ਮੈਨੇਜਰ ਨੂੰ ਬਣਾਇਆ ਬੰਦੀ, ਬੈਂਕ ਨੂੰ ਜੜਿਆ ਜਿੰਦਾ

Wednesday, May 23, 2018 - 07:49 AM (IST)

ਭਦੌਡ਼ (ਰਾਕੇਸ਼) –  ਕਿਸਾਨਾਂ ਨੂੰ ਲਿਮਟਾਂ ਦੇ ਪੈਸੇ  ਕਰੀਬ 15 ਹਜ਼ਾਰ ਪ੍ਰਤੀ ਏਕੜ ਦੇਣ  ਦੀ  ਬਜਾਏ ਸਹਿਕਾਰੀ ਬੈਂਕ ਮੈਨੇਜਰ ਵੱਲੋਂ 10 ਹਜ਼ਾਰ ਰੁਪਏ ਦੇਣ  ਲਈ  ਕਹਿਣ  ਦਾ ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ ਕਸਬੇ  ਦੀ ਕੋਆਪ੍ਰੇਟਿਵ ਸੋਸਾਇਟੀ ਦੇ ਕਰਮਚਾਰੀਆਂ ਅਤੇ ਕਿਸਾਨਾਂ  ਨੇ ਉਕਤ ਮੈਨੇਜਰ ਨੂੰ ਬੈਂਕ ਦੇ ਅੰਦਰ ਹੀ ਬੰਦੀ ਬਣਾ ਕੇ ਧਰਨਾ ਲਾ ਦਿੱਤਾ। ਜਾਣਕਾਰੀ ਅਨੁਸਾਰ ਕਿਸਾਨਾਂ ਨੂੰ ਲਿਮਟ ਦੇ 10 ਹਜ਼ਾਰ  ਰੁਪਏ ਦੇਣ ਦੀ ਗੱਲ  ਬਾਰੇ ਜਦੋਂ ਸਹਿਕਾਰੀ ਕਰਮਚਾਰੀ ਯੂਨੀਅਨ ਦੇ ਜ਼ਿਲਾ ਪ੍ਰਧਾਨ ਬੂਟਾ ਸਿੰਘ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਜ਼ਿਲਾ ਮੈਨੇਜਰ ਜਸਪਾਲ ਸਿੰਘ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਪੂਰੀ ਲਿਮਟ ਦੇਣ ਤੋਂ ਜਵਾਬ ਦੇ ਦਿੱਤਾ ਅਤੇ ਇਸ ਤੋਂ ਬਾਅਦ ਜ਼ਿਲਾ ਜਥੇਬੰਦੀ ਨੇ ਮੌਕੇ  ’ਤੇ ਹੀ ਜ਼ਿਲੇ ਦੀਆਂ 16 ਬ੍ਰਾਂਚਾਂ ਵੱਲੋਂ ਧਰਨੇ ਦਾ ਐਲਾਨ ਕਰ ਦਿੱਤਾ ਅਤੇ ਕਸਬੇ ਦੇ ਸਹਿਕਾਰੀ ਬੈਂਕ ਅੱਗੇ  ਸੋਸਾਇਟੀ ਦੇ ਕਰਮਚਾਰੀਆਂ ਅਤੇ ਕਿਸਾਨ ਯੂਨੀਅਨ ਡਕੌਂਦਾ ਨੇ ਧਰਨਾ ਦਿੱਤਾ।  ਇਸ  ਦੌਰਾਨ ਸਹਿਕਾਰੀ ਬੈਂਕ  ਦੇ ਮੈਨੇਜਰ ਦਰਸ਼ਨ ਸਿੰਘ ਨੂੰ ਬੈਂਕ ਦੇ ਅੰਦਰ ਬੰਦੀ ਬਣਾ ਕੇ ਬਾਹਰ ਤਾਲਾ ਲਾ ਦਿੱਤਾ ਗਿਆ ਅਤੇ  ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ।

ਕੀ ਹੈ ਮਸਲਾ : ਕੋਆਪ੍ਰੇਟਿਵ ਸੋਸਾਇਟੀ ਭਦੌਡ਼ ਦੇ ਸੈਕਟਰੀ ਸਾਧੂ ਸਿੰਘ ਨੇ  ਦੱਸਿਆ  ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ  28  ਮਾਰਚ ਨੂੰ ਸਹਿਕਾਰੀ ਸਭਾਵਾਂ ਦੇ ਮੁੱਖ ਦਫਤਰ ਚੰਡੀਗਡ਼੍ਹ ਵੱਲੋਂ ਝੋਨੇ ਦੀ ਫਸਲ ਲਈ ਨਕਦੀ ਕਰਜ਼ਾ ਅਤੇ ਫਸਲੀ ਕਰਜ਼ਾ (ਖਾਦ, ਡੀਜ਼ਲ ਆਦਿ) 15 ਹਜ਼ਾਰ ਰੁਪਏ  ਪ੍ਰਤੀ ਏਕਡ਼ ਦੇ ਹਿਸਾਬ ਨਾਲ ਦੇਣ ਲਈ ਕਿਹਾ ਗਿਆ ਸੀ। ਅੱਜ ਪਿੰਡ ਮੱਝੂਕੇ ਸੋਸਾਇਟੀ ਦੀ ਪੈਸੇ ਲੈਣ ਦੀ ਵਾਰੀ ਸੀ ਪਰ ਸਹਿਕਾਰੀ ਬੈਂਕ ਮੈਨੇਜਰ ਦਰਸ਼ਨ ਸਿੰਘ ਨੇ  ਕਿਹਾ ਕਿ 15 ਹਜ਼ਾਰ ਰੁਪਏ ਦੀ ਥਾਂ 10 ਹਜ਼ਾਰ ਪ੍ਰਤੀ ਏਕਡ਼ ਦੇ ਹਿਸਾਬ ਨਾਲ ਹੀ ਰੁਪਏ ਦਿੱਤੇ ਜਾਣਗੇ, ਜਿਸ ਕਾਰਨ ਕਿਸਾਨ ਅਤੇ ਸਹਿਕਾਰੀ ਸੋਸਾਇਟੀ ਦੇ ਕਰਮਚਾਰੀ ਬੈਂਕ ਦੇ ਅੱਗੇ ਧਰਨਾ ਦੇਣ ਲਈ ਮਜਬੂਰ ਹੋ ਗਏ। ਇਸ ਮੌਕੇ ਬਲਵਿੰਦਰ ਸਿੰਘ, ਕੋਅਾਪਰੇਟ ਸੋਸਾਇਟੀ ਦੇ ਪ੍ਰਧਾਨ ਭੋਲਾ ਸਿੰਘ ਪੁਆਦਡ਼ਾ, ਕੁਲਵੰਤ ਸਿੰਘ ਮਾਨ, ਬੂਟਾ ਸਿੰਘ ਜ਼ਿਲਾ ਪ੍ਰਧਾਨ ਜੰਗੀਆਣਾ, ਗੋਰਾ ਸਿੰਘ ਰਾਈ, ਸਹਿਕਾਰੀ ਸਭਾਵਾਂ ਦੇ ਸੈਕਟਰੀ ਸਾਧੂ ਸਿੰਘ, ਕੇਵਲ ਸਿੰਘ, ਰਾਮਕ੍ਰਿਸ਼ਨ, ਨਿਰਮਲ ਸਿੰਘ ਮੱਝੂਕੇ, ਮੱਘਰ ਸਿੰਘ, ਅਮਰੀਕ ਸਿੰਘ ਅਲਕਡ਼ਾ, ਕੁਲਦੀਪ ਸਿੰਘ, ਸੁਦਾਗਰ ਸਿੰਘ, ਛੰਨਾ ਗੁਲਾਬ ਸਿੰਘ ਵਾਲਾ, ਹਰਨੇਕ ਸਿੰਘ ਸੰਧੂ ਕਲਾਂ ਆਦਿ ਹਾਜ਼ਰ ਸਨ।

ਫੰਡਾਂ ਦੀ ਘਾਟ ਅਤੇ ਉੱਚ ਅਧਿਕਾਰੀਅਾਂ ਦੇ ਕਹਿਣ ’ਤੇ ਘਟਾਈ ਸੀ ਲਿਮਟ : ਮੈਨੇਜਰ

ਜਦੋਂ ਇਸ ਸਬੰਧੀ ਸਹਿਕਾਰੀ ਬੈਂਕ ਮੈਨੇਜਰ ਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫੰਡਾਂ ਦੀ ਘਾਟ ਕਾਰਨ ਅਤੇ ਜ਼ਿਲਾ ਮੈਨੇਜਰ ਜਸਪਾਲ ਸਿੰਘ ਦੇ ਕਹਿਣ ’ਤੇ ਹੀ ਮੈਂ ਲਿਮਟ ਦੇ 15 ਹਜ਼ਾਰ ਰੁਪਏ ਪ੍ਰਤੀ ਏਕਡ਼ ਦੀ ਥਾਂ 10 ਹਜ਼ਾਰ ਰੁਪਏ  ਪੈਸੇ ਦੇਣ ਲਈ ਕਿਹਾ ਸੀ ਪਰ ਹੁਣ ਸਾਨੁੂੰ ਫਿਰ ਤੋਂ ਕਹਿ ਦਿੱਤਾ ਗਿਆ ਹੈ ਕਿ ਪਹਿਲਾਂ ਦੀ ਤਰ੍ਹਾਂ  15 ਹਜ਼ਾਰ ਰੁਪਏ ਪ੍ਰਤੀ ਏਕਡ਼ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਣ। ਉਨ੍ਹਾਂ ਅੱਗੇ ਕਿਹਾ ਕਿ  21  ਮਈ ਤੋਂ ਲਿਮਟ ਦੇ 15 ਹਜ਼ਾਰ ਰੁਪਏ ਪ੍ਰਤੀ ਏਕਡ਼  ਲਾਗੂ ਕੀਤੇ  ਗਏ  ਹਨ,  ਜਿਸ ਦੇ ਅਾਧਾਰ ’ਤੇ ਅਸੀਂ ਕੱਲ 135 ਕਿਸਾਨਾਂ ਨੂੰ 125 ਕਰੋਡ਼ ਰੁਪਏ ਵੰਡੇ ਹਨ। ਅੱਜ ਸਵੇਰੇ ਉਚ ਅਧਿਕਾਰੀਆਂ  ਵੱਲੋਂ ਇਹ ਰਕਮ 15 ਹਜ਼ਾਰ ਰੁਪਏ ਤੋਂ ਘਟਾ ਕੇ 10 ਹਜ਼ਾਰ ਰੁਪਏ ਵੰਡਣ ਦਾ ਹੁਕਮ ਆਇਆ ਸੀ ਪਰ ਕਿਸਾਨ ਜਥੇਬੰਦੀਆਂ ਅਤੇ  ਕੋਆਪ੍ਰੇਟਿਵ ਸੋਸਾਇਟੀ ਦੇ ਕਰਮਚਾਰੀਆਂ ਦੇ ਸੰਘਰਸ਼ ਨੂੰ ਦੇਖਦਿਆਂ ਪਹਿਲਾਂ ਦੀ ਤਰ੍ਹਾਂ ਲਿਮਟ ਦੀ ਰਕਮ 15 ਹਜ਼ਾਰ ਰੁਪਏ  ਦੇਣ  ਦਾ  ਹੁਕਮ  ਆ  ਗਿਆ, ਜਿਸ ਦੀ ਸੂਚਨਾ ਮੈਂ ਧਰਨੇ ਦੌਰਾਨ ਬੈਠੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਦੇ ਦਿੱਤੀ ਹੈ।

ਕੀ ਕਹਿਣੈ ਸਹਿਕਾਰੀ ਬੈਂਕ ਜ਼ਿਲਾ ਮੈਨੇਜਰ ਦਾ

ਜਦੋਂ ਇਸ ਸਬੰਧੀ ਸਹਿਕਾਰੀ ਬੈਂਕ ਮੈਨੇਜਰ ਜਸਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਮੀਟਿੰਗ ’ਚ ਬੈਠਾ ਹਾਂ, ਬਾਅਦ ਵਿਚ ਗੱਲ ਕਰਾਂਗਾ।


Related News