ਗਏ ਸੀ ਨਲਬੰਦੀ ਕਰਵਾਉਣ, ਪੇਟ ’ਚ ਸੀ ਬੱਚਾ

05/23/2018 7:59:45 AM

ਮੋਗਾ (ਸੰਦੀਪ ਸ਼ਰਮਾ) -  ਸਿਵਲ ਹਸਪਤਾਲ ’ਚ ਨਲਬੰਦੀ ਕਰਵਾਉਣ ਪਹੰੁਚੀ ਔਰਤ ਦਾ ਜਿਵੇਂ ਹੀ ਆਪ੍ਰੇਸ਼ਨ ਕਰਨਾ ਸ਼ੁਰੂ ਕੀਤਾ ਤਾਂ ਉਹ ਹੈਰਾਨ ਰਹਿ ਗਏ ਡਾਕਟਰ ਨੇ ਔਰਤ ਨੂੰ ਦੱਸਿਆ ਕਿ ਉਹ ਗਰਭਵਤੀ ਹੈ।ਜਿਸ ’ਤੇ ਅੌਰਤ ਦੇ ਰਿਸ਼ਤੇਦਾਰਾਂ ਦੇ ਦਿਲ ’ਚ ਸਰਕਾਰੀ ਹਸਪਤਾਲ ਤੋਂ ਕਰਵਾਈ ਨਾਰਮਲ ਸਕੈਨ ਰਿਪੋਰਟ ਬਾਰੇ ਸਵਾਲ ਖਡ਼੍ਹੇ ਹੋ ਗਏ। ਦੂਜੇ ਪਾਸੇ ਸਿਵਲ ਹਸਪਤਾਲ ਦੇ ਰੇਡੀਓਲੋਜਿਸਟ ਨੇ ਉਨ੍ਹਾਂ ਵੱਲੋਂ ਸਬੰਧਿਤ ਡਾਕਟਰ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਹੀ ਸਕੈਨ ਦੀ ਰਿਪੋਰਟ ਦੇਣ ਦੀ ਗੱਲ ਕਹੀ ਹੈ। ਉਨ੍ਹਾਂ ਕਿਸੇ ਵੀ ਅੌਰਤ ਦੇ ਗਰਭ ’ਚ ਪਲ ਰਹੇ ਬੱਚੇ ਦੀ ਲਿਖਤ ਰਿਪੋਰਟ ਲਈ ਇਕ (ਐੱਫ) ਫਾਰਮ ਭਰਨ ਤੋਂ ਬਾਅਦ ਹੀ ਗਰਭ ਵਿਚ ਪਲ ਰਹੇ ਬੱਚੇ ਬਾਰੇ ਸਕੈਨ ਰਿਪੋਰਟ ਦੇਣ ਦੀ ਗੱਲ ਕਹੀ ਹੈ। 

ਟੈਸਟਾਂ ਅਤੇ ਸਕੈਨ ਰਿਪੋਰਟ ਅਨੁਸਾਰ ਹੀ ਕੀਤਾ ਸੀ ਆਪ੍ਰੇਸ਼ਨ ਕਰਨ ਦਾ ਫੈਸਲਾ : ਸਰਜਨ

 ਸਿਵਲ ਹਸਪਤਾਲ ਦੇ ਸਰਜਨ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਉਕਤ ਅੌਰਤ ਦੀਆਂ ਟੈਸਟ ਰਿਪੋਰਟਾਂ ਦੇ ਅਾਧਾਰ ’ਤੇ ਹੀ ਨਲਬੰਦੀ ਦਾ ਆਪ੍ਰੇਸ਼ਨ ਕਰਨ ਦਾ ਫੈਸਲ ਲਿਆ ਸੀ ਪਰ ਜਦੋਂ ਉਨ੍ਹਾਂ ਨੂੰ ਅੌਰਤ ਦੇ ਪੇਟ ’ਚ ਬੱਚਾ ਹੋਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਅਪਣਾ ਫੈਸਲਾ ਬਦਲ ਕੇ ਤੁਰੰਤ ਉਨ੍ਹਾਂ ਨੂੰ ਅੌਰਤਾਂ ਦੇ ਮਾਹਰ ਡਾਕਟਰ ਕੋਲ ਜਾਣ ਦੀ ਸਲਾਹ ਦਿੱਤੀ।

ਡਾਕਟਰ ਵੱਲੋਂ ਲਿਖੇ ਅਨੁਸਾਰ ਹੀ ਕੀਤਾ ਟੈਸਟ ਅਤੇ ਦਿੱਤੀ ਰਿਪੋਰਟ : ਡਾ. ਗਰਚਾ

 ਇਸ ਮਾਮਲੇ ’ਚ ਜਦੋਂ ਅੌਰਤ ਦੀ ਸਕੈਨ ਕਰਨ ਵਾਲੇ ਸਰਕਾਰੀ ਸਿਵਲ ਹਸਪਤਾਲ ਦੇ ਰੇਡੀਓਲੋਜਿਸਟ ਡਾ. ਹਰਪ੍ਰੀਤ ਗਰਚਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਡਾਕਟਰ ਦੇ ਲਿਖੇ ਅਨੁਸਾਰ ਹੀ ਸਕੈਨ ਕਰ ਕੇ ਰਿਪੋਰਟ ਦਿੱਤੀ ਗਈ ਹੈ।  ਨਿਯਮਾਂ ਅਨੁਸਾਰ (ਐੱਫ) ਫਾਰਮ ਭਰਨ ਤੋਂ ਬਾਅਦ ਹੀ ਕਿਸੇ ਵੀ ਅੌਰਤ ਦੇ ਪੇਟ ਵਿਚ ਪਲ ਰਹੇ ਬੱਚੇ ਸਬੰਧੀ ਲਿਖਤ ਰਿਪੋਰਟ ਦਿੱਤੀ ਜਾ ਸਕਦੀ ਹੈ, ਜਿਸ ਕਰ ਕੇ ਉਹ ਗਰਭ ’ਚ ਬੱਚੇ ਬਾਰੇ ਲਿਖਤ ਰਿਪੋਰਟ ਨਹੀਂ ਦੇ ਸਕਦੇ ਸਨ। ਉਨ੍ਹਾਂ ਵੱਲੋਂ ਉਕਤ ਅੌਰਤ ਨੂੰ ਉਸ ਦੇ ਗਰਭ ਵਿਚ ਬੱਚਾ ਹੋਣ ਬਾਰੇ ਉਸ ਨੂੰ ਦੱਸ ਦਿੱਤਾ  ਗਿਆ ਸੀ ਅਤੇ ਤੁਰੰਚ ਅੌਰਤਾਂ ਦੇ ਰੋਗਾਂ ਦੀ ਮਾਹਰ ਡਾਕਟਰ ਕੋਲ ਜਾਣ ਦੀਆਂ ਹਦਾਇਤਾਂ ਦੀ ਦਿੱਤੀਆਂ ਸਨ।

ਪਤਨੀ ਦੇ ਗਰਭਵਤੀ ਹੋਣ ’ਤੇ ਹੋ ਗਏ ਹੈਰਾਨ

ਪਿੰਡ ਖੋਸਾ-ਪਾਂਡੋ ਨਿਵਾਸੀ ਜਗਜੀਤ ਸਿੰਘ ਨੇ ਦੱਸਿਆ ਕਿ ਉਸ ਦੇ 3 ਬੱਚੇ ਹੋਣ ਕਰ ਕੇ ਉਨ੍ਹਾਂ ਅਾਪਣੀ ਪਤਨੀ ਰਮਨਪ੍ਰੀਤ ਦੀ ਨਲਬੰਦੀ ਕਰਵਾਉਣ ਦਾ ਫੈਸਲਾ ਲਿਆ ਸੀ, ਜਿਸ ਕਰ ਕੇ ਉਸ ਦੀ ਪਤਨੀ ਅਾਪਣੇ ਪੇਕੇ ਡਾਲਾ ਗਈ ਸੀ ਅਤੇ ਉਥੇ ਦੀ ਆਸ਼ਾ ਵਰਕਰ ਨਾਲ ਸਿਵਲ ਹਸਪਤਾਲ ਗਈ ਅਤੇ ਚਾਕਟਰ ਦੇ ਨਿਰਦੇਸ਼ਾਂ ਅਨੁਸਾਰ ਸਕੈਨ ਅਤੇ ਟੈਸਟ ਵੀ ਕਰਵਾਏ, ਜਿਸ ਤੋਂ ਬਾਅਦ ਸਰਜਨ ਡਾ. ਇੰਦਰਜੀਤ ਸਿੰਘ ਨੇ ਸਕੈਨ ਰਿਪੋਰਟ ਨਾਰਮਲ ਵੇਖਦੇ ਹੋਏ ਆਪ੍ਰੇਸ਼ਨ ਲਈ 18 ਮਈ ਨੂੰ ਆਉਣ ਬਾਰੇ ਕਿਹਾ, ਜਿਸ ਤੋਂ ਬਾਅਦ ਆਪ੍ਰੇਸ਼ਨ ਥਿਏਟਰ ਵਿਚ ਉਸ ਦੀ ਪਤਨੀ ਦੇ ਗਰਭਵਤੀ ਹੋਣ ਦਾ ਪਤਾ ਲੱਗਾ, ਜਿਸ ਤੋਂ ਬਾਅਦ ਸਰਜਨ ਦੇ ਕਹਿਣ ’ਤੇ ਵੀ ਉਨ੍ਹਾਂ ਵੱਲੋਂ ਪ੍ਰਾਈਵੇਟ ਸਕੈਨ ਕਰਵਾਈ  ਗਈ, ਜਿਸ ’ਚ ਵੀ ਉਸ ਦੀ ਪਤਨੀ ਰਮਨਪ੍ਰੀਤ ਦੇ ਗਰਭਵਤੀ ਹੋਣ ਦਾ ਖੁਲਾਸਾ ਹੋਇਆ।

ਲਿਖਤ ਸ਼ਿਕਾਇਤ ਮਿਲਣ ’ਤੇ ਕੀਤੀ ਜਾਵੇਗੀ ਮਾਮਲੇ ਦੀ ਜਾਂਚ : ਐੱਸ. ਐੱਮ. ਓ.

 ਇਸ ਸਬੰਧੀ ਜਦੋਂ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਰਾਜੇਸ਼ ਅੱਤਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਬਾਰੇ ਲਿਖਿਤ ਤੌਰ ’ਤੇ ਸ਼ਿਕਾਇਤ ਨਹੀਂ ਆਈ ਹੈ। ਅੌਰਤ ਰਮਨਪ੍ਰੀਤ ਅਤੇ ਉਸ ਦੇ ਪਤੀ ਜਗਜੀਤ ਸਿੰਘ ਵੱਲੋਂ ਮਿਲ ਕੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਪਰ ਲਿਖਿਤ ਸ਼ਿਕਾਇਤ ਆਉਣ ’ਤੇ ਹੀ ਉਹ ਕਾਰਵਾਈ ਅੱਗੇ ਵਧਾ ਸਕਣਗੇ।


Related News