ਈਰਾਨ ''ਤੇ ਅਮਰੀਕੀ ਹਮਲੇ ਖਿਲਾਫ ਬਠਿੰਡਾ ''ਚ ਰੋਸ ਮਾਰਚ

Sunday, Mar 01, 2026 - 07:06 PM (IST)

ਈਰਾਨ ''ਤੇ ਅਮਰੀਕੀ ਹਮਲੇ ਖਿਲਾਫ ਬਠਿੰਡਾ ''ਚ ਰੋਸ ਮਾਰਚ

ਬਠਿੰਡਾ (ਵਿਜੇ ਵਰਮਾ) : ਅਮਰੀਕਾ ਤੇ ਇਜ਼ਰਾਇਲ ਵੱਲੋਂ ਈਰਾਨ 'ਤੇ ਕੀਤੇ ਵੱਡੇ ਹਮਲੇ ਖਿਲਾਫ ਅੱਜ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਬਠਿੰਡਾ ਸ਼ਹਿਰ ਅੰਦਰ ਵੱਡਾ ਰੋਸ ਮਾਰਚ ਕੀਤਾ ਗਿਆ ਅਤੇ ਇਸ ਜੰਗ ਦੇ ਖਿਲਾਫ ਜ਼ੋਰਦਾਰ ਆਵਾਜ਼ ਉਠਾਈ ਗਈ। ਇਸ ਪ੍ਰਦਰਸ਼ਨ ਤੋਂ ਪਹਿਲਾਂ ਟੀਚਰ ਹੋਮ ਬਠਿੰਡਾ ਵਿਖੇ ਇਕੱਤਰਤਾ ਕੀਤੀ ਗਈ ਜਿਹਦੇ ਵਿੱਚ ਵੱਖ-ਵੱਖ ਤਬਕਿਆਂ ਵੱਲੋਂ ਭਰਵੀਂ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ।

ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾਈ ਸਕੱਤਰ ਜਗਮੇਲ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਮੁਖਤਿਆਰ ਪੂਹਲਾ ਨੇ ਕਿਹਾ ਕਿ ਈਰਾਨ ਅਮਰੀਕੀ ਧੌਂਸ ਮੰਨਣ ਤੋਂ ਨਾਬਰ ਹੈ ਅਤੇ ਇਸ ਕਰ ਕੇ ਇਹ ਅਮਰੀਕਾ ਨੂੰ ਮੱਧ ਪੂਰਬ ਅੰਦਰ ਆਪਣੀ ਸਾਮਰਾਜੀ ਲੁੱਟ ਦੀਆਂ ਸਕੀਮਾਂ ਵਿੱਚ ਵੱਡਾ ਅੜਿੱਕਾ ਜਾਪ ਰਿਹਾ ਹੈ। ਤੇਲ ਭੰਡਾਰਾਂ ਵਿੱਚ ਨਾਲ ਭਰਪੂਰ ਮੱਧ ਪੂਰਬ ਦੇ ਖੇਤਰ ਅੰਦਰ ਅਮਰੀਕਾ ਬੇਰੋਕ ਟੋਕ ਲੁੱਟ ਜਾਰੀ ਰੱਖਣਾ ਚਾਹੁੰਦਾ ਹੈ ਤੇ ਇਜ਼ਰਾਇਲ ਇਸ ਖੇਤਰ ਅੰਦਰ ਉਸਦਾ ਵੱਡਾ ਹੱਥ ਠੋਕਾ ਹੈ। ਈਰਾਨ ਦੀ ਖਾਮੇਨੇਈ ਹਕੂਮਤ ਉਹਨਾਂ ਚੁਨਿੰਦਾ ਹਕੂਮਤਾਂ ਵਿੱਚੋਂ ਸੀ ਜਿਸਨੇ ਆਪਣੇ ਦੇਸ਼ਾਂ ਅੰਦਰ ਅਮਰੀਕੀ ਧੌਂਸ ਮੰਨਣ ਤੋਂ ਇਨਕਾਰ ਕਰਨ ਦੀ ਦਲੇਰੀ ਦਿਖਾਈ ਹੈ। 

ਟਰੰਪ ਹਕੂਮਤ ਪਿਛਲੇ ਲੰਬੇ ਸਮੇਂ ਤੋਂ ਇਸ ਉੱਤੇ ਆਰਥਿਕ ਰੋਕਾਂ ਲਾਉਂਦੀ ਆ ਰਹੀ ਹੈ, ਪਰ ਇਹਨਾਂ ਆਰਥਿਕ ਪਾਬੰਦੀਆਂ ਦੇ ਬਾਵਜੂਦ ਈਰਾਨ ਡਟਿਆ ਰਿਹਾ ਹੈ। ਹੁਣ ਆਰਥਿਕ ਪਾਬੰਦੀਆਂ ਦਾ ਹਥਿਆਰ ਫੇਹਲ ਹੋ ਜਾਣ ਤੋਂ ਬਾਅਦ ਅਮਰੀਕਾ ਨੰਗੇ ਚਿੱਟੇ ਹਮਲੇ ਤੇ ਉੱਤਰ ਆਇਆ ਹੈ। ਪਿਛਲੇ ਸਾਲ ਵੀ ਅਮਰੀਕੀ ਅਤੇ ਇਜ਼ਰਾਇਲੀ ਹਾਕਮਾਂ ਨੇ ਈਰਾਨ ਉੱਤੇ ਹਮਲੇ ਕੀਤੇ ਸਨ ਪਰ ਉਹ ਇਸਦੇ ਬਾਵਜੂਦ ਖਾਮੇਨੇਈ ਹਕੂਮਤ ਨੂੰ ਝੁਕਾ ਨਹੀਂ ਸਕੇ ਸਨ। ਹੁਣ ਉਹਨਾਂ ਨੇ ਵੱਡੀ ਪੱਧਰ ਉੱਤੇ ਹਵਾਈ ਹਮਲਿਆਂ ਨਾਲ ਇਸਦੇ ਚੋਟੀ ਦੇ ਆਗੂਆਂ ਨੂੰ ਮਾਰ ਕੇ ਇਸ ਦੇਸ਼ ਅੰਦਰ ਅਮਰੀਕਾ ਪੱਖੀ ਸਰਕਾਰ ਖੜ੍ਹੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ।

ਜੰਗਬਾਜ਼ ਅਮਰੀਕਾ ਅਤੇ ਇਜ਼ਰਾਇਲ ਨੇ ਇਸ ਹਮਲੇ ਰਾਹੀਂ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ। ਰਾਹੀਂ ਇੱਕ ਸਕੂਲ 'ਤੇ ਹਮਲਾ ਕਰ ਕੇ 100 ਤੋਂ ਵਧੇਰੇ ਲੜਕੀਆਂ ਨੂੰ ਕਤਲ ਕੀਤਾ ਹੈ ਤੇ ਕੁਲ ਮਿਲਾ ਕੇ 200 ਤੋਂ ਵੱਧ ਈਰਾਨੀ ਮਾਰ ਸੁੱਟੇ ਹਨ। ਟਰੰਪ ਨੇ ਇਹ ਜੰਗ ਅੱਗੇ ਵੀ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਹ ਹਮਲਾ ਸਾਰੇ ਕੌਮਾਂਤਰੀ ਕਾਨੂੰਨ ਉਲੰਘ ਕੇ ਅਤੇ ਸਾਰੀਆਂ ਕੌਮਾਂਤਰੀ ਸੰਸਥਾਵਾਂ ਨੂੰ ਦਰਕਿਨਾਰ ਕਰਕੇ ਕੀਤਾ ਗਿਆ ਹੈ।

ਇਸ ਪ੍ਰਦਰਸ਼ਨ ਦੌਰਾਨ ਜਿੱਥੇ ਇਕੱਠ ਨੇ ਅਮਰੀਕੀ ਅਤੇ ਇਜ਼ਰਾਇਲੀ ਜੰਗਬਾਜ਼ ਹਾਕਮਾਂ ਦੇ ਖਿਲਾਫ ਆਵਾਜ਼ ਉਠਾਈ ਅਤੇ ਇਹ ਜੰਗ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਉਥੇ ਉਹਨਾਂ ਨੇ ਮੋਦੀ ਹਕੂਮਤ ਵੱਲੋਂ ਪਿਛਲੇ ਸਮੇਂ ਦੌਰਾਨ ਇਹਨਾਂ ਜੰਗਬਾਜ਼ ਹਕੂਮਤਾਂ ਨਾਲ ਗੂੜ੍ਹੀ ਕੀਤੀ ਗਈ ਜੋਟੀ ਦਾ ਵੀ ਵਿਰੋਧ ਕੀਤਾ ਅਤੇ ਅਮਰੀਕਾ ਤੇ ਇਜਰਾਈਲ ਨਾਲ ਕੀਤੇ ਸਾਰੇ ਸਮਝੌਤੇ ਸੰਧੀਆਂ ਰੱਦ ਕਰਨ ਦੀ ਮੰਗ ਕੀਤੀ। ਉਹਨਾਂ ਨੇ ਲੋਕਾਂ ਨੂੰ ਇਸ ਨਿਹੱਕੀ ਜੰਗ ਖਿਲਾਫ ਜ਼ੋਰਦਾਰ ਆਵਾਜ਼ ਉਠਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਇਕੱਠ ਵੱਲੋਂ ਇਕ ਮਤੇ ਰਾਹੀਂ ਗੁਰਦਾਸਪੁਰ ਵਿੱਚ ਪੁਲਸ ਵੱਲੋਂ ਨੌਜਵਾਨ ਦੇ ਕੀਤੇ ਗਏ ਪੁਲਸ ਮੁਕਾਬਲੇ ਦੀ ਉੱਚ ਪੱਧਰੀ ਜਾਂਚ ਦੀ, ਪੁਲਸ ਨੂੰ ਦਿੱਤੇ ਜਾਬਰ ਅਧਿਕਾਰ ਖਤਮ ਕਰਨ ਦੀ ਅਤੇ ਦੋਸ਼ੀ ਪੁਲਸ ਅਫਸਰਾਂ ਨੂੰ ਸਖਤ ਸਜ਼ਾਵਾਂ ਦੇਣ ਦੀ ਵੀ ਮੰਗ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News