ਸ਼ਾਤਰ ਠੱਗਾਂ ਨੇ ਨਾਟਕੀ ਢੰਗ ਨਾਲ ਸੁਪਰੀਮ ਕੋਰਟ ਦਾ ਬਣਾਇਆ ਰੂਮ, ਜੱਜ ਤੇ ਐਡਵੋਕੇਟ ਬਣ ਕੇ ਕਰਵਾਈ ਸੁਣਵਾਈ
Tuesday, Oct 01, 2024 - 03:28 PM (IST)
ਲੁਧਿਆਣਾ (ਰਾਜ)- ਵਰਧਮਾਨ ਗਰੁੱਪ ਦੇ ਚੇਅਰਮੈਨ ਐੱਸ. ਪੀ. ਓਸਵਾਲ ਨਾਲ ਹੋਈ ਠੱਗੀ ਦੇ ਮਾਮਲੇ ’ਚ ਫੜੇ ਗਏ ਮੁਲਜ਼ਮਾਂ ਤੋਂ ਕਈ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਹਨ। ਫੜੇ ਗਏ ਮੁਲਜ਼ਮ ਅਤਲੂ ਚੌਧਰੀ ਅਤੇ ਆਨੰਦ ਚੌਧਰੀ ਤਾਂ ਸਿਰਫ ਪਿਆਦੇ ਹਨ, ਜਦੋਂਕਿ ਇਸ ਗਿਰੋਹ ਦੇ ਮਾਸਟਰਮਾਈਂਡ ਅਜੇ ਪੁਲਸ ਦੇ ਹੱਥ ਨਹੀਂ ਲੱਗੇ, ਜੋ ਕਿ ਇੰਨੇ ਸ਼ਾਤਰ ਹਨ ਕਿ ਉਨ੍ਹਾਂ ਨੇ ਕਾਰੋਬਾਰੀ ਨੂੰ ਝਾਂਸਾ ਦੇਣ ਲਈ ਇਕ ਨਕਲੀ ਸੁਪਰੀਮ ਕੋਰਟ ਹੀ ਬਣਾ ਦਿੱਤੀ ਸੀ, ਜਿਸ ਵਿਚ ਇਕ ਵਿਅਕਤੀ ਸੁਪਰੀਮ ਕੋਰਟ ਦਾ ਜੱਜ ਬਣ ਕੇ ਬੈਠ ਗਿਆ ਅਤੇ ਦੂਜਾ ਐਡਵੋਕੇਟ।
ਉਨ੍ਹਾਂ ਨੇ ਵੀਡੀਓ ਕਾਨਫਰੰਸ ਜ਼ਰੀਏ ਕਾਰੋਬਾਰੀ ਐੱਸ. ਪੀ. ਓਸਵਾਲ ਦੀ ਅਦਾਲਤ ’ਚ ਸੁਣਵਾਈ ਵੀ ਕਰਵਾਈ, ਤਾਂ ਕਿ ਸਭ ਕੁਝ ਅਸਲੀ ਲੱਗੇ। ਠੱਗੀ ਦੇ ਨਾਟਕ ’ਚ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਛੱਡਿਆ, ਜੋ ਅਸਲੀ ਨਾ ਲੱਗੇ। ਇੰਨਾ ਹੀ ਨਹੀਂ, ਮੁਲਜ਼ਮਾਂ ਨੇ ਇਕ ਦਫਤਰ ਵੀ ਤਿਆਰ ਕੀਤਾ ਸੀ, ਜੋ ਬਿਲਕੁਲ ਸੀ. ਬੀ. ਆਈ. ਆਫਿਸ ਵਾਂਗ ਲੱਗ ਰਿਹਾ ਸੀ। ਉਸ ਦੇ ਪਿੱਛੇ ਮੰਬਈ ਪੁਲਸ ਸੀ. ਬੀ. ਆਈ. ਦਾ ਲੋਗੋ ਲੱਗਾ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ - ਚੱਲ ਗਈਆਂ ਗੋਲ਼ੀਆਂ, ਕੁਲਬੀਰ ਜ਼ੀਰਾ ਜ਼ਖ਼ਮੀ, ਨਾਮਜ਼ਦਗੀ ਵੇਲੇ ਪਿਆ ਰੌਲ਼ਾ
ਇਕ ਮੁਲਜ਼ਮ ਨੇ ਨਕਲੀ ਵਰਦੀ ਪਹਿਨ ਕੇ ਅਤੇ ਸੀ. ਬੀ. ਆਈ. ਦਾ ਅਧਿਕਾਰੀ ਬਣ ਕੇ ਕਾਰੋਬਾਰੀ ਨੂੰ ਸਕਾਈਪੇ ’ਤੇ ਵੀਡੀਓ ਕਾਲ ਵੀ ਕੀਤੀ ਸੀ, ਤਾਂ ਕਿ ਕੋਈ ਸ਼ੱਕ ਨਾ ਹੋਵੇ। ਇਸ ਲਈ ਕਾਰੋਬਾਰੀ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਹੋਇਆ ਕਿ ਉਸ ਦੇ ਨਾਲ ਬਹੁਤ ਵੱਡਾ ਫਰਾਡ ਹੋ ਰਿਹਾ ਹੈ।
ਸੁਪਰੀਮ ਕੋਰਟ ਦੇ ਫਰਜ਼ੀ ਅਰੈਸਟ ਵਾਰੰਟ ਭੇਜੇ
ਮੁਲਜ਼ਮ ਠੱਗਾਂ ਨੇ ਸਭ ਕੁਝ ਸਹੀ ਦਿਖਾਉਣ ਲਈ ਕਾਰੋਬਾਰੀ ਨੂੰ ਇਕ ਸੁਪਰੀਮ ਕੋਰਟ ਦਾ ਡਿਜ਼ੀਟਲ ਅਰੈਸਟ ਵਾਰੰਟ ਵੀ ਭੇਜਿਆ ਸੀ ਅਤੇ ਕਿਹਾ ਕਿ ਉਕਤ ਵਾਰੰਟ ਤਹਿਤ ਉਹ ਉਨ੍ਹਾਂ ਨੂੰ ਗ੍ਰਿਫਤਾਰ ਕਰ ਸਕਦੇ ਹਨ। ਮੁਲਜ਼ਮਾਂ ਨੇ ਕਾਰੋਬਾਰੀ ਸਬੰਧੀ ਸਭ ਕੁਝ ਪਹਿਲਾਂ ਹੀ ਸਟਡੀ ਕੀਤਾ ਹੋਇਆ ਸੀ।
ਇਸ ਲਈ ਉਨ੍ਹਾਂ ਕਿਹਾ ਕਿ ਵੀ ਕਿ ਉਨ੍ਹਾਂ ਨੂੰ ਪਤਾ ਹੈ ਕਿ ਉਹ ਵਿਸ਼ਵ ਦੇ ਪ੍ਰਮੁੱਖ ਵਿਅਕਤੀਆਂ ’ਚ ਮੰਨੇ ਜਾਂਦੇ ਹਨ। ਉਹ ਸਿਰਫ ਕੇਸ ਦੀ ਜਾਂਚ ਕਰ ਰਹੇ ਹਨ। ਇਸ ਲਈ ਉਹ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ। ਮੁਲਜ਼ਮਾਂ ਨੇ ਜੋ ਵੀ ਕੇਸ ਸਬੰਧੀ ਦਸਤਾਵੇਜ਼ ਭੇਜੇ ਸਨ, ਉਹ ਬਿਲਕੁਲ ਅਸਲੀ ਲੱਗ ਰਹੇ ਸਨ। ਉਨ੍ਹਾਂ ਨੇ ਉਨ੍ਹਾਂ ਨੂੰ ਬੁਲਾਉਣ ਲਈ ਸੰਮਨ ਵੀ ਭੇਜਿਆ ਸੀ। ਇਸ ਲਈ ਉਹ ਠੱਗਾਂ ਦੇ ਝਾਂਸੇÇ ’ਚ ਆ ਗਏ ਸਨ।
ਵਿਦੇਸ਼ ਨਾਲ ਜੁੜੇ ਠੱਗਾਂ ਦੇ ਤਾਰ
ਪੁਲਸ ਨੇ ਕੇਸ ਦੀ ਜਾਂਚ ’ਚ ਮੁਲਜ਼ਮਾਂ ਦੇ ਵ੍ਹਟਸਐਪ ਕਾਲਾਂ ਦੀ ਡਿਟੇਲ ਕਢਵਾਈ ਹੈ। ਉਨ੍ਹਾਂ ਵ੍ਹਟਸਐਪ ਦੇ ਆਈ. ਪੀ. ਐਡਰੈੱਸ ਕਢਵਾਏ ਤਾਂ ਉਹ ਵਿਦੇਸ਼ (ਕੰਬੋਡੀਆ) ਨਾਲ ਜੁੜੇ ਹੋਏ ਮਿਲੇ। ਉਸ ਦੀ ਹੋਰ ਡਿਟੇਲ ਦੇ ਲਈ ਇੰਡੀਅਨ ਸਾਈਬਰ ਸੈੱਲ ਦੇ ਵਿਭਾਗ ਨੂੰ ਲਿਖ ਕੇ ਭੇਜਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਅਸਲੀ ਮਾਸਟਰਮਾਈਂਡ ਵਿਦੇਸ਼ ’ਚ ਬੈਠੇ ਹਨ। ਉਨ੍ਹਾਂ ਬਾਰੇ ਪਤਾ ਲਗਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਕੇਸ ਸੁਲਝਾਉਣ ਵਾਲੇ ਅਧਿਕਾਰੀਆਂ ਨੂੰ ਮਿਲੀ ਡੀ. ਜੀ. ਪੀ. ਡਿਸਕ
ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਵਰਧਮਾਨ ਗਰੁੱਪ ਦੇ ਮਾਲਕ ਨਾਲ ਠੱਗੀ ਦਾ ਕੇਸ ਜਲਦ ਹੱਲ ਕਰਨਾ ਸਾਈਬਰ ਅਪਰਾਧ ਖਿਲਾਫ ਚੱਲ ਰਹੀ ਲੜਾਈ ਦੇ ਬਦਲੇ ਮਜ਼ਬੂਤ ਪ੍ਰਾਪਤੀ ਅਤੇ ਮਿਸਾਲ ਹੈ। ਕੇਸ ਹੱਲ ਕਰਨ ਵਾਲੀ ਕਮਿਸ਼ਨਰੇਟ ਲੁਧਿਆਣਾ ਪੁਲਸ ਦੀ ਟੀਮ ਨੂੰ ਕਮੋਂਡੇਸ਼ਨ ਡਿਸਕ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ’ਚ ਸੀ. ਪੀ. ਲੁਧਿਆਣਾ ਕੁਲਦੀਪ ਸਿੰਘ ਚਾਹਲ, ਐੱਸ. ਐੱਚ. ਓ. ਸਾਈਬਰ ਕ੍ਰਾਈਮ ਜਤਿੰਦਰ ਸਿੰਘ, ਏ. ਐੱਸ. ਆਈ. ਰਾਜ ਕੁਮਾਰ, ਏ. ਐੱਸ. ਆਈ. ਪਰਮਜੀਤ ਸਿੰਘ, ਐੱਚ. ਸੀ. ਰਾਜੇਸ਼ ਕੁਮਾਰ, ਸੀ. ਟੀ. ਰੋਹਿਤ ਅਤੇ ਸੀ. ਟੀ. ਸਿਮਰਦੀਪ ਸਿੰਘ ਸ਼ਾਮਲ ਹਨ। ਡੀ. ਜੀ. ਪੀ. ਨੇ ਆਪਣੇ ਬਿਆਨ ’ਚ ਇਸ ਪੂਰੇ ਆਪ੍ਰੇਸ਼ਨ ਨੂੰ ਸਫਲ ਬਣਾਉਣ ਲਈ ਡੀ. ਜੀ. ਪੀ. ਅਸਾਮ ਦਾ ਵੀ ਧੰਨਵਾਦ ਜਤਾਇਆ।
9 ਮੁਲਜ਼ਮ ਕੀਤੇ ਨਾਮਜ਼ਦ, ਮਾਸਟਰਮਾਈਂਡ ਅਜੇ ਫਰਾਰ
ਇਸ ਮਾਮਲੇ ’ਚ ਪੁਲਸ ਨੇ 9 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਤਲੂ ਚੌਧਰੀ, ਆਨੰਦ ਕੁਮਾਰ ਚੌਧਰੀ, ਨਿੰਮੀ ਭੱਟਾਚਾਰੀਆ, ਅਲੋਕ ਰੰਗੀ, ਗੁਲਾਮ ਮੋਰਤਜਾ, ਸੰਜੇ ਸੁਘਰਾਧਰ, ਰਿਟੂ, ਰੂਮੀ ਅਤੇ ਜਾਕਿਰ ਹਨ। ਇਹ ਸਾਰੇ ਮੁਲਜ਼ਮ ਅਸਾਮ ਦੇ ਗੁਹਾਟੀ ਦੇ ਰਹਿਣ ਵਾਲੇ ਹਨ, ਜਿਸ ’ਚੋਂ ਪੁਲਸ ਨੇ ਅਤਲੂ ਚੌਧਰੀ ਅਤੇ ਆਨੰਦ ਚੌਧਰੀ ਨੂੰ ਅਸਾਮ ਤੋਂ ਫੜ ਲਿਆ ਹੈ, ਜਦੋਂਕਿ ਇਸ ਗੈਂਗ ਦਾ ਫਾਈਨਾਂਸ਼ੀਅਲ ਮਾਸਟਰਮਾਈਂਡ ਮਹਿਲਾ ਰੂਮੀ ਹੈ, ਜੋ ਪਹਿਲਾਂ ਐੱਸ. ਬੀ. ਆਈ. ਬੈਂਕ ’ਚ ਕੰਮ ਕਰਦੀ ਸੀ। ਇਸ ਲਈ ਉਸ ਨੂੰ ਸਾਰੇ ਬੈਂਕਾਂ ਦੇ ਰੂਲਸ ਬਾਰੇ ਪਤਾ ਸੀ। ਉਸੇ ਨੇ ਹੀ ਅਕਾਊਂਟ ਦਾ ਪ੍ਰਬੰਧ ਕੀਤਾ ਸੀ ਅਤੇ ਪੈਸੇ ਕਢਵਾਉਣ ਦਾ ਕੰਮ ਵੀ ਉਸ ਦਾ ਹੀ ਸੀ।
ਇਹ ਖ਼ਬਰ ਵੀ ਪੜ੍ਹੋ - 'ਔਰਤਾਂ ਨੂੰ ਮਿਲਣਗੇ 1100 ਰੁਪਏ ਤੇ ਸੂਟ!', ਮਹਿਲਾਵਾਂ ਨੂੰ ਲੱਗਣਗੀਆਂ ਮੌਜਾਂ
ਇਸ ਤੋਂ ਇਲਾਵਾ ਪੁਲਸ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਨਾਮਜ਼ਦ ਮੁਲਜ਼ਮਾਂ ’ਚ ਸੀ. ਬੀ. ਆਈ. ਅਧਿਕਾਰੀ, ਜੱਜ ਅਤੇ ਵਕੀਲ ਕਿਹੜੇ-ਕਿਹੜੇ ਬਣੇ ਸਨ। ਪੁਲਸ ਦਾ ਕਹਿਣਾ ਹੈ ਕਿ ਹਾਲ ਦੀ ਘੜੀ 9 ਮੁਲਜ਼ਮਾਂ ਸਬੰਧੀ ਪਤਾ ਲੱਗਾ ਹੈ, ਜਦੋਂਕਿ ਇਸ ਤੋਂ ਜ਼ਿਆਦਾ ਮੁਲਜ਼ਮ ਕੇਸ ’ਚ ਸ਼ਾਮਲ ਹੋਣ ਦਾ ਸ਼ੱਕ ਹੈ।
ਇਹ ਸੀ ਮਾਮਲਾ
29 ਅਗਸਤ ਨੂੰ ਵਿਸ਼ਵ ਦੀ ਪ੍ਰਮੁੱਖ ਟੈਕਸਟਾਈਲ ਅਤੇ ਯਾਰਨ ਕੰਪਨੀ ਵਰਧਮਾਨ ਗਰੁੱਪ ਦੇ ਚੇਅਰਮੈਨ ਅਤੇ ਪਦਮਸ਼੍ਰੀ ਐੱਸ. ਪੀ. ਓਸਵਾਲ ਨੂੰ ਕਾਲ ਆਈ ਸੀ। ਕਾਲ ਕਰਨ ਵਾਲੇ ਖੁਦ ਨੂੰ ਸੀ. ਬੀ. ਆਈ. ਅਧਿਕਾਰੀ ਦੱਸ ਰਹੇ ਸਨ। ਉਨ੍ਹਾਂ ਨੇ ਇਕ ਮਨੀ ਲਾਂਡਰਿੰਗ ਦੇ ਕੇਸ ਅਤੇ ਮਲੇਸ਼ੀਆ ਤੋਂ ਉਨ੍ਹਾਂ ਦੇ ਆਈ. ਡੀ. ਤੋਂ ਇਕ ਕੋਰੀਅਰ ਬਰਾਮਦ ਹੋਣ ਦਾ ਜ਼ਿਕਰ ਕੀਤਾ ਸੀ, ਜਿਸ ਵਿਚ 58 ਨਕਲੀ ਪਾਸਪੋਰਟ, 16 ਏ. ਟੀ. ਐੱਮ. ਕਾਰਡ ਅਤੇ ਹੋਰ ਗੈਰ-ਕਾਨੂੰਨੀ ਸਾਮਾਨ ਹੈ। ਇਸ ਲਈ ਉਨ੍ਹਾਂ ਨੇ ਇਸ ਸਬੰਧੀ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ ਅਤੇ ਉਕਤ ਕੇਸ ’ਚ ਉਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਲਈ ਮੁਲਜ਼ਮਾਂ ਨੇ ਅਰੈਸਟ ਵਾਰੰਟ ਵੀ ਭੇਜਿਆ ਸੀ। ਇਸੇ ਦਾ ਡਰਾਵਾ ਦੇ ਕੇ ਮੁਲਜ਼ਮਾਂ ਨੇ 7 ਕਰੋੜ ਰੁਪਏ ਵੱਖ-ਵੱਖ ਬੈਂਕ ਅਕਾਊਂਟਾਂ ’ਚ ਟ੍ਰਾਂਸਫਰ ਕਰਵਾ ਲਏ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8