ਪੰਜਾਬ 'ਚ ਵੱਡਾ ਹਾਦਸਾ! ਬੱਸ ਤੇ ਟਿੱਪਰ ਦੀ ਟੱਕਰ 'ਚ 10 ਲੋਕਾਂ ਦੀ ਮੌਤ ਤੇ 30 ਤੋਂ ਵੱਧ ਜ਼ਖਮੀ

Wednesday, Dec 03, 2025 - 09:46 PM (IST)

ਪੰਜਾਬ 'ਚ ਵੱਡਾ ਹਾਦਸਾ! ਬੱਸ ਤੇ ਟਿੱਪਰ ਦੀ ਟੱਕਰ 'ਚ 10 ਲੋਕਾਂ ਦੀ ਮੌਤ ਤੇ 30 ਤੋਂ ਵੱਧ ਜ਼ਖਮੀ

ਚੁਵਿੰਡਾ ਦੇਵੀ ਜੈਂਤੀਪੁਰ (ਬਲਜੀਤ/ਪ੍ਰਿਥੀਪਾਲ ਹਰੀਆਂ) : ਅੰਮ੍ਰਿਤਸਰ ਪਠਾਨਕੋਟ ਮੁੱਖ ਮਾਰਗ 'ਤੇ ਗੋਪਾਲਪੁਰਾ ਨਜ਼ਦੀਕ ਇੱਕ ਬੱਸ ਅਤੇ ਡਿਪਰ ਟਰੱਕ ਦੀ ਆਪਸੀ ਟੱਕਰ ਦੌਰਾਨ 10 ਸਵਾਰੀਆਂ ਦੀ ਮੌਕੇ 'ਤੇ ਮੌਤ ਹੋਣ ਤੇ 30 ਸਵਾਰੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। 

ਜਾਣਕਾਰੀ ਅਨੁਸਾਰ ਗੋਪਾਲਪੁਰਾ ਨਜ਼ਦੀਕ ਅੰਮ੍ਰਿਤਸਰ ਪਠਾਨਕੋਟ ਮੁੱਖ ਮਾਰਗ 'ਤੇ ਇੱਕ ਪ੍ਰਾਈਵੇਟ ਬੱਸ ਤੇ ਮਿਕਸਰ ਵਾਲੇ ਟਿੱਪਰ ਟਰੱਕ ਦੀ ਆਪਸੀ ਜ਼ਬਰਦਸਤ ਟੱਕਰ ਹੋਣ ਕਾਰਨ 10 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਬੱਸ ਡਰਾਈਵਰ ਤੇ ਇੱਕ 15 ਸਾਲਾ ਬੱਚਾ ਵੀ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ ਅਜੇ ਪੂਰੀ ਤਰ੍ਹਾਂ ਨਹੀਂ ਹੋ ਸਕੀ ਹੈ।

ਹਾਦਸੇ ਦਾ ਕਾਰਨ
ਪ੍ਰਤੱਖ ਦਰਸ਼ੀਆਂ ਮੁਤਾਬ ਟਿੱਪਰ (ਨੰਬਰ PB-02-BV-9092) ਆਪਣੇ ਡੰਪ ਵੱਲ ਮੁੜਨ ਲਈ ਬਿਨਾਂ ਸੰਕੇਤ ਦਿੱਤੇ ਅਤੇ ਬਿਨਾਂ ਆਉਂਦੀ-ਜਾਂਦੀ ਟ੍ਰੈਫਿਕ ਵੇਖੇ ਸੜਕ ਪਾਰ ਕਰਨ ਲੱਗ ਪਿਆ। ਇਸੇ ਦੌਰਾਨ ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਆ ਰਹੀ ਬੀਟੀਸੀ ਕੰਪਨੀ ਦੀ ਪ੍ਰਾਈਵੇਟ ਬੱਸ (ਨੰਬਰ PB-02-CC-6780) ਤੇਜ਼ ਰਫ਼ਤਾਰ ਨਾਲ ਆਉਂਦੀ ਹੋਈ ਟਿੱਪਰ ਨਾਲ ਸਿੱਧੀ ਟਕਰਾ ਗਈ। ਟਰੱਕ ਤੇ ਬੱਸ ਦੀ ਇਹ ਟੱਕਰ ਇਨੀ ਭਿਆਨਕ ਸੀ ਕਿ ਬੱਸ ਦੀਆਂ ਅੰਦਰਲੀਆਂ  ਸਾਰੀਆਂ ਸੀਟਾਂ ਵੀ ਉਖੜ ਗਈਆਂ ਤੇ ਬੱਸ ਦਾ ਅਗਲਾ ਹਿੱਸਾ ਵੀ ਸਾਰਾ ਟੁੱਟ ਗਿਆ।

ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁਲਸ ਤੇ ਐਂਬੂਲੈਂਸਾਂ ਪਹੁੰਚ ਗਈਆਂ ਤੇ ਪੁਲਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਭੇਜਿਆ ਗਿਆ। ਪੁਲਸ ਵੱਲੋਂ ਦੋਵੇਂ ਵਾਹਨ ਵੀ ਜ਼ਬਤ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ।


author

Baljit Singh

Content Editor

Related News