ਸਾਵਧਾਨ! ਇਕ ਛੋਟੀ ਜਿਹੀ ਗਲਤੀ ਤੁਹਾਡਾ ਬੈਂਕ ਖਾਤਾ ਕਰ ਸਕਦੀ ਹੈ ਖਾਲੀ

Thursday, Oct 03, 2024 - 03:27 PM (IST)

ਲੁਧਿਆਣਾ (ਰਾਜ)- ਅੱਜ ਦਾ ਯੁਗ ਡਿਜ਼ੀਟਲ ਯੁਗ ਹੈ। ਇਸ ਯੁਗ ’ਚ ਕੰਪਿਊਟਰ ਅਤੇ ਮੋਬਾਈਲ ਦੀ ਵਰਤੋਂ ਕਰ ਕੇ ਕੰਮ ’ਚ ਤੇਜ਼ੀ ਆਈ ਹੈ। ਤਕਨੀਕ ਦੇ ਇਸ ਯੁਗ ’ਚ ਘਰ ਬੈਠ ਕੇ ਕੰਮ ਕਰਨ ਦੀ ਸਹੂਲਤ ਅਤੇ ਹੋਰ ਸਹੂਲਤਾਂ ਮਿਲੀਆਂ ਹਨ ਪਰ ਇਸ ਤਕਨੀਕ ਦਾ ਫਾਇਦਾ ਉਠਾ ਕੇ ਕੁਝ ਸਾਈਬਰ ਠੱਗ ਅਪਰਾਧ ਨੂੰ ਅੰਜਾਮ ਦਿੰਦੇ ਹਨ।

ਇਨ੍ਹਾਂ ਦਿਨਾਂ ’ਚ ਸਾਈਬਰ ਠੱਗੀ ਦੇ ਨਵੇਂ-ਨਵੇਂ ਕੇਸ ਸਾਹਮਣੇ ਆ ਰਹੇ ਹਨ। ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਤੱਕ ਲੁੱਟ ਰਹੀ ਹੈ। ਸਾਈਬਰ ਅਪਰਾਧੀ ਨਵੇਂ-ਨਵੇਂ ਹਥਕੰਡੇ ਅਪਣਾ ਕੇ ਲੋਕਾਂ ਨੂੰ ਠੱਗ ਰਹੇ ਹਨ, ਜਿਸ ਕਾਰਨ ਪੁਲ ਦੀ ਚਿੰਤਾ ਵੀ ਵਧੀ ਹੋਈ ਹੈ। ਪੁਲਸ ਮੁਤਾਬਕ ਸਾਈਬਰ ਧੋਖਾਦੇਹੀ ਤੋਂ ਬਚਣ ਲਈ ਖੁਦ ਨੂੰ ਜਾਗਰੂਕ ਰੱਖੋ, ਕਿਉਂਕਿ ਸਾਈਬਰ ਠੱਗਾਂ ਤੋਂ ਬਚਣ ਲਈ ਜਾਗਰੂਕਤਾ ਹੀ ਇਕੋ ਇਕ ਉਪਾਅ ਹੈ।

ਅਸਲ ’ਚ ਸਾਈਬਰ ਠੱਗ ਵੱਖ-ਵੱਖ ਢੰਗ ਅਪਣਾ ਕੇ ਲੋਕਾਂ ਦੇ ਨਾਲ ਧੋਖਾਦੇਹੀ ਕਰਦੇ ਹਨ। ਅੱਜ ਕੱਲ ਸਾਈਬਰ ਠੱਗਾਂ ਨੇ ਗੁਗਲ ਸਰਚ ’ਤੇ ਆਪਣਾ ਜਾਲ ਵਿਛਾਇਆ ਹੋਇਆ ਹੈ। ਉਹ ਉਸ ਜਾਲ ’ਚ ਸ਼ਿਕਾਰ ਫਸਣ ਦਾ ਇੰਤਜ਼ਾਰ ਕਰਦੇ ਹਨ- ਜਿਵੇਂ ਹੀ ਸ਼ਿਕਾਰ ਉਨ੍ਹਾਂ ਦੇ ਜਾਲ ’ਚ ਫਸਦਾ ਹੈ, ਉਹ ਉਸ ਨੂੰ ਆਪਣਾ ਨਿਸ਼ਾਨਾ ਬਣਾ ਲੈਂਦੇ ਹਨ, ਕਿਉਂਕਿ ਲੋਕ ਗੂਗਲ ’ਤੇ ਜਾ ਕੇ ਕਿਸੇ ਸੰਸਥਾ ਜਾਂ ਕੰਪਨੀ ਦਾ ਨਾਂ ਸਰਚ ਕਰਦੇ ਹਨ ਅਤੇ ਉਥੇ ਜ਼ਿਆਦਾਤਰ ਸਭ ਤੋਂ ਉੱਪਰ ਵਾਲਾ ਲਿੰਕ ਕਲਿੱਕ ਕਰਦੇ ਹਨ ਤਾਂ ਉਸ ’ਚ ਕੰਪਨੀ ਦੇ ਮੋਬਾਈਲ ਨੰਬਰ ਆਉਂਦੇ ਹਨ। ਜ਼ਰੂਰੀ ਨਹੀਂ ਉਹ ਨੰਬਰ ਉਸੇ ਕੰਪਨੀ ਦਾ ਹੋਵੇ। ਉਹ ਕਿਸੇ ਸਾਈਬਰ ਠੱਗ ਦਾ ਵਿਛਾਇਆ ਹੋਇਆ ਜਾਲ ਵੀ ਹੋ ਸਕਦਾ ਹੈ।

ਜਦੋਂ ਤੁਸੀਂ ਉਸ ਨੰਬਰ ’ਤੇ ਗੱਲ ਕਰਦੇ ਹੋ ਤਾਂ ਸਾਈਬਰ ਠੱਗ ਤੁਹਾਨੂੰ ਗੱਲਾਂ ’ਚ ਉਲਝਾ ਲੈਣਗੇ ਅਤੇ ਤੁਹਾਡੀ ਮਦਦ ਈ ਤੁਹਾਨੂੰ ਭਰੋਸਾ ਵੀ ਦਿਵਾਉਣਗੇ। ਫਿਰ ਝਾਂਸਾ ਦੇ ਕੇ ਤੁਹਾਨੂੰ ਇਕ Çਲਿੰਕ ਭੇਜਣਗੇ ਜਾਂ ਫਿਰ ਕਿਸੇ ਹੋਰ ਢੰਗ ਨਾਲ ਤੁਹਾਨੂੰ ਉਲਝਾ ਕੇ ਤੁਹਾਡਾ ਬੈਂਕ ਅਕਾਊਂਟ ਖਾਲੀ ਕਰ ਦੇਣਗੇ।

ਗੈਸ ਸਿਲੰਡਰ ਦੇਰ ਨਾਲ ਆਉਣ ’ਤੇ ਕੰਪਨੀ ਦਾ ਹੈਲਪਲਾਈਨ ਨੰਬਰ ਕੀਤਾ ਸਰਚ, 11 ਲੱਖ ਠੱਗੇ ਗਏ

ਪਹਿਲੇ ਮਾਮਲੇ ’ਚ ਰਾਕੇਸ਼ ਖੰਨਾ ਨੇ ਗੈਸ ਸਿਲੰਡਰ ਦੇਰੀ ਨਾਲ ਡਲਿਵਰੀ ਹੋਣ ਦੀ ਸ਼ਿਕਾਇਤ ਕੰਪਨੀ ’ਚ ਦਰਜ ਕਰਵਾਉਣੀ ਸੀ। ਇਸ ਲਈ 17 ਸਤੰਬਰ ਨੂੰ ਗੁੂਗਲ ’ਤੇ ਕੰਪਨੀ ਦਾ ਕਸਟਮਰ ਕੇਅਰ ਦਾ ਨੰਬਰ ਲੱਭਿਆ ਸੀ ਪਰ ਨੰਬਰ ਲੱਭਦੇ ਹੋਏ ਉਹ ਸਾਈਬਰ ਠੱਗਾਂ ਦੇ ਜਾਲ ’ਚ ਫਸ ਗਏ, ਜੋ ਨੰਬਰ ਮਿਲਾ ਕੇ ਉਸ ’ਤੇ ਕਾਲ ਕੀਤੀ ਤਾਂ ਸਾਹਮਣਿਓਂ ਗੱਲ ਕਰਨ ਵਾਲੇ ਨੇ ਖੁਦ ਨੂੰ ਇੰਡੇਨ ਦਾ ਕਸਟਮਰ ਕੇਅਰ ਕਾਰਜਕਾਰੀ ਮੁਲਾਜ਼ਮ ਦੱਸਿਆ।

ਉਸ ਨੇ ਗੱਲਾਂ ’ਚ ਉਲਝਾ ਕੇ ਉਨ੍ਹਾਂ ਨੂੰ ਝਾਂਸੇ ’ਚ ਲੈ ਲਿਆ ਅਤੇ ਕਿਹਾ ਕਿ ਉਸ ਦੀ ਕੇ. ਵਾਈ. ਸੀ. ਨਹੀਂ ਹੋਈ। ਇਸ ਲਈ ਉਹ ਕੇ. ਵਾਈ. ਸੀ. ਫੀਸ ਲਈ 10 ਰੁਪਏ ਦੇਣ ਲਈ ਕਿਹਾ। ਸਾਈਬਰ ਠੱਗ ਨੇ ਉਸ ਨੂੰ ਇਕ ਵ੍ਹਟਸਐਪ ’ਤੇ ਲਿੰਕ ਭੇਜ ਦਿੱਤਾ। ਉਸ ਨੇ ਲਿੰਕ ਕਲਿੱਕ ਕਰ ਕੇ ਜਿਉਂ ਹੀ 10 ਰੁਪਏ ਆਨਲਾਈਨ ਕੀਤੇ ਤਾਂ ਉਸ ਦੇ ਖਾਤੇ ’ਚੋਂ ਵੱਖ-ਵੱਖ ਐਂਟਰੀਆਂ ਜ਼ਰੀਏ 11 ਲੱਖ ਰੁਪਏ ਟ੍ਰਾਂਸਫਰ ਕਰਵਾ ਲਏ।

ਇਹ ਖ਼ਬਰ ਵੀ ਪੜ੍ਹੋ - ਖੇਡਦੀ-ਖੇਡਦੀ ਬੱਚੀ ਨਾਲ ਵਾਪਰ ਗਈ ਅਣਹੋਣੀ! ਮਾਂ ਦੀਆਂ ਅੱਖਾਂ ਮੂਹਰੇ ਤੜਫ਼-ਤੜਫ਼ ਕੇ ਨਿਕਲੀ ਜਾਨ

ਇਹ ਪੈਸੇ ਬੰਧਨ ਬੈਂਕ, ਐੱਨ. ਐੱਸ. ਡੀ. ਐੱਲ. ਪੇਮੈਂਟ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਕੋਟਿਕ ਮਹਿੰਦਰਾ, ਸੈਂਟਰਲ ਬੈਂਕ ਆਫ ਇੰਡੀਆ, ਯੂਨੀਅਨ ਬੈਂਕ, ਇੰਡੀਅਨ ਬੈਂਕ ਅਤੇ ਐੱਚ. ਡੀ. ਐੱਫ. ਸੀ. ਬੈਂਕ ਸਮੇਤ 22 ਵੱਖ-ਵੱਖ ਬੈਂਕ ਖਾਤਿਆਂ ’ਚ ਟ੍ਰਾਂਸਫਰ ਕੀਤੇ ਗਏ, ਜੋ ਕਿ ਅਸਮ, ਮੁੰਬਈ, ਦਿੱਲੀ, ਗੁਜਰਾਤ ਅਤੇ ਰਾਜਸਥਾਨ ’ਚ ਮੌਜੂਦ ਸਨ, ਜਿਨ੍ਹਾਂ ਤੋਂ ਪੈਸੇ ਵੀ ਕਢਵਾ ਲਏ ਗਏ।

ਮਾਤਾ ਵੈਸ਼ਣੋ ਦੇਵੀ ਜਾਣ ਲਈ ਕਰਵਾਈ ਹਵਾਈ ਟਿਕਟ, 50 ਹਜ਼ਾਰ ਠੱਗੇ ਗਏ

ਇਸੇ ਤਰ੍ਹਾਂ ਦੂਜੇ ਕੇਸ ’ਚ ਹੈਬੋਵਾਲ ਦੇ ਰਹਿਣ ਵਾਲੇ ਅਮਿਤ ਨੇ ਦੱਸਿਆ ਕਿ ਉਸ ਨੇ ਆਪਣੇ ਪਰਿਵਾਰ ਨਾਲ ਮਾਤਾ ਵੈਸ਼ਣੋ ਦੇਵੀ ਜਾਣਾ ਸੀ। ਇਸ ਲਈ ਉਸ ਨੇ ਗੁੂਗਲ ’ਤੇ ਸਰਚ ਕਰ ਕੇ ਹਿਮਾਲੀਅਨ ਹੈਲੀ ਸਰਚ ਕੰਪਨੀ ਨੂੰ ਸਰਚ ਕੀਤਾ ਸੀ। ਉਸ ’ਤੇ ਆਏ ਨੰਬਰਾਂ ’ਤੇ ਸੰਪਰਕ ਕਰ ਕੇ ਉਸ ਨੇ ਟਿਕਟ ਬੁਕ ਕਰਵਾ ਲਈ ਅਤੇ ਕਰੀਬ 50,000 ਰੁਪਏ ਵੀ ਦੇ ਦਿੱਤੇ ਸਨ ਪਰ ਉਸ ਨੂੰ ਇਕ ਹਫਤੇ ਬਾਅਦ ਜਾ ਕੇ ਪਤਾ ਲੱਗਾ ਕਿ ਉਸ ਦੇ ਨਾਲ ਠੱਗੀ ਹੋ ਚੁੱਕੀ ਹੈ। ਉਸ ਦੀ ਹਵਾਈ ਟਿਕਟ ਫਰਜ਼ੀ ਸੀ, ਜਿਸ ਵੈੱਬਸਾਈਟ ’ਤੇ ਉਸ ਨੇ ਟਿਕਟ ਬੁਕ ਕਰਵਾਈ ਸੀ, ਉਹ ਠੱਗਾਂ ਦੀ ਸੀ।

ਲਿੰਕ ਕਲਿੱਕ ਕਰਦੇ ਹੀ ਕ੍ਰੈਡਿਟ ਕਾਰਡ ਤੋਂ 40 ਹਜ਼ਾਰ ਦੀ ਹੋਈ ਸ਼ਾਪਿੰਗ

ਇਸਲਾਮਗੰਜ ਦੇ ਰਹਿਣ ਵਾਲੇ ਬਿੰਨੀ ਨਿਰਵਾਨ ਨੇ ਦੱਸਿਆ ਕਿ ਉਸ ਕੋਲ ਇਕ ਬੈਂਕ ਦਾ ਕ੍ਰੈਡਿਟ ਕਾਰਡ ਹੈ। ਕੁਝ ਦਿਨ ਪਹਿਲਾਂ ਉਸ ਨੂੰ ਇਕ ਕਾਲ ਆਈ ਸੀ। ਕਾਲ ਕਰਨ ਵਾਲਾ ਖੁਦ ਨੂੰ ਬੈਂਕ ਦਾ ਮੁਲਾਜ਼ਮ ਦੱਸ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਉਸ ਦਾ ਬਿੱਲ ਅਜੇ ਬਾਕੀ ਹੈ। ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਨੌਜਵਾਨ ਨੇ ਉਸ ਨੂੰ ਇਕ ਲਿੰਕ ਭੇਜ ਕੇ ਸਟੇਟਮੈਂਟ ਦੇਖਣ ਲਈ ਕਿਹਾ।

ਜਿਉਂ ਹੀ ਉਸ ਨੇ ਲਿੰਕ ਕਲਿੱਕ ਕੀਤਾ ਤਾਂ ਉਸ ਦੇ ਕ੍ਰੈਡਿਟ ਕਾਰਡ ਤੋਂ ਵੱਖ-ਵੱਖ ਐਂਟਰੀਆਂ ਜ਼ਰੀਏ ਗੁੜਗਾਓਂ ਅਤੇ ਨੋਇਡਾ ’ਚ ਆਨਲਾਈਨ ਸ਼ਾਪਿੰਗ ਹੋ ਗਈ। ਕਰੀਬ 50,000 ਰੁਪਏ ਦੀ ਸ਼ਾਪਿੰਗ ਕੀਤੀ ਗਈ ਪਰ ਉਸ ਨੂੰ ਇਸ ਠੱਗੀ ਦਾ ਕੁਝ ਦਿਨਾਂ ਬਾਅਦ ਜਾ ਕੇ ਪਤਾ ਲੱਗਾ। ਜਦੋਂ ਉਹ ਬੈਂਕ ਗਿਆ। ਇਸ ਤੋਂ ਬਾਅਦ ਉਸ ਨੇ ਸਾਈਬਰ ਥਾਣੇ ’ਚ ਜਾ ਕੇ ਸ਼ਿਕਾਇਤ ਦਰਜ ਕਰਵਾਈ।

ਇਸ ਤਰ੍ਹਾਂ ਠੱਗੀ ਤੋਂ ਬਚਿਆ ਜਾ ਸਕਦੈ : ਇੰਸ. ਜਤਿੰਦਰ ਸਿੰਘ

ਸਾਈਬਰ ਠੱਗੀ ਤੋਂ ਬਚਣ ਲਈ ਸਿਰਫ ਜਾਗਰੂਕਤਾ ਜ਼ਰੂਰੀ ਹੈ। ਪੁਲਸ ਸਮੇਂ-ਸਮੇਂ ’ਤੇ ਲੋਕਾਂ ਨੂੰ ਜਾਗਰੂਕ ਕਰਦੀ ਰਹਿੰਦੀ ਹੈ। ਗੂਗਲ ’ਤੇ ਠੱਗਾਂ ਦਾ ਜਾਲ ਵਿਛਿਆ ਹੋਇਆ ਹੈ। ਇਸ ਲਈ ਗੂਗਲ ’ਤੇ ਸਰਚ ਕਰਨ ਦੀ ਬਜਾਏ ਕੰਪਨੀ ਜਾਂ ਸੰਸਥਾ ਦੀ ਵੈੱਬਸਾਈਟ ’ਤੇ ਜਾ ਕੇ ਹੀ ਫੋਨ ਨੰਬਰ ਪ੍ਰਾਪਤ ਕਰ ਕੇ ਗੱਲਬਾਤ ਕਰੋ।

ਇਸ ਤੋਂ ਇਲਾਵਾ ਜੇਕਰ ਕੋਈ ਵੀ ਵਿਅਕਤੀ ਤੁਹਾਨੂੰ ਫੋਨ ਰਾਹੀਂ ਤੁਹਾਡੇ ਫਾਇਦੇ ਦੀ ਗੱਲ ਕਰਦਾ ਹੈ ਤਾਂ ਇਸ ਤਰ੍ਹਾਂ ਦੇ ਵਿਅਕਤੀ ਤੋਂ ਸਾਵਧਾਨ ਹੋ ਕੇ ਗੱਲ ਕਰੋ ਅਤੇ ਕਿਸੇ ਵੀ ਤਰ੍ਹਾਂ ਦੀ ਨਿੱਜੀ ਜਾਣਕਾਰੀ ਜਾਂ ਦਸਤਾਵੇਜ਼ ਆਦਿ ਉਸ ਦੇ ਨਾਲ ਸਾਂਝਾ ਨਾ ਕਰੋ। ਇਸ ਤੋਂ ਇਲਾਵਾ ਆਨਲਾਈਨ ਐਪ (ਗੁਗਲ-ਪੇ, ਫੋਨ-ਪੇ, ਪੇ. ਟੀ. ਐੱਮ.) ਆਦਿ ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਵਰਤੋਂ, ਕਿਉਂਕਿ ਪੈਸੇ ਦਾ ਲੈਣ-ਦੇਣ ਕਰਦੇ ਸਮੇਂ ਧੋਖਾਦੇਹੀ ਹੋ ਸਕਦੀ ਹੈ।

ਸਾਈਬਰ ਠੱਗ ਤੁਹਾਨੂੰ ਫੋਨ ਕਰ ਕੇ ਕਹਿੰਦੇ ਹਨ ਕਿ ਉਸ ਨੇ ਤੁਹਾਨੂੰ ਗੂਗਲ-ਪੇ ਜਾਂ ਫੋਨ-ਪੇ ’ਤੇ ਪੈਸਾ ਟ੍ਰਾਂਸਫਰ ਕਰ ਦਿੱਤਾ ਹੈ। ਜਦੋਂ ਤੁਸੀਂ ਐਪ ਨੂੰ ਓਪਨ ਕਰ ਕੇ ਦੇਖਦੇ ਹੋ ਤਾਂ ਉਸ ’ਚ ਪੈਸੇ ਐਕਸੈਪਟ ਨਾਲ ਸਬੰਧਤ ਲਿੰਕ ਹੁੰਦਾ ਹੈ, ਜਿਸ ’ਤੇ ਤੁਸੀਂ ਕਲਿੱਕ ਕਰ ਕੇ ਆਪਣਾ ਪਿਨ ਪਾਉਂਦੇ ਹੋ ਤਾਂ ਤੁਹਾਡੇ ਖਾਤੇ ’ਚੋਂ ਪੈਸੇ ਕੱਟ ਜਾਂਦੇ ਹਨ। ਇਸ ਤਰ੍ਹਾਂ ਦੇ ਕਿਸੇ ਵੀ ਲਿੰਕ ’ਤੇ ਕਲਿੱਕ ਨਾ ਕਰੋ, ਨਾ ਹੀ ਕਿਸੇ ਵਿਅਕਤੀ ਵੱਲੋਂ ਕਹਿਣ ’ਤੇ ਕਿਸੇ ਵੀ ਤਰ੍ਹਾਂ ਦੀ ਰਿਮੋਟਲੀ ਐਪ (ਐਨੀ ਡੈਸਕ, ਟੀਮ ਵਿਊਅਰ) ਨਾ ਇੰਸਟਾਲ ਕਰੋ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News