ਮੋਟਰਸਾਈਕਲ ਤੋਂ ਛਾਲ ਮਾਰ 2 ਵਿਅਕਤੀ ਪੁਲਸ ਹਿਰਾਸਤ ''ਚੋਂ ਹੋਏ ਫ਼ਰਾਰ

Thursday, Sep 12, 2024 - 01:26 PM (IST)

ਮੋਟਰਸਾਈਕਲ ਤੋਂ ਛਾਲ ਮਾਰ 2 ਵਿਅਕਤੀ ਪੁਲਸ ਹਿਰਾਸਤ ''ਚੋਂ ਹੋਏ ਫ਼ਰਾਰ

ਫਿਰੋਜ਼ਪੁਰ (ਪਰਮਜੀਤ ਸੋਢੀ) : ਸ਼ਹੀਦ ਊਧਮ ਸਿੰਘ ਚੌਂਕ ਵਿਖੇ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ 'ਤੇ ਸਵਾਰ 2 ਵਿਅਕਤੀਆਂ ਨੂੰ ਕਾਗਜ਼ਾਤ ਪੁੱਛਣ 'ਤੇ ਕਾਗਜ਼ਾਤ ਨਾ ਵਿਖਾਏ ਤਾਂ ਉਨ੍ਹਾਂ ਨੂੰ ਕਾਬੂ ਕਰਕੇ ਥਾਣੇ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਰਸਤੇ 'ਚ ਮੋਟਰਸਾਈਕਲ ਤੋਂ ਛਾਲ ਮਾਰ ਕੇ ਉਕਤ ਵਿਅਕਤੀ ਫ਼ਰਾਰ ਹੋ ਗਏ। ਇਸ ਸਬੰਧ 'ਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਉਕਤ ਇਕ ਬਾਏ ਨੇਮ ਵਿਅਕਤੀ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਜੰਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨੇ ਬੀਤੇ ਦਿਨ ਸ਼ਹੀਦ ਊਧਮ ਸਿੰਘ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਮੋਟਰਸਾਈਕਲ ’ਤੇ 2 ਮੋਨੇ ਨੌਜਵਾਨ ਆ ਰਹੇ ਸਨ। ਉਨ੍ਹਾਂ ਨੂੰ ਰੋਕ ਕੇ ਮੋਟਰਸਾਈਕਲ ਦੇ ਕਾਗਜ਼ਾਤ ਬਾਰੇ ਪੁੱਛਿਆ, ਜਿਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਕੋਈ ਕਾਗਜ਼ਾਤ ਨਹੀਂ ਹਨ। ਸਹਾਇਕ ਥਾਣੇਦਾਰ ਬਚਿੱਤਰ ਸਿੰਘ ਨੇ ਕਿਹਾ ਕਿ ਤੁਹਾਡਾ ਮੋਟਰਸਾਈਕਲ 207 ਮੋਟਰ ਵ੍ਹੀਕਲ ਤਹਿਤ ਬੰਦ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਤੂੰ ਸਾਡਾ ਮੋਟਰਸਾਈਕਲ ਕਿਵੇਂ ਬੰਦ ਕਰ ਸਕਦਾ ਹੈ ਅਤੇ ਮੋਟਰਸਾਈਕਲ ਚਾਲਕ ਗਾਲੀ-ਗਲੋਚ ਕਰਨ ਲੱਗੇ। ਮੋਟਰਸਾਈਕਲ ਚਾਲਕ ਨੇ ਨੇੜੇ ਪਈ ਇੱਟ ਚੁੱਕ ਲਈ। ਪੁਲਸ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਬਚਿੱਤਰ ਸਿੰਘ ਅਤੇ ਪੀਐੱਚਜੀ ਸੇਵਕ ਸਿੰਘ ਮੋਟਰਸਾਈਕਲ ਚਾਲਕ ਨੂੰ ਕਾਬੂ ਕਰਨ ਲੱਗੇ ਤਾਂ ਉਨ੍ਹਾਂ ਦੀ ਵਰਦੀ ਪਾੜ ਦਿੱਤੀ ਗਈ। ਇਸ ਤੋਂ ਬਾਅਦ ਉਕਤ ਦੋਹਾਂ ਨੂੰ ਕਾਬੂ ਕਰ ਲਿਆ ਗਿਆ। ਪੁਲਸ ਜਦੋਂ ਉਨ੍ਹਾਂ ਨੂੰ ਥਾਣੇ ਲਿਆ ਰਹੀ ਸੀ ਤਾਂ ਦੋਹਾਂ ਨੇ ਮੋਟਰਸਾਈਕਲ ਤੋਂ ਛਾਲ ਮਾਰ ਦਿੱਤੀ ਅਤੇ ਭੱਜ ਗਏ। ਜਾਂਚ ਕਰਤਾ ਜੰਗ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News