ਕਾਂਗਰਸ ਪੀ. ਸੀ. ਸੀ. ਦੇ ਮੁਖੀਆਂ ’ਚ ਕਰ ਸਕਦੀ ਹੈ ਫੇਰਬਦਲ

Thursday, Jun 20, 2024 - 04:56 PM (IST)

ਕਾਂਗਰਸ ਪੀ. ਸੀ. ਸੀ. ਦੇ ਮੁਖੀਆਂ ’ਚ ਕਰ ਸਕਦੀ ਹੈ ਫੇਰਬਦਲ

ਨਵੀਂ ਦਿੱਲੀ- ਸ੍ਰੀਮਤੀ ਕਿਰਨ ਚੌਧਰੀ ਤੇ ਉਨ੍ਹਾਂ ਦੀ ਬੇਟੀ ਸਮੇਤ ਕੁਝ ਕਾਂਗਰਸੀ ਆਗੂਆਂ ਵਲੋਂ ਪਾਰਟੀ ਛੱਡਣ ਦੇ ਬਾਵਜੂਦ ਪਾਰਟੀ ਹਾਈ ਕਮਾਂਡ ਭੁਪਿੰਦਰ ਸਿੰਘ ਹੁੱਡਾ ਤੇ ਪੀ. ਸੀ. ਸੀ. ਮੁਖੀ ਉਦੇ ਭਾਨ ਸਿੰਘ ਦੀ ਅਗਵਾਈ ਹੇਠ ਹਰਿਆਣਾ ਵਿਧਾਨ ਸਭਾ ਚੋਣਾਂ ਲੜੇਗੀ।

ਪਤਾ ਲੱਗਾ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਹੁੱਡਾ ਤੇ ਉਦੇ ਭਾਨ ਸਿੰਘ ਨੂੰ ਆਉਣ ਵਾਲੀਆਂ ਚੋਣਾਂ ’ਚ ਫ੍ਰੀ ਹੈਂਡ ਦੇਣ ਦਾ ਫੈਸਲਾ ਕੀਤਾ ਹੈ। ਸੱਤਾ ਦੇ 2 ਕੇਂਦਰ ਨਹੀਂ ਹੋਣਗੇ। ਭਾਵੇਂ ਹੁੱਡਾ ਦੀ ਪਾਰਟੀ ਚਲਾਉਣ ਦੀ ਸ਼ੈਲੀ ਦੇ ਕਈ ਆਲੋਚਕ ਹਨ ਪਰ ਸੂਬੇ ਦੀਆਂ 5 ਲੋਕ ਸਭਾ ਸੀਟਾਂ ਜਿੱਤਣ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ। ਇਹ ਅਫਵਾਹ ਹੈ ਕਿ ਪ੍ਰਿਯੰਕਾ ਗਾਂਧੀ ਯੂ.ਪੀ. ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਪੰਜਾਬ ਦਾ ਕੰਮ ਵੀ ਵੇਖੇਗੀ। ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਮਹਾਰਾਸ਼ਟਰ ਅਤੇ ਝਾਰਖੰਡ ਦੇ ਮਾਮਲਿਆਂ ਨੂੰ ਸੰਭਾਲਣਗੇ ਜਿੱਥੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ।

ਸੰਸਦ ਦੇ ਅਾਉਂਦੇ ਮਾਨਸੂਨ ਸਮਾਗਮ ਅਤੇ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਕਈ ਸੀਟਾਂ ’ਤੇ ਹੋਣ ਵਾਲੀਆਂ ਉਪ ਚੋਣਾਂ ਕਾਰਨ ਸੰਗਠਨਾਤਮਕ ਪੱਧਰ ’ਤੇ ਤਬਦੀਲੀਆਂ ਹੋਣਗੀਆਂ, ਪਰ ਇਹ ਤੁਰੰਤ ਨਹੀਂ ਹੋਣਗੀਆਂ।

ਅੱਧੀ ਦਰਜਨ ਤੋਂ ਵੱਧ ਸੂਬਾਈ ਪ੍ਰਧਾਨ ਤੇ ਸੂਬਾਈ ਇੰਚਾਰਜ ਜਨਰਲ ਸਕੱਤਰ ਬਦਲੇ ਜਾਣਗੇ। ਲੋਕ ਸਭਾ ਦੀ ਚੋਣ ਜਿੱਤਣ ਵਾਲੇ ਰਾਜਸਥਾਨ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਇੰਚਾਰਜ ਦੀ ਜ਼ੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦੇ ਹਨ।

ਦਿੱਲੀ ਦੇ ਇੰਚਾਰਜ ਦੀਪਕ ਬਾਵਰੀਆ ਅਤੇ ਓਡਿਸ਼ਾ ਤੇ ਤਾਮਿਲਨਾਡੂ ਦੇ ਇੰਚਾਰਜ ਅਜੇ ਕੁਮਾਰ ਨੂੰ ਬਦਲਿਆ ਜਾ ਸਕਦਾ ਹੈ। ਅਰਵਿੰਦਰ ਸਿੰਘ ਲਵਲੀ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਦਿੱਲੀ ਕਾਂਗਰਸ ਦੇ ਪ੍ਰਧਾਨ ਬਣਾਏ ਗਏ ਦਵਿੰਦਰ ਯਾਦਵ ਦਾ ਧਿਆਨ ਪੰਜਾਬ ’ਤੇ ਹੋਵੇਗਾ।

ਪੀ. ਸੀ. ਸੀ. ਮੁਖੀ ਪ੍ਰਤਿਭਾ ਸਿੰਘ (ਹਿਮਾਚਲ), ਦੀਪਕ ਬੈਜ (ਛੱਤੀਸਗੜ੍ਹ), ਅਖਿਲੇਸ਼ ਪ੍ਰਸਾਦ ਸਿੰਘ (ਬਿਹਾਰ), ਰਾਜੇਸ਼ ਠਾਕੁਰ (ਝਾਰਖੰਡ), ਕਰਨ ਸਿੰਘ ਮਹਿਰਾ (ਉੱਤਰਾਖੰਡ), ਜੀਤੂ ਪਟਵਾਰੀ (ਮੱਧ ਪ੍ਰਦੇਸ਼) ਅਤੇ ਅਧੀਰ ਰੰਜਨ ਚੌਧਰੀ (ਪੱਛਮੀ ਬੰਗਾਲ) ਨੂੰ ਬਦਲਿਆ ਜਾ ਸਕਦਾ ਹੈ।


author

Rakesh

Content Editor

Related News