ਥਾਈਲੈਂਡ ਪੁਲਸ ਦਾ ਇਹ ਰੂਪ ਦੇਖ ਤੁਸੀਂ ਵੀ ਕਰੋਗੇ ਸਲਾਮ, ਸੋਚੋਗੇ ਜੇ ਭਾਰਤ 'ਚ ਹੁੰਦਾ ਤਾਂ.... (ਵੀਡੀਓ)

Friday, Jun 30, 2017 - 03:25 PM (IST)

ਬੈਂਕਾਕ— ਇਸ ਵੀਡੀਓ ਨੂੰ ਦੇਖ ਕੇ ਤੁਸੀਂ ਸੋਚੋਗੇ ਕਿ ਜੇਕਰ ਇਹੀ ਘਟਨਾ ਭਾਰਤ 'ਚ ਵਾਪਰਦੀ ਖਾਸ ਕਰਕੇ ਪੰਜਾਬ 'ਚ ਤਾਂ ਕੀ ਹੁੰਦਾ? ਪਿਛਲੇ ਸ਼ਨੀਵਾਰ ਥਾਈਲੈਂਡ ਦੇ ਹੂ ਕਵਾਂਗ ਪੁਲਸ ਸਟੇਸ਼ਨ 'ਚ ਇਕ ਅਜਿਹੀ ਘਟਨਾ ਵਾਪਰੀ, ਜਿਸ 'ਚ ਇਕ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਚਾਕੂ ਲੈ ਕੇ ਥਾਣੇ 'ਚ ਵੜ੍ਹ ਗਿਆ। ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਪੁਲਸ ਨੇ ਉਸ 'ਤੇ ਗੋਲੀ ਚਲਾ ਦਿੱਤੀ ਜਾਂ ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਤੁਸੀਂ ਗਲਤ ਹੋ। ਇਸ ਪੁਲਸ ਅਫਸਰ ਨੇ ਉਦਾਹਰਣ ਸਥਾਪਤ ਕਰ ਦਿੱਤੀ ਕਿ ਕਿਵੇਂ ਹਿੰਸਕ ਸਥਿਤੀ ਨੂੰ ਵੀ ਸ਼ਾਂਤਮਈ ਢੰਗ ਨਾਲ ਕਾਬੂ ਕੀਤਾ ਜਾ ਸਕਦਾ ਹੈ।
ਵੀਡੀਓ—

ਜਦੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ 45 ਸਾਲਾ ਵਿਅਕਤੀ ਚਾਕੂ ਲੈ ਕੇ ਥਾਣੇ ਪਹੁੰਚਿਆ ਤਾਂ ਉਸ ਸਾਹਮਣੇ ਪੁਲਸ ਅਫਸਰ ਬਿਲਕੁਲ ਸ਼ਾਂਤ ਰਿਹਾ ਅਤੇ ਗੱਲਾਂ-ਗੱਲਾਂ 'ਚ ਉਸ ਵਿਅਕਤੀ ਦੀ ਪ੍ਰੇਸ਼ਾਨੀ ਦੂਰ ਕਰ ਦਿੱਤੀ। ਜਾਣਕਾਰੀ ਮੁਤਾਬਕ ਇਸ ਪੁਲਸ ਅਫਸਰ ਦਾ ਨਾਮ ਅਨਿਰਤ ਮਾਲੇ ਅਤੇ ਹਮਲਾਵਰ ਸਾਬਕਾ ਸੰਗੀਤਕਾਰ ਹੈ, ਜੋ ਕਿ ਮੌਜੂਦਾ ਸਮੇਂ ਸਕਿਓਰਿਟੀ ਗਾਰਡ ਵਜੋਂ ਕੰਮ ਕਰਦਾ ਹੈ। 
ਪੁਲਸ ਅਫਸਰ ਅਨਿਰਤ ਮਾਲੇ ਨੇ ਦੱਸਿਆ, ''ਇਹ ਵਿਅਕਤੀ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ ਕਿਉਂਕਿ ਪਿਛਲੇ ਤਿੰਨ ਦਿਨਾਂ ਤੋਂ ਉਸ ਨੂੰ ਪੈਸੇ ਨਹੀਂ ਮਿਲੇ ਸਨ। ਮੈਂ ਉਸ ਨੂੰ ਸੁਣਿਆ ਤੇ ਬਾਹਰ ਆਇਆ ਅਤੇ ਉਸ ਨੂੰ ਕਿਹਾ ਕਿ ਮੇਰੇ ਕੋਲ ਗਿਟਾਰ ਹੈ ਉਸ ਨੂੰ ਦੇਣ ਲਈ। ਮੈਂ ਉਸ ਨੂੰ ਇਹ ਵੀ ਕਿਹਾ ਕਿ ਅਸੀਂ ਇਕੱਠੇ ਅੱਜ ਬਾਹਰ ਖਾਣਾ ਖਾਣ ਜਾਵਾਂਗੇ।'' ਪੁਲਸ ਵੱਲੋਂ ਮਦਦ ਕੀਤੇ ਜਾਣ ਬਾਰੇ ਸੁਣ ਕੇ ਹਮਲਾਵਰ ਦਾ ਮਨ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ ਤੇ ਉਸ ਨੇ ਚਾਕੂ ਪੁਲਸ ਅਫਸਰ ਦੇ ਹਵਾਲੇ ਕਰ ਦਿੱਤਾ। ਇਸ ਅਫਸਰ ਵੱਲੋਂ ਉਸ ਨੂੰ ਘੁਟ ਕੇ ਜੱਫੀ ਪਾ ਕੇ ਪਿਆਰ ਦਿੱਤਾ ਗਿਆ ਤੇ ਪਾਣੀ ਪੀਣ ਨੂੰ ਦਿੱਤਾ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਹੁਣ ਖੂਬ ਵਾਇਰਲ ਹੋ ਰਿਹਾ ਹੈ ਅਤੇ ਲੋਕ ਕਹਿ ਰਹੇ ਹਨ ਕਿ ਪੁਲਸ ਵਾਲਾ ਹੋਵੇ ਤਾਂ ਇਹੋ-ਜਿਹਾ ਆਮ ਜਨਤਾ ਦਾ ਦਰਦ ਸਮਝਦਾ ਹੋਵੇ।
 


Related News