ਸਰਪੰਚੀ ਨੇ ਬਣਾਇਆ ਸੀ ਬੇਅੰਤ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ

Saturday, Oct 05, 2024 - 03:08 PM (IST)

ਲੁਧਿਆਣਾ (ਮੁੱਲਾਂਪੁਰੀ)- ਪੰਜਾਬ ਦੇ ਸਾਢੇ 14 ਹਜ਼ਾਰ ਦੇ ਲਗਭਗ ਪਿੰਡਾਂ ਵਿਚ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਚੋਣਾਂ ਲੜਨ ਵਾਲੇ ਮੈਦਾਨ ਵਿਚ ਆ ਗਏ ਹਨ। ਪਿੰਡਾਂ ਵਿਚ ਲਾਲ ਪਰੀ, ਠੰਢੇ, ਪਕੌੜੇ, ਜਲੇਬੀਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਜਦੋਂਕਿ ਦੇਸ਼ ਦੇ ਮੁੱਢਲੇ ਲੋਕਤੰਤਰ ਦੀਆਂ ਜ੍ਹੜਾਂ ਇਨ੍ਹਾਂ ਪੰਚਾਇਤੀ ਚੋਣਾਂ ਨੂੰ ਭਾਵੇਂ ਅਸੀਂ ਛੋਟੀਆਂ ਚੋਣਾਂ ਮੰਨ ਕੇ ਚਲਦੇ ਹਾਂ ਪਰ ਇਨ੍ਹਾਂ ਦਾ ਸਿਆਸੀ ਕੱਦ ਬਹੁਤ ਵੱਡਾ ਹੈ। ਇਸ ਵਿਚੋਂ ਕਈ ਸਰਪੰਚਾਂ ਦੇ ਸਮੇਂ ਸਮੇਂ ’ਤੇ ਚੇਅਰਮੈਨੀਆਂ, ਵਿਧਾਇਕੀਆਂ ਤੇ ਮੁੱਖ ਮੰਤਰੀ ਤੱਕ ਦੀ ਕਲਗੀ ਲੱਗਣੀ ਵੀ ਨਸੀਬ ਹੋਈ ਹੈ।

ਜਿਵੇਂ ਕਿ ਲੁਧਿਆਣਾ ਜ਼ਿਲੇ ਦੇ ਪਿੰਡ ਬਿਲਾਸਪੁਰ ’ਚ 1962 ਵਿਚ ਪੰਚਾਇਤ ਚੋਣ ਜਿੱਤ ਕੇ ਸਵ. ਬੇਅੰਤ ਸਿੰਘ ਸਰਪੰਚ ਬਣੇ। ਇਸ ਉਪਰੰਤ 1980 ’ਚ ਕੈਬਨਿਟ ਮੰਤਰੀ ਤੇ ਫਿਰ 1992 ’ਚ ਪੰਜਾਬ ਦੇ ਮੁੱਖ ਮੰਤਰੀ ਬਣੇ। ਇਸੇ ਤਰ੍ਹਾਂ ਲੋਹਪੁਰਸ਼ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਕੈਬਨਿਟ ਮੰਤਰੀ ਜਗਦੇਵ ਸਿੰਘ ਤਲਵੰਡੀ ਵੀ ਨਗਰ ਤਲਵੰਡੀ ਦੇ ਪਹਿਲਾਂ ਕਈ ਵਰ੍ਹੇ ਸਰਪੰਚ ਰਹੇ ਤੇ ਫਿਰ ਵੱਡੀਆਂ ਪੁਜ਼ੀਸ਼ਨਾਂ ’ਤੇ ਪੁੱਜੇ। ਇਸੇ ਤਰ੍ਹਾਂ ਪਿੰਡ ਆਲੀਵਾਲ ਦੇ ਅਮਰੀਕ ਸਿੰਘ ਆਲੀਵਾਲ ਸਰਪੰਚ ਰਹੇ ਅਤੇ ਬਾਅਦ ਵਿਚ 2 ਵਾਰ ਐੱਮ. ਪੀ. ਬਣੇ। ਇਸੇ ਤਰ੍ਹਾਂ 2 ਵਾਰ ਮੈਂਬਰ ਪਾਰਲੀਮੈਂਟ ਰਹੇ ਗੁਰਚਰਨ ਸਿੰਘ ਗਾਲਿਬ ਪੰਚਾਇਤਾਂ ਰਾਹੀਂ ਚੁਣੀ ਜਾਂਦੀ ਬਲਾਕ ਸੰਮਤੀ ਦੀ ਚੇਅਰਮੈਨੀ ਵੀ ਉਨ੍ਹਾਂ ਦੇ ਹਿੱਸੇ ਆਈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਬੰਬ ਦੀ ਧਮਕੀ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ

ਜਦੋਂਕਿ ਨੌਜਵਾਨ ਅਕਾਲੀ ਦਲ ਤੋਂ 3 ਵਾਰ ਵਿਧਾਇਕ ਬਣਨ ਵਾਲੇ ਮਨਪ੍ਰੀਤ ਸਿੰਘ ਇਆਲੀ ਵੀ ਪਿੰਡ ਇਆਲੀ ਖੁਰਦ ਦੀ ਸਰਪੰਚੀ ਦਾ ਆਨੰਦ ਮਾਣ ਚੁੱਕਾ ਹੈ। ਇਸੇ ਤਰ੍ਹਾਂ ਤਾਰਾ ਸਿੰਘ ਗੋਰਸੀਆਂ ਜੋ ਨਗਰ ਦੇ ਸਰਪੰਚ ਤੇ ਫਿਰ ਵਿਧਾਇਕ ਬਣੇ, ਭਜਨ ਸਿੰਘ ਦੇਤਵਾਲ ਨਗਰ ਦੇ ਸਰਪੰਚ ਅਤੇ ਬਲਾਕ ਸੰਮਤੀ ਦੇ ਚੇਅਰਮੈਨ ਵੀ ਰਹੇ, ਜਦੋਂਕਿ ਹਰਵਿੰਦਰ ਸਿੰਘ ਲੱਖੋਵਾਲ ਨਗਰ ਦੇ ਸਰਪੰਚ ਅਤੇ ਫਿਰ ਸ਼ੂਗਰ ਮਿੱਲ ਬੁੱਢੇਵਾਲ ਦੇ ਕਈ ਸਾਲ ਚੇਅਰਮੈਨ ਰਹੇ।

ਬੇਟ ਏਰੀਆ ਦੀ ਰਾਜਧਾਨੀ ਸਮਝੇ ਜਾਂਦੇ ਨਗਰ ਹੰਬੜਾਂ ਦੇ ਅਲਵੇਲ ਸਿੰਘ ਧਾਲੀਵਾਲ ਆਪਣੇ ਸਮੇਂ ਦੇ ਸਰਪੰਚ ਰਹੇ ਅਤੇ ਉਨ੍ਹਾਂ ਦੀ ਸਰਕਾਰੇ ਦਰਬਾਰੇ ਖੂਬ ਤੂਤੀ ਬੋਲਦੀ ਸੀ। ਇਸੇ ਤਰ੍ਹਾਂ ਲੁਧਿਆਣਾ ਜ਼ਿਲੇ ’ਚ ਕਈ ਐਸੇ ਸਰਪੰਚ ਵੀ ਬਣੇ ਜੋ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਲੈਂਡ ਮਾਰਗੇਟ ਦੀਆਂ ਚੇਅਰਮੈਨ ਦਾ ਆਨੰਦ ਮਾਣ ਚੁੱਕੇ ਹਨ। ਗੱਲ ਕੀ, ਪੰਚਾਇਤ ਦੀ ਚੋਣ ਭਾਵੇਂ ਛੋਟੀ ਹੈ ਪਰ ਲੋਕਤੰਤਰ ਦੀ ਇਕ ਐਸੀ ਜੜ੍ਹ ਹੈ, ਜੋ ਜ਼ਿੰਦਗੀ ਵਿਚ ਛੋਟੀਆਂ ਕਰੁੰਬਲਾਂ ਤੋਂ ਵੱਡੇ ਦਰੱਖਤ ਬਣਾ ਦਿੰਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News