ਔਰਤ ਕੋਲੋਂ 2 ਲੱਖ ਤੇ 4 ਮੋਬਾਇਲ ਖੋਹਣ ਵਾਲੇ 2 ਕਾਬੂ

Sunday, Nov 25, 2018 - 12:30 AM (IST)

ਗੁਰਦਾਸਪੁਰ,  (ਹਰਮਨਪ੍ਰੀਤ)-  ਥਾਣਾ ਸਿਟੀ ਗੁਰਦਾਸਪੁਰ ਦੇ ਇੰਚਾਰਜ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ 19 ਅਪ੍ਰੈਲ ਨੂੰ  ਗੁਰਦਾਸਪੁਰ ਸ਼ਹਿਰ ਦੀ ਸੰਦੀਪ ਕੌਰ ਪਤਨੀ ਸੰਜੀਵ ਕੁਮਾਰ ਵਾਸੀ ਕਬੂਤਰੀ ਗੇਟ ਇਕ ਹੋਰ ਲਡ਼ਕੀ ਨਾਲ ਰਿਕਸ਼ੇ ’ਤੇ ਸਵਾਰ ਹੋ ਕੇ ਕਾਹਨੂੰਵਾਨ ਰੋਡ ’ਤੇ ਜਾ ਰਹੀ ਸੀ। ਇਸ ਦੌਰਾਨ ਪਿੱਛੋਂ ਆਏ ਦੋ ਮੋਟਰਸਾਇਕਲ ਸਵਾਰਾਂ ਨੇ ਝਪਟ ਮਾਰ ਕੇ ਸੰਦੀਪ ਕੌਰ ਦੇ ਹੱਥੋਂ ਪਰਸ ਖੋਹ ਲਿਆ ਸੀ। ਉਨ੍ਹਾਂ ਦੱਸਿਆ ਕਿ ਸੰਦੀਪ ਕੌਰ ਵੱਲੋਂ ਦਿੱਤੇ ਗਏ ਬਿਆਨਾਂ ਅਨੁਸਾਰ ਪਰਸ ਵਿਚ ਕਰੀਬ 2 ਲੱਖ ਰੁਪਏ ਅਤੇ ਚਾਰ ਮੋਬਾਇਲ ਸਨ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਕਿ ਬੀਤੇ ਕੱਲ੍ਹ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਏ. ਐੱਸ. ਆਈ. ਜਗਜੀਤ ਸਿੰਘ, ਮੰਗਲ ਸਿੰਘ ਅਤੇ ਹੋਰ ਕਰਮਚਾਰੀਆਂ ਨੇ ਐੱਸ. ਡੀ. ਕਾਲਜ ਨੇਡ਼ੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਰਾਹੁਲ ਪੁੱਤਰ ਬਿੱਟੂ ਅਤੇ ਵਿਜੈ ਕੁਮਾਰ ਪੁੱਤਰ ਜੀਤ ਕੁਮਾਰ ਵਾਸੀ ਝਾਵਰ ਨੂੰ ਵਾਰਦਾਤ ਦੌਰਾਨ ਵਰਤੇ ਗਏ ਮੋਟਰਸਾਇਕਲ ਅਤੇ ਖੋਹੇ ਗਏ ਦੋ ਮੋਬਾਇਲਾਂ ਸਮੇਤ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
 


Related News