ਸੱਪਾਂ ਦਾ ਘਰ ਬਣੀ ਪੰਜਾਬ ਦੀ ਇਹ ਤਹਿਸੀਲ, ਮੰਜ਼ਰ ਦੇਖ ਹੈਰਾਨ ਰਹਿ ਗਏ ਲੋਕ

Wednesday, Oct 02, 2024 - 03:11 PM (IST)

ਲੁਧਿਆਣਾ (ਵਿਪਨ) - ਪੰਚਾਇਤੀ ਚੋਣਾਂ ਦਾ ਬਿਗੁਲ ਵੱਜਣ ਤੋਂ ਬਾਅਦ ਪੰਚੀ ਅਤੇ ਸਰਪੰਚੀ ਲਈ ਆਪਣੇ ਪੇਪਰ ਤਿਆਰ ਕਰਵਾਉਣ ਲਈ ਆਉਂਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਤਹਿਸੀਲ ਕੰਪਲੈਕਸ ਸਮਰਾਲਾ ਵਿਚ ਗੰਦਗੀ ਅਤੇ ਬੰਦ ਪਏ ਬਾਥਰੂਮਾਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਉਕਤ ਸਥਾਨ 'ਤੇ ਆਉਣ ਵਾਲੇ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣਾ ਅਤੇ ਬਾਥਰੂਮ ਦੀ ਬਦਤਰ ਹਾਲਤ ਸਥਾਨਕ ਪ੍ਰਸ਼ਾਸ਼ਨ ਦੀ ਨਾਲਾਇਕੀ ਦੀ ਪੋਲ ਖੋਲ੍ਹਦੀ ਹੈ। ਇਸ ਤੋਂ ਇਲਾਵਾ ਇਸ ਦਫ਼ਤਰ ਅੰਦਰ ਜ਼ਹਿਰੀਲੇ ਸੱਪ ਵੀ ਘੁੰਮਦੇ ਦਿਖਾਈ ਦਿੰਦੇ ਹਨ, ਜੋ ਕੰਮ ਕਰਦੇ ਕਰਮਚਾਰੀਆਂ ਲਈ ਕਿਸੇ ਖ਼ਤਰੇ ਤੋਂ ਘੱਟ ਨਹੀਂ। 

ਇਹ ਵੀ ਪੜ੍ਹੋ - ਵੱਡੀ ਖ਼ਬਰ! ਅਕਤੂਬਰ ਦੇ ਪਹਿਲੇ ਹਫ਼ਤੇ 3 ਦਿਨ ਛੁੱਟੀ ਦਾ ਐਲਾਨ

ਮਿਲੀ ਜਾਣਕਾਰੀ ਅਨੁਸਾਰ ਤਹਿਸੀਲ ਸਮਰਾਲਾ ਨਾਲ ਜੁੜੇ ਸੈਂਕੜੇ ਪਿੰਡਾਂ ਵਿਚੋਂ ਪੰਚੀ ਅਤੇ ਸਰਪੰਚੀ ਦੇ ਉਮੀਦਵਾਰ ਵੱਡੀ ਗਿਣਤੀ ਵਿਚ ਇਥੇ ਸਵੇਰ ਤੋਂ ਆਉਣੇ ਸ਼ੁਰੂ ਹੋ ਜਾਂਦੇ ਹਨ, ਜਿਹਨਾਂ ਨਾਲ ਸਮਰਥਕਾਂ ਦੀ ਗਿਣਤੀ ਬੇਸ਼ੁਮਾਰ ਹੁੰਦੀ ਹੈ। ਇਹ ਲੋਕ ਤਹਿਸੀਲ ਕੰਪਲੈਕਸ ਵਿਚ ਬਣੇ ਟਾਈਪਿਸਟਾਂ ਦੇ ਚੈਬਰਾਂ ਵਿਚੋਂ ਆਪਣੀਆਂ ਫਾਈਲਾਂ ਤਿਆਰ ਕਰਵਾਉਣ ਲਈ ਬੜੇ ਉਤਸ਼ਾਹ ਨਾਲ ਆਉਂਦੇ ਹਨ ਪਰ ਇਥੇ ਉਨ੍ਹਾਂ ਨੂੰ ਗੰਦੀ ਬਦਬੂ ਕਾਰਨ ਮਜ਼ਬੂਰਨ ਆਪਣੇ ਨੱਕ ਨੂੰ ਕੱਪੜੇ ਨਾਲ ਢੱਕਣਾ ਪੈਂਦਾ ਹੈ। ਉਕਤ ਲੋਕ ਬਾਥਰੂਮ ਵਗੈਰਾਂ ਜਾਣ ਲਈ ਤਹਿਸੀਲ ਕੰਪਲੈਕਸ ਤੋਂ ਬਾਹਰ ਹੋਰ ਥਾਵਾਂ ਦੀ ਭਾਲ ਕਰਦੇ ਹਨ। ਜਨਤਕ ਬਾਥਰੂਮਾਂ ਦੀ ਸਫ਼ਾਈ ਨਾ ਹੋਣ ਕਾਰਨ ਇਹਨਾਂ ਨੂੰ ਤਾਲੇ ਲਗਾ ਕੇ ਰੱਖੇ, ਜਿਸ ਨਾਲ ਮਲਮੂਤਰ ਦੀ ਬਦਬੋ ਅਸਹਿਣਯੋਗ ਹੋ ਚੁੱਕੀ ਸੀ।

ਇਹ ਵੀ ਪੜ੍ਹੋ - ਧਿਆਨ ਨਾਲ ਕਰੋ ਬਿਜਲੀ ਦੀ ਵਰਤੋਂ ! 300 ਤੋਂ ਵੱਧ ਯੂਨਿਟ ਹੋਣ 'ਤੇ ਨਹੀਂ ਮਿਲੇਗੀ ਸਬਸਿਡੀ

ਤਹਿਸੀਲਦਾਰ ਦਫ਼ਤਰ ਦੇ ਅੰਦਰ ਸਟਾਫ਼ ਤੇ ਔਰਤਾਂ ਲਈ ਬਣੇ ਬਾਥਰੂਮਾਂ ਵਿਚ ਇੰਨੀ ਗੰਦਗੀ ਹੈ ਕਿ ਜੋ ਬਿਆਨ ਕਰਨ ਦੇ ਲਾਇਕ ਨਹੀਂ। ਤਹਿਸੀਲ ਕੰਪਲੈਕਸ ਵਿਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਲੋਕ ਪਾਣੀ ਲਈ ਭਟਕਦੇ ਰਹਿੰਦੇ ਹਨ। ਤਹਿਸੀਲਦਾਰ ਦਫ਼ਤਰ ਦੇ ਕੰਪਲੈਕਸ 'ਚ ਫੈਲੀ ਗੰਦਗੀ ਦਾ ਖਮਿਆਜ਼ਾ ਸਿਰਫ਼ ਲੋਕ ਹੀ ਨਹੀਂ ਸਗੋਂ ਦਫ਼ਤਰ ਦੇ ਅੰਦਰ ਕੰਮ ਕਰਦੇ ਕਰਮਚਾਰੀ ਅਤੇ ਅਧਿਕਾਰੀ ਵੀ ਭੁਗਤ ਰਹੇ ਹਨ। ਉਕਤ ਅਧਿਕਾਰੀ ਇਸ ਖੌਫ਼ ਵਿਚ ਕੰਮ ਕਰਨ ਲਈ ਮਜ਼ਬੂਰ ਹਨ, ਕਿ ਪਤਾ ਨਹੀਂ ਕਦੋਂ ਦਫ਼ਤਰ ਵਿਚ ਲੁਕੇ ਹੋਏ ਸੱਪ ਉਹਨਾਂ ਦੇ ਸਾਹਮਣੇ ਆ ਜਾਣ ਅਤੇ ਆਪਣੇ ਡੰਗ ਦਾ ਉਹਨਾਂ ਨੂੰ ਸ਼ਿਕਾਰ ਬਣਾ ਲੈਣ। ਸੱਪਾਂ ਦੇ ਖੌਫ਼ ਤੋਂ ਮੁਕਤੀ ਪਾਉਣ ਲਈ ਦਫ਼ਤਰ ਵੱਲੋਂ ਸਪੇਰਿਆਂ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਪਹਿਲਾਂ ਇਕ ਸੱਪ ਫੜ ਲਿਆ। ਸੱਪ ਫੜਨ ਤੋਂ ਬਾਅਦ ਕਰਮਚਾਰੀਆਂ ਨੇ ਕਿਹਾ ਇਹ ਉਹ ਸੱਪ ਨਹੀਂ, ਜੋ ਉਨ੍ਹਾਂ ਨੇ ਦਫ਼ਤਰ ਵਿਚ ਦੇਖਿਆ ਸੀ। ਦੁਬਾਰਾ ਬੀਨ ਬਜਾਉਣ 'ਤੇ ਇਕ ਹੋਰ ਸੱਪ ਬਾਹਰ ਆਇਆ, ਜਿਸ ਨੂੰ ਸਪੇਰਿਆਂ ਨੇ ਕਾਬੂ ਕਰ ਲਿਆ। ਇਹ ਉਹ ਸੱਪ ਸੀ, ਜੋ ਕਰਮਚਾਰੀਆਂ ਨੇ ਦੇਖਿਆ ਸੀ।

ਇਹ ਵੀ ਪੜ੍ਹੋ - ਜਾਣੋ ਕਿਹੜੀਆਂ ਸ਼ਰਤਾਂ 'ਤੇ ਰਾਮ ਰਹੀਮ ਨੂੰ ਮਿਲੀ ਪੈਰੋਲ, ਇਸ ਤੋਂ ਪਹਿਲਾਂ ਕਿੰਨੀ ਵਾਰ ਆ ਚੁੱਕੇ ਨੇ ਬਾਹਰ

ਸ਼ਨਾਖ਼ਤ ਕਰਵਾਉਣ ਤੋਂ ਬਾਅਦ ਜਿਓ ਸਪੇਰੇ ਵਾਪਸ ਮੁੜੇ ਤਾਂ ਇਕ ਹੋਰ ਸੱਪ ਧਮਾਲਾ ਪਾਉਂਦਾ ਹੋਇਆ ਬਾਹਰ ਆਇਆ, ਜਿਸ ਨੂੰ ਦੇਖ ਕੇ ਦਫ਼ਤਰ ਵਿਚ ਮੁੜ ਹਾਹਾਕਾਰ ਮੱਚ ਗਈ। ਦੇਖਦੇ ਹੀ ਦੇਖਦੇ ਸੱਪ ਦਫ਼ਤਰ ਵਿਚ ਪਏ ਸਮਾਨ ਵਿਚ ਲੁਕ ਗਿਆ। ਹੁਣ ਦਫ਼ਤਰ ਵੱਲੋਂ ਮੁੜ ਤੋਂ ਸਪੇਰੇ ਬੁਲਾਏ ਜਾ ਰਹੇ ਹਨ, ਕਿਉਂਕਿ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਇਥੇ ਸੱਪ ਇਕ ਤੋਂ ਜ਼ਿਆਦਾ ਹੋ ਸਕਦੇ ਹਨ। ਸਮਰਾਲਾ ਤਹਿਸੀਲ ਅਮਰਜੀਤ ਕੌਰ ਸੀਨੀਅਰ ਸਹਾਇਕ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਮੈਂ ਖੁਦ ਵੀ ਮਹਿਸੂਸ ਕੀਤਾ ਹੈ ਕਿ ਇਥੇ ਗੰਦਗੀ ਬਹੁਤ ਜ਼ਿਆਦਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਥੇ ਦਫ਼ਤਰ ਅੰਦਰ ਜ਼ਹਿਰੀਲੇ ਸੱਪ ਵੀ ਘੁੰਮ ਰਹੇ ਹਨ, ਜਿਸ ਦੇ ਬਾਵਜੂਦ ਅਸੀਂ ਖੁਦ ਇਨ੍ਹਾਂ ਜ਼ਹਿਰੀਲੇ ਸੱਪਾਂ ਦੇ ਡਰ ਹੇਠ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਸਮਰਾਲਾ ਨੂੰ ਕੰਪਲੈਕਸ ਦੀ ਸਫ਼ਾਈ ਕਰਨ ਲਈ ਪੱਤਰ ਲਿਖਿਆ ਗਿਆ ਹੈ, ਜਲਦ ਹੀ ਸਫ਼ਾਈ ਕਰਵਾ ਦਿੱਤੀ ਜਾਵੇਗੀ ਅਤੇ ਦਫ਼ਤਰ ਅੰਦਰ ਘੁੰਮਦੇ ਸੱਪਾਂ ਨੂੰ ਸਪੇਰਿਆ ਰਾਹੀਂ ਕਢਵਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ - ਭਿਆਨਕ ਹਾਦਸੇ 4 ਦੋਸਤਾਂ ਦੀ ਇਕੱਠਿਆਂ ਮੌਤ, ਪਲਟੀਆਂ ਖਾਂਦੀ ਕਾਰ ਦੇ ਉੱਡੇ ਪਰਖੱਚੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News