ਕੁਵੈਤ ਗਏ ਭਾਰਤੀ ਨੌਜਵਾਨ ਦੀ ਅਗਨੀਕਾਂਡ 'ਚ ਮੌਤ, ਪਿਤਾ ਨੇ ਰੋਂਦੇ ਹੋਏ ਕਿਹਾ- ਪੁੱਤ ਪਹਿਲੀ ਵਾਰ ਭੇਜਿਆ ਸੀ ਵਿਦੇਸ਼

06/14/2024 5:16:47 PM

ਰਾਂਚੀ- ਦੱਖਣੀ ਕੁਵੈਤ ਦੇ ਮੰਗਾਫ ਖੇਤਰ ਵਿਚ ਦੋ ਦਿਨ ਪਹਿਲਾਂ ਇਕ ਬਹੁ-ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ 'ਚ ਝਾਰਖੰਡ ਦੇ ਇਕ ਨੌਜਵਾਨ ਮੁਹੰਮਦ ਅਲੀ ਹੁਸੈਨ ਦੀ ਵੀ ਮੌਤ ਹੋ ਗਈ। 18 ਦਿਨ ਪਹਿਲਾਂ ਹੁਸੈਨ ਦੇ ਕੁਵੈਤ ਜਾਂਦੇ ਸਮੇਂ ਉਸ ਦੇ ਪਰਿਵਾਰ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਉਨ੍ਹਾਂ ਨੂੰ ਆਖ਼ਰੀ ਵਾਰ ਵੇਖ ਰਹੇ ਹਨ। ਰਾਂਚੀ ਦੇ ਹਿੰਦਪੀੜ੍ਹੀ ਇਲਾਕੇ 'ਚ ਰਹਿਣ ਵਾਲੇ ਹੁਸੈਨ ਦੇ ਘਰ 'ਤੇ ਉਸ ਸਮੇਂ ਮਾਤਮ ਛਾ ਗਿਆ, ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਕੁਵੈਤ ਦੀ ਇਮਾਰਤ ਵਿਚ ਹੋਈ ਇਸ ਤ੍ਰਾਸਦੀ 'ਚ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਦੇ ਪਿਤਾ ਮੁਬਾਰਕ ਹੁਸੈਨ ਨੇ ਦੱਸਿਆ ਕਿ 24 ਸਾਲਾ ਹੁਸੈਨ ਆਪਣੇ ਤਿੰਨ ਭਰਾ-ਭੈਣਾਂ ਤੋਂ ਛੋਟਾ ਸੀ ਅਤੇ ਉਹ ਆਪਣੇ ਪਰਿਵਾਰ ਦੀ ਮਦਦ ਲਈ ਰਾਂਚੀ ਤੋਂ ਕੁਵੈਤ ਗਿਆ ਸੀ। 

ਇਹ ਵੀ ਪੜ੍ਹੋ- ਕੁਵੈਤ ਇਮਾਰਤ ਅੱਗ ਹਾਦਸਾ : ਮਾਰੇ ਗਏ 41 ਭਾਰਤੀਆਂ 'ਚੋਂ ਕੇਰਲ ਦੇ ਦੋ ਹੋਰ ਵਾਸੀਆਂ ਦੀ ਹੋਈ ਪਛਾਣ

ਪਿਤਾ ਮੁਬਾਰਕ ਹੁਸੈਨ ਨੇ ਰੋਂਦੇ ਹੋਏ ਦੱਸਿਆ ਕਿ ਉਹ ਪਹਿਲੀ ਵਾਰ ਦੇਸ਼ ਤੋਂ ਬਾਹਰ ਗਿਆ ਸੀ। ਉਸ ਨੇ ਸਾਨੂੰ ਦੱਸਿਆ ਕਿ ਉਸ ਨੂੰ ਉੱਥੇ ਵਿਕ੍ਰੇਤਾ ਦੀ ਨੌਕਰੀ ਮਿਲ ਗਈ ਹੈ। ਅਸੀਂ ਕਦੇ ਸੋਚਿਆ ਨਹੀਂ ਸੀ ਕਿ 18 ਦਿਨਾਂ ਦੇ ਅੰਦਰ ਇੰਨੀ ਵੱਡੀ ਘਟਨਾ ਹੋ ਜਾਵੇਗੀ। ਹੁਸੈਨ ਦੇ ਪਿਤਾ ਨੇ ਦੱਸਿਆ ਕਿ ਪੁੱਤਰ ਦੇ ਸਹਿਕਰਮੀ ਨੇ ਵੀਰਵਾਰ ਦੀ ਸਵੇਰ ਨੂੰ ਉਸ ਦੀ ਮੌਤ ਦੀ ਜਾਣਕਾਰੀ ਦਿੱਤੀ ਸੀ ਪਰ ਸ਼ਾਮ ਤੱਕ ਮੈਂ ਇੰਨੀ ਵੱਡੀ ਹਿੰਮਤ ਨਹੀਂ ਜੁਟਾ ਸਕਿਆ ਆਪਣੀ ਪਤਨੀ ਨੂੰ ਇਸ ਦੁਖਦ ਖ਼ਬਰ ਬਾਰੇ ਦੱਸ ਸਕਾਂ।  ਰਾਂਚੀ ਵਿਚ ਵਾਹਨਾਂ ਦੇ ਟਾਇਰਾਂ ਦਾ ਛੋਟਾ ਜਿਹਾ ਕਾਰੋਬਾਰ ਚਲਾਉਣ ਵਾਲੇ ਮੁਬਾਰਕ ਹੁਸੈਨ ਨੇ ਕਿਹਾ ਕਿ ਮੇਰਾ ਪੁੱਤਰ ਗਰੈਜੂਏਟ ਦੀ ਡਿਗਰੀ ਪੂਰੀ ਕਰਨ ਮਗਰੋਂ ਸਰਟੀਫ਼ਾਈਡ ਮੈਨੇਜਮੈਂਟ ਅਕਾਊਂਟੇਂਟ (CMA) ਦਾ ਕੋਰਸ ਕਰ ਰਿਹਾ ਸੀ। ਇਕ ਦਿਨ ਅਚਾਨਕ ਉਸ ਨੇ ਕਿਹਾ ਕਿ ਉਹ ਕੁਵੈਤ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਮੇਰੀ ਅਪੀਲ ਹੈ ਕਿ ਹੂਸੈਨ ਦੀ ਲਾਸ਼ ਨੂੰ ਰਾਂਚੀ ਵਾਪਸ ਲਿਆਉਣ ਦੀ ਵਿਵਸਥਾ ਕੀਤੀ ਜਾਵੇ। 

ਇਹ ਵੀ ਪੜ੍ਹੋ- ਕੁਵੈਤ ਅਗਨੀਕਾਂਡ 'ਚ ਮਾਰੇ ਗਏ ਕੇਰਲ ਵਾਸੀਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਵੇਗੀ ਸਰਕਾਰ

ਓਧਰ ਕੁਵੈਤ ਦੇ ਅਧਿਕਾਰੀਆਂ ਮੁਤਾਬਕ ਦੱਖਣੀ ਕੁਵੈਤ ਦੇ ਮੰਗਾਫ ਖੇਤਰ ਵਿਚ 7 ਮੰਜ਼ਿਲਾ ਇਮਾਰਤ ਦੇ ਰਸੋਈ ਘਰ ਵਿਚ ਭਿਆਨਕ ਅੱਗ ਲੱਗਣ ਕਾਰਨ 49 ਵਿਦੇਸ਼ੀ ਮਜ਼ਦੂਰਾਂ ਦੀ ਮੌਤ ਹੋ ਗਈ ਸੀ ਅਤੇ 50 ਹੋਰ ਝੁਲਸ ਗਏ ਸਨ। ਮ੍ਰਿਤਕਾਂ ਵਿਚ ਕਰੀਬ 40 ਭਾਰਤੀ ਹਨ। ਕੁਵੈਤ ਦੇ ਮੀਡੀਆ ਨੇ ਦੱਸਿਆ ਕਿ ਧੂੰਏਂ ਕਾਰਨ ਸਾਹ ਘੁੱਟਣ ਕਾਰਨ ਜ਼ਿਆਦਾਤਰ ਲੋਕਾਂ ਦੀ ਮੌਤ ਹੋਈ। ਉਸ ਨੇ ਦੱਸਿਆ ਕਿ ਇਮਾਰਤ ਵਿਚ 195 ਪ੍ਰਵਾਸੀ ਮਜ਼ਦੂਰ ਰਹਿੰਦੇ ਸਨ ਅਤੇ ਉਨ੍ਹਾਂ ਵਿਚ ਜ਼ਿਆਦਾਤਰ ਕੇਰਲ, ਤਾਮਿਲਨਾਡੂ ਅਤੇ ਉੱਤਰੀ ਸੂਬਿਆਂ ਤੋਂ ਆਏ ਭਾਰਤੀ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News