ਤੇਜ਼ ਰਫਤਾਰ ਵਾਹਨ ਨੇ ਫੇਟ ਮਾਰ ਕੇ ਪੰਜਾਬ ਪੁਲਸ ਦੇ ਕਾਂਸਟੇਬਲ ਨੂੰ ਕੀਤਾ ਜ਼ਖਮੀ
Thursday, Apr 18, 2024 - 05:38 PM (IST)

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਪੁਲਸ ਲਾਈਨ ਦੇ ਨਜ਼ਦੀਕ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਜਾਂਦੇ ਵਾਹਨ ਨੇ ਮੋਟਰਸਾਈਕਲ ’ਤੇ ਜਾ ਰਹੇ ਪੰਜਾਬ ਪੁਲਸ ਦੇ ਇਕ ਮੁਲਾਜ਼ਮ ਨਾਲ ਹਾਦਸਾ ਕਰਦੇ ਹੋਏ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਫਰਾਰ ਹੋ ਗਿਆ। ਇਸ ਦੌਰਾਨ ਜ਼ਖਮੀ ਹੋਏ ਪੁਲਸ ਮੁਲਾਜ਼ਮ ਨੂੰ ਫਿਰੋਜ਼ਪੁਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਪੁਲਸ ਵੱਲੋਂ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਥਾਣਾ ਫਿਰੋਜ਼ਪੁਰ ਕੈਂਟ ਦੇ ਏ.ਐੱਸ.ਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਢੋਲਕ ਸਿੰਘ ਪੁੱਤਰ ਓਮ ਬਹਾਦਰ ਵਾਸੀ ਪੁਲਸ ਲਾਈਨ ਫਿਰੋਜ਼ਪੁਰ ਕੈਂਟ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਹੈ ਕਿ ਉਹ ਪੰਜਾਬ ਪੁਲਸ ਵਿੱਚ ਕੁੱਕ ਵਜੋਂ ਭਰਤੀ ਹੈ ਅਤੇ ਐੱਸਐੱਸਪੀ ਫਿਰੋਜ਼ਪੁਰ ਦੀ ਕੋਠੀ ਵਿੱਚ ਡਿਊਟੀ ਕਰਦਾ ਹੈ।
ਉਸ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 7:40 ਵਜੇ ਜਦੋਂ ਉਹ ਆਪਣੀ ਡਿਊਟੀ ਖਤਮ ਕਰਕੇ ਵਾਪਸ ਪੁਲਸ ਲਾਈਨ ਵੱਲ ਜਾ ਰਿਹਾ ਸੀ ਤਾਂ ਪੁਲਸ ਲਾਈਨ ਦੇ ਗੇਟ ਨੇੜੇ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਆ ਰਹੇ ਇਕ ਵਾਹਨ ਨੇ ਹਾਰਨ ਵਜਾਏ ਬਿਨਾਂ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਉਹ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।