁਰਾਣੇ ਚਾਰ ਜ਼ੋਨਾਂ (II, III, IV, V) ਨੂੰ ਬਦਲ ਕੇ ਹੁਣ ਪੰਜ ਜ਼ੋਨ (II, III, IV, V ਅਤੇ VI) ਬਣਾਏ ਗਏ ਹਨ। ਇਸ ਬਦਲਾਅ ਦਾ ਸਿੱਧਾ ਅਸਰ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ 'ਤੇ ਪਿਆ ਹੈ, ਜੋ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਉੱਚ ਖਤਰੇ ਵਾਲੇ ਖੇਤਰਾਂ ਵਿੱਚ ਸ਼ਾਮਲ ਹੋ ਗਏ ਹਨ।
'ਅਲਟਰਾ-ਹਾਈ ਰਿਸਕ' ਜ਼ੋਨ VI 'ਚ ਪੰਜਾਬ ਦੀ ਰਾਜਧਾਨੀ
BIS ਦੇ ਨਵੇਂ ਕੋਡ ਤਹਿਤ, ਹਿਮਾਲਿਆ ਖੇਤਰ ਨੂੰ ਸਭ ਤੋਂ ਖਤਰਨਾਕ 'ਜ਼ੋਨ VI'(Ultra-High Risk) ਵਿੱਚ ਪਾ ਦਿੱਤਾ ਗਿਆ ਹੈ, ਜਿਸ ਵਿੱਚ ਪੰਜਾਬ ਦੀ ਰਾਜਧਾਨੀ ਅਤੇ ਇਸਦੇ ਨਾਲ ਲੱਗਦੇ ਸ਼ਹਿਰ ਵੀ ਸ਼ਾਮਲ ਹਨ।
- ਚੰਡੀਗੜ੍ਹ ਅਤੇ ਪੰਚਕੂਲਾ ਹੁਣ ਦੇਸ਼ ਦੇ ਸਭ ਤੋਂ ਉੱਚੇ ਖਤਰੇ ਵਾਲੇ ਜ਼ੋਨ VI ਵਿੱਚ ਸ਼ਾਮਲ ਹੋ ਗਏ ਹਨ।
- ਜ਼ੋਨ VI ਨੂੰ ਹਿਮਾਲਿਆ ਲਈ ਵਿਸ਼ੇਸ਼ ਤੌਰ 'ਤੇ ਬਣਾਇਆ ਗਿਆ ਹੈ ਕਿਉਂਕਿ ਇੱਥੇ ਭਾਰਤੀ ਅਤੇ ਯੂਰੇਸ਼ੀਅਨ ਪਲੇਟਾਂ ਦੇ ਟਕਰਾਅ ਕਾਰਨ ਵੱਡਾ ਤਣਾਅ (200 ਸਾਲਾਂ ਤੋਂ ਊਰਜਾ ਜਮ੍ਹਾਂ) ਹੋ ਰਿਹਾ ਹੈ, ਜਿਸ ਕਾਰਨ 8 ਜਾਂ ਉਸ ਤੋਂ ਵੱਧ ਤੀਬਰਤਾ ਦੇ ਭੂਚਾਲ ਦਾ ਖਤਰਾ ਬਣਿਆ ਹੋਇਆ ਹੈ।
ਅੰਮ੍ਰਿਤਸਰ-ਜਲੰਧਰ 'ਜ਼ੋਨ V' 'ਚ ਸ਼ਾਮਲ
ਪੰਜਾਬ ਦੇ ਦੋ ਵੱਡੇ ਸ਼ਹਿਰ, ਜੋ ਮਾਝੇ ਅਤੇ ਦੁਆਬੇ ਦਾ ਕੇਂਦਰ ਹਨ, ਨੂੰ ਹੁਣ ਜ਼ੋਨ V (ਬਹੁਤ ਉੱਚ ਖਤਰਾ) ਵਿੱਚ ਸ਼ਾਮਲ ਕੀਤਾ ਗਿਆ ਹੈ।
- ਅੰਮ੍ਰਿਤਸਰ ਅਤੇ ਜਲੰਧਰ ਹੁਣ ਬਹੁਤ ਉੱਚ ਖਤਰੇ ਵਾਲੇ ਇਲਾਕਿਆਂ ਵਿੱਚ ਗਿਣੇ ਜਾਣਗੇ, ਜਿਨ੍ਹਾਂ ਦਾ ਖਤਰਾ ਗੁਜਰਾਤ ਦੇ ਕੱਛ ਜਾਂ ਉੱਤਰ-ਪੂਰਬੀ ਸੂਬਿਆਂ ਜਿੰਨਾ ਮੰਨਿਆ ਗਿਆ ਹੈ।
- ਜ਼ੋਨ V ਵਿੱਚ ਆਉਣ ਵਾਲੇ ਹੋਰ ਨੇੜਲੇ ਸ਼ਹਿਰਾਂ ਵਿੱਚ ਅੰਬਾਲਾ, ਕਰਨਾਲ ਅਤੇ ਸਹਾਰਨਪੁਰ ਵੀ ਸ਼ਾਮਲ ਹਨ।
ਨਵੇਂ ਨਿਯਮ: ਨਿਰਮਾਣ ਵਿੱਚ ਦੁੱਗਣਾ ਸਟੀਲ ਲਾਜ਼ਮੀ
ਪੰਜਾਬ ਦੇ ਇਨ੍ਹਾਂ ਹਾਈ-ਰਿਸਕ ਜ਼ੋਨਾਂ ਵਿੱਚ ਨਵੇਂ ਨਿਯਮ ਲਾਗੂ ਹੋਣ ਕਾਰਨ ਹੁਣ ਉਸਾਰੀ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਬਦਲ ਜਾਵੇਗੀ।
- BIS ਨੇ ਹੁਕਮ ਦਿੱਤਾ ਹੈ ਕਿ ਜ਼ੋਨ VI ਵਿੱਚ ਸਾਰੀਆਂ ਨਵੀਆਂ ਇਮਾਰਤਾਂ, ਪੁਲ ਅਤੇ ਹੋਰ ਬੁਨਿਆਦੀ ਢਾਂਚਾ ਸਖ਼ਤ ਮਾਪਦੰਡਾਂ ਅਧੀਨ ਡਿਜ਼ਾਈਨ ਕੀਤਾ ਜਾਵੇ।
- ਜ਼ੋਨ VI ਵਿੱਚ ਬਣਨ ਵਾਲੀਆਂ ਇਮਾਰਤਾਂ ਦੀ ਨੀਂਹ 50% ਮਜ਼ਬੂਤ ਕਰਨੀ ਪਵੇਗੀ।
- ਇਸ ਖੇਤਰ ਵਿੱਚ ਇਮਾਰਤਾਂ ਦੀ ਮਜ਼ਬੂਤੀ ਲਈ ਸਟੀਲ ਦੀ ਮਾਤਰਾ ਦੁੱਗਣੀ ਹੋ ਸਕਦੀ ਹੈ।
- ਮਾਹਰਾਂ ਦਾ ਕਹਿਣਾ ਹੈ ਕਿ ਭਾਵੇਂ ਨਿਰਮਾਣ ਦੀ ਲਾਗਤ 10-20% ਵਧੇਗੀ, ਪਰ ਇਸ ਨਾਲ ਭੂਚਾਲ ਕਾਰਨ ਹੋਣ ਵਾਲੇ ਨੁਕਸਾਨ ਨੂੰ 80-90% ਤੱਕ ਘਟਾਇਆ ਜਾ ਸਕੇਗਾ।
ਇਹ ਨਵਾਂ ਨਕਸ਼ਾ 10 ਸਾਲਾਂ ਦੀ ਖੋਜ, GPS ਡਾਟਾ, ਅਤੇ ਪ੍ਰੋਬੇਬਿਲਿਸਟਿਕ ਸੀਸਮਿਕ ਹੈਜ਼ਰਡ ਅਸੈਸਮੈਂਟ (PSHA) ਵਰਗੇ ਆਧੁਨਿਕ ਵਿਗਿਆਨਕ ਤਰੀਕਿਆਂ 'ਤੇ ਆਧਾਰਿਤ ਹੈ। ਇਸ ਦਾ ਮੁੱਖ ਮਕਸਦ ਲੋਕਾਂ ਨੂੰ ਸੁਰੱਖਿਅਤ ਕਰਨਾ ਹੈ ਕਿਉਂਕਿ ਦੇਸ਼ ਦੀ 75% ਆਬਾਦੀ ਹੁਣ ਸਰਗਰਮ ਭੂਚਾਲ ਖੇਤਰਾਂ ਵਿੱਚ ਰਹਿ ਰਹੀ ਹੈ।
