ਈਰਾਨ: ਯੂਕਰੇਨ ਜਹਾਜ਼ ਹਾਦਸੇ ਦੀ ਵੀਡੀਓ ਬਣਾਉਣ ਵਾਲਾ ਨੌਜਵਾਨ ਗ੍ਰਿਫਤਾਰ

Wednesday, Jan 15, 2020 - 03:30 PM (IST)

ਈਰਾਨ: ਯੂਕਰੇਨ ਜਹਾਜ਼ ਹਾਦਸੇ ਦੀ ਵੀਡੀਓ ਬਣਾਉਣ ਵਾਲਾ ਨੌਜਵਾਨ ਗ੍ਰਿਫਤਾਰ

ਵਾਸ਼ਿੰਗਟਨ/ਤਹਿਰਾਨ- ਈਰਾਨ ਵਿਚ 8 ਜਨਵਰੀ ਨੂੰ ਯੂਕਰੇਨ ਦੇ ਜਹਾਜ਼ 'ਤੇ ਦੋ ਮਿਜ਼ਾਇਲਾਂ ਨਾਲ ਹਮਲਾ ਕੀਤਾ ਗਿਆ ਸੀ। ਨਿਊਯਾਰਕ ਟਾਈਮਸ ਨੇ ਮੰਗਲਵਾਰ ਨੂੰ ਖੁਲਾਸਾ ਕੀਤਾ ਕਿ ਕਰੀਬ 8 ਮੀਲ ਦੀ ਦੂਰੀ ਤੋਂ ਈਰਾਨੀ ਫੌਜੀ ਟਿਕਾਣੇ ਤੋਂ ਜਹਾਜ਼ 'ਤੇ ਮਿਜ਼ਾਇਲ ਦਾਗੀ ਗਈ ਸੀ। ਅਮਰੀਕੀ ਅਖਬਾਰ ਨੇ ਕੈਮਰੇ ਤੋਂ ਲਈਆਂ ਤਸਵੀਰਾਂ ਵੀ ਛਾਪੀਆਂ, ਜਿਸ ਵਿਚ ਜਹਾਜ਼ 'ਤੇ ਹਮਲੇ ਤੋਂ ਪਹਿਲਾਂ ਆਸਮਾਨ ਵਿਚ ਦੋ ਮਿਜ਼ਾਇਲਾਂ ਨਜ਼ਰ ਆ ਰਹੀਆਂ ਹਨ। ਇਸ ਦੇ ਨਾਲ ਹੀ ਜਹਾਜ਼ ਹਾਦਸੇ ਦਾ ਵੀਡੀਓ ਬਣਾਉਣ ਵਾਲੇ ਨੌਜਵਾਨ ਨੂੰ ਈਰਾਨੀ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਹੈ।

ਨਿਊਯਾਰਕ ਟਾਈਮਸ ਨੇ ਦੱਸਿਆ ਕਿ ਜਹਾਜ਼ 'ਤੇ 30 ਸਕਿੰਟ ਦੇ ਫਰਕ ਨਾਲ ਦੋ ਮਿਜ਼ਾਇਲਾਂ ਨਾਲ ਹਮਲਾ ਹੋਇਆ। ਧੁੰਦਲੀ ਫੁਟੇਜ ਵਿਚ ਜਹਾਜ਼ ਨੂੰ ਅੱਗ ਲੱਗਣ ਤੇ ਤਹਿਰਾਨ ਦੇ ਹਵਾਈ ਅੱਡੇ 'ਤੇ ਵਾਪਸ ਜਾਂਦੇ ਹੋਏ ਦੇਖਿਆ ਗਿਆ। ਇਸ ਤੋਂ ਕੁਝ ਹੀ ਮਿੰਟ ਬਾਅਦ ਧਮਾਕਾ ਹੋਇਆ ਤੇ ਪਲੇਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਫੁਟੇਜ ਈਰਾਨੀ ਫੌਜੀ ਟਿਕਾਣੇ ਤੋਂ ਚਾਰ ਮੀਲ ਦੂਰ ਬਿਦਕੇਨੇਹ ਪਿੰਡ ਦੀ ਇਕ ਛੱਤ ਤੋਂ ਲਈ ਗਈ ਸੀ।

ਬੀਬੀਸੀ ਨੇ ਮੰਗਲਵਾਰ ਨੂੰ ਦੱਸਿਆ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਤਹਿਰਾਨ ਤੋਂ ਉਡਾਣ ਭਰਨ ਤੋਂ ਕੁਝ ਹੀ ਸਮਾਂ ਬਾਅਦ ਫਲਾਈਟ ਪੀ.ਐਸ.752 'ਤੇ ਮਿਜ਼ਾਇਲ ਹਮਲਾ ਹੋਇਆ ਸੀ। ਇਸ ਵਿਚ 176 ਲੋਕ ਮਾਰੇ ਗਏ ਸਨ। 


author

Baljit Singh

Content Editor

Related News