ਟੋਲ ਪਲਾਜ਼ਿਆਂ ''ਤੇ ਲੱਗੇ ਆਧੁਨਿਕ ਸਾਫਟਵੇਅਰ ਸਿਸਟਮ ਨੇ ਕੀਤਾ ਪੰਜਾਬ ਪੁਲਸ ਲਈ ਰਸਤਾ ਆਸਾਨ

06/04/2018 6:03:34 AM

ਕਪੂਰਥਲਾ, (ਭੂਸ਼ਣ)- ਸੂਬੇ ਦੇ ਲਗਭਗ ਸਾਰੇ ਟੋਲ ਪਲਾਜ਼ਿਆਂ 'ਤੇ ਲੱਗੇ ਆਧੁਨਿਕ ਸਾਫਟਵੇਅਰ ਸਿਸਟਮ ਨੇ ਜਿਥੇ ਗੰਭੀਰ ਅਪਰਾਧਾਂ ਨੂੰ ਫੜਨ ਦੀ ਦਿਸ਼ਾ ਵਿਚ ਪੰਜਾਬ ਪੁਲਸ ਲਈ ਰਸਤਾ ਕਾਫ਼ੀ ਆਸਾਨ ਕਰ ਦਿੱਤਾ ਹੈ, ਉਥੇ ਹੀ ਇਨ੍ਹਾਂ ਟੋਲ ਪਲਾਜ਼ਿਆਂ 'ਤੇ ਲੱਗੇ ਇਨ੍ਹਾਂ ਸਾਫਟਵੇਅਰਾਂ ਦੀ ਮਦਦ ਨਾਲ ਕਪੂਰਥਲਾ ਜ਼ਿਲਾ ਸਮੇਤ ਪੰਜਾਬ ਪੁਲਸ ਦੀਆਂ ਵੱਖ-ਵੱਖ ਟੀਮਾਂ ਵੱਡੀ ਗਿਣਤੀ ਵਿਚ ਚੋਰੀ ਦੀਆਂ ਗੱਡੀਆਂ ਬਰਾਮਦ ਕਰ ਚੁੱਕੀਆਂ ਹਨ ਅਤੇ ਕਈ ਖਤਰਨਾਕ ਅਪਰਾਧੀਆਂ ਨੂੰ ਸਲਾਖਾਂ ਦੇ ਪਿੱਛੇ ਭੇਜ ਚੁੱਕੀ ਹੈ। 
ਸੂਬੇ ਦੇ ਸਾਰੇ ਰਾਸ਼ਟਰੀ ਰਾਜ ਮਾਰਗਾਂ ਵਿਚ ਚੱਲ ਰਹੇ ਟੋਲ ਪਲਾਜ਼ਿਆਂ ਵਿਚ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖਣ ਦੇ ਮਕਸਦ ਨਾਲ ਉੱਤਰੀ ਅਮਰੀਕਾ ਅਤੇ ਯੂਰੋਪ ਦੀ ਤਰਜ਼ 'ਤੇ ਆਧੁਨਿਕ ਸਾਫਟਵੇਅਰ ਸਿਸਟਮ ਲਾਇਆ ਗਿਆ ਹੈ, ਉਥੇ ਹੀ ਇਨ੍ਹਾਂ ਸਿਸਟਮ ਨੂੰ ਇਨ੍ਹਾਂ ਟੋਲ ਪਲਾਜ਼ਿਆਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੇ ਨਾਲ ਅਟੈਚ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਇਨ੍ਹਾਂ ਟੋਲ ਪਲਾਜ਼ਿਆਂ ਤੋਂ ਨਿਕਲਣ ਵਾਲੀਆਂ ਸਾਰੀਆਂ ਗੱਡੀਆਂ ਦੇ ਨੰਬਰਾਂ ਦੀਆਂ ਜਿਥੇ ਕੁਝ ਹੀ ਸੈਕਿੰਡ ਵਿਚ ਜਾਂਚ ਹੋ ਜਾਂਦੀ ਹੈ, ਉਥੇ ਹੀ ਇਨ੍ਹਾਂ ਨੰਬਰਾਂ ਦੇ ਆਧਾਰ 'ਤੇ ਗੱਡੀਆਂ ਦੇ ਅਸਲੀ ਮਾਲਕਾਂ ਦਾ ਪਤਾ ਚੱਲ ਜਾਂਦਾ ਹੈ। ਜਿਸ ਦੌਰਾਨ ਕਿਸੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਣ ਵਾਲੇ ਅਪਰਾਧੀਆਂ ਦੀਆਂ ਗੱਡੀਆਂ ਦਾ ਨੰਬਰ ਵੀ ਇਨ੍ਹਾਂ ਆਧੁਨਿਕ ਸਾਫਟਵੇਅਰ ਸਿਸਟਮ ਵਿਚ ਫੀਡ ਹੋ ਜਾਂਦਾ ਹੈ, ਜਿਸ ਦੀ ਮਦਦ ਨਾਲ ਫਰਾਰ ਹੋਏ ਅਪਰਾਧੀਆਂ ਨੂੰ ਗ੍ਰਿਫਤਾਰ ਕਰਨਾ ਪੁਲਸ ਲਈ ਆਸਾਨ ਹੋ ਜਾਂਦਾ ਹੈ, ਜਿਸ ਦੇ ਕਾਰਨ ਹੁਣ ਸੂਬੇ ਦੇ ਰਾਸ਼ਟਰੀ ਰਾਜ ਮਾਰਗਾਂ 'ਤੇ ਕੋਈ ਅਪਰਾਧਿਕ ਵਾਰਦਾਤ ਕਰ ਕੇ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਲਈ ਹੁਣ ਪੁਲਸ ਨੂੰ ਚਕਮਾ ਦੇਣਾ ਆਸਾਨ ਨਹੀਂ ਰਹਿ ਗਿਆ ਹੈ।   
ਪੁਲਸ ਕਰ ਚੁੱਕੀ ਹੈ ਵੱਡੀ ਗਿਣਤੀ 'ਚ ਚੋਰੀ ਦੀਆਂ ਗੱਡੀਆਂ ਬਰਾਮਦ
ਇਨ੍ਹਾਂ ਟੋਲ ਪਲਾਜ਼ਿਆਂ 'ਤੇ ਲੱਗੇ ਆਧੁਨਿਕ ਸਾਫਟਵੇਅਰ ਸਿਸਟਮ ਦੀ ਮਦਦ ਨਾਲ ਕਪੂਰਥਲਾ ਪੁਲਸ ਜਿਥੇ ਢਿਲਵਾਂ ਅਤੇ ਸ੍ਰੀ ਗੋਇੰਦਵਾਲ ਸਾਹਿਬ ਮਾਰਗ 'ਤੇ ਬਿਆਸ ਨਦੀ ਦੇ ਨਜ਼ਦੀਕ ਬਣੇ ਟੋਲ ਪਲਾਜ਼ਿਆਂ 'ਤੇ ਕਈ ਖਤਰਨਾਕ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਉਥੇ ਹੀ ਵੱਡੀ ਗਿਣਤੀ ਵਿਚ ਚੋਰੀ ਦੀਆਂ ਗੱਡੀਆਂ ਵੀ ਬਰਾਮਦ ਕਰ ਚੱਕੀ ਹੈ। ਸੂਬੇ ਭਰ ਵਿਚ ਟੋਲ ਪਲਾਜ਼ਿਆਂ 'ਤੇ ਲੱਗੇ ਇਨ੍ਹਾਂ ਸਿਸਟਮ ਦੀ ਮਦਦ ਨਾਲ ਪੰਜਾਬ ਪੁਲਸ ਕਈ ਵੱਡੇ ਅਪਰਾਧੀ ਗੈਂਗ ਕਾਬੂ ਕਰ ਚੁੱਕੀ ਹੈ। ਜਿਸ ਵਿਚ ਕਈ ਗੈਂਗ ਦੂਜੇ ਸੂਬਿਆਂ ਲਈ ਵੀ ਸਿਰ ਦਰਦ ਬਣੇ ਹੋਏ ਸਨ।  
ਟੋਲ ਪਲਾਜ਼ਿਆਂ 'ਤੇ ਲੱਗੇ ਸਿਸਟਮ ਨਾਲ ਪੁਲਸ ਨੂੰ ਕਾਫ਼ੀ ਲਾਭ ਹੋਇਆ : ਐੱਸ. ਐੱਸ. ਪੀ.
ਇਸ ਸਬੰਧ ਵਿਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਟੋਲ ਪਲਾਜ਼ਿਆਂ 'ਤੇ ਲੱਗੇ ਸਿਸਟਮ ਨਾਲ ਪੁਲਸ ਨੂੰ ਕਾਫ਼ੀ ਲਾਭ ਹੋਇਆ ਹੈ। ਜ਼ਿਲਾ ਪੁਲਸ ਨੇ ਇਨ੍ਹਾਂ ਟੋਲ ਪਲਾਜ਼ਿਆਂ ਦੇ ਨਜ਼ਦੀਕ ਰਾਸ਼ਟਰੀ ਹਾਈਵੇ 'ਤੇ ਸਥਾਈ ਤੌਰ 'ਤੇ ਪੁਲਸ ਟੀਮਾਂ ਨੂੰ ਚੈਕਿੰਗ ਲਈ ਤਾਇਨਾਤ ਕੀਤਾ ਹੋਇਆ ਹੈ। 


Related News