ਪੰਜਾਬ ਪੁਲਸ ਤੇ STF ਨੇ ਘੇਰ ਲਿਆ ਇਹ ਇਲਾਕਾ, ਫ਼ਿਲਮੀ ਸੀਨ ਵਾਂਗ ਕੀਤੀ ਕਾਰਵਾਈ
Wednesday, Sep 25, 2024 - 10:39 AM (IST)
ਜਗਰਾਉਂ (ਮਾਲਵਾ): ਇਲਾਕੇ ਅੰਦਰ ਵਿਦੇਸ਼ਾਂ ਨੂੰ ਹਵਾਲਾ ਰਾਹੀਂ ਰਾਸ਼ੀ ਭੇਜਣ ਵਾਲੇ ਖੁੰਭਾਂ ਵਾਗੂੰ ਵੱਧਦੇ ਜਾ ਰਹੇ ਹਨ ਅਤੇ ਇਸ ਨਾਜਾਇਜ਼ ਧੰਦੇ ਨਾਲ ਕਰੋੜਾਂ ਰੁਪਈਆ ਅੰਦਰ ਕਰ ਚੁੱਕੇ ਹਨ। ਜਗਰਾਓਂ ਇਲਾਕੇ ਦੇ ਹਵਾਲਾ ਕਾਰੋਬਾਰ ਬਾਰੇ ਖ਼ਬਰਾਂ ਵੀ ਰੋਜ਼ਾਨਾ ਹੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇਕ ਵੱਡੀ ਕਾਰਵਾਈ ਦੀ ਖ਼ਬਰ ਸਥਾਨਕ ਜਗਰਾਓਂ ਸ਼ਹਿਰ ਦੇ ਇਲਾਕਾ ਸ਼ਾਸਤਰੀ ਨਗਰ ਵਿਚ STF ਪੰਜਾਬ ਦੀ ਟੀਮ ਵੱਲੋਂ ਲੁਧਿਆਣਾ ਦਿਹਾਤੀ ਦੇ ਸਬ ਡਿਵੀਜ਼ਨ ਜਗਰਾਉਂ ਪੁਲਸ ਦੀ ਟੀਮ ਨਾਲ ਸਾਂਝੀ ਕਾਰਵਾਈ ਕਰਦਿਆਂ ਹੋਇਆਂ ਸਾਹਮਣੇ ਆਈ ਹੈ। ਸ਼ਾਸਤਰੀ ਨਗਰ ਇਲਾਕੇ ਵਿਚ ਇਕ ਵੈਗਨ ਆਰ ਗੱਡੀ ਜਦੋਂ ਦਾਖ਼ਲ ਹੋਈ ਤਾਂ ਉਸ ਦੇ ਪਿੱਛੇ ਹੀ ਐੱਸ.ਟੀ.ਐੱਫ. ਦੀਆਂ ਦੋ ਗੱਡੀਆਂ ਨੇ ਵੈਗਨ ਆਰ ਨੂੰ ਅੱਗਿਓਂ ਤੇ ਪਿੱਛਿਓਂ ਘੇਰ ਕੇ ਗੱਡੀਆਂ ਅੜਾ ਲਈਆਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਤੜਕਸਾਰ ਭਿਆਨਕ ਹਾਦਸਾ! ਨੈਸ਼ਨਲ ਹਾਈਵੇਅ 'ਤੇ ਲੱਗਾ ਜਾਮ
ਕਾਰ ਵਿਚ ਸਵਾਰ ਨੌਜਵਾਨ ਜੋ ਕਿ ਹਿਮਾਚਲ ਦਾ ਵਸਨੀਕ ਹੈ ਅਤੇ ਅੱਜ ਕੱਲ ਲੁਧਿਆਣਾ ਰੋਡ ਤੇ ਕਿਸੇ ਫੈਕਟਰੀ ਦਾ ਮੁਨੀਮ ਹੈ, ਨੂੰ ਹੇਠਾਂ ਉਤਾਰ ਲਿਆ ਅਤੇ ਉਸ ਕੋਲ ਫੜੇ ਹੋਏ ਬੈਗ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲਸ ਟੀਮ ਆਪਣੇ ਪੂਰੇ ਅਸਲੇ ਨਾਲ ਤਿਆਰ ਹੋ ਕੇ ਆਈ ਸੀ। ਉੱਥੇ ਚੱਕੀ ਦੇ ਬਾਹਰ ਵਿਰੋਧ ਕਰ ਰਹੇ ਮੁਨੀਮ ਦੀ ਪਹਿਲਾਂ ਤਾਂ ਸੜਕ ਉੱਤੇ ਹੀ ਚੰਗੀ ਤਰ੍ਹਾਂ ਭੁਗਤ ਸਵਾਰੀ ਗਈ ਅਤੇ ਫਿਰ ਉਸ ਨੂੰ ਲਾਗੇ ਹੀ ਮੁਨੀਮ ਦੇ ਕਿਸੇ ਰਿਸ਼ਤੇਦਾਰ ਦੇ ਘਰ ਅੰਦਰ ਲਿਜਾ ਕੇ ਉਸ ਕੋਲੋਂ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਗਈ। ਐੱਸ.ਟੀ.ਐੱਫ. ਵੱਲੋਂ ਕੀਤੀ ਗਈ ਇਸ ਕਾਰਵਾਈ ਵਿਚ ਇਕ ਹੋਰ ਵਿਅਕਤੀ ਦਾ ਵੀ ਨਾਂ ਆਉਣ ਦੇ ਚਰਚੇ ਹੋ ਰਹੇ ਹਨ। ਜਿਸ ਦੇ ਘਰ ਵੀ ਐੱਸ.ਟੀ.ਐੱਫ. ਦੀ ਟੀਮ ਵੱਲੋਂ ਪਹੁੰਚ ਕੀਤੀ ਗਈ। ਪਰ ਉਸ ਨੌਜਵਾਨ ਦੀ ਮਾਂ ਨੇ ਐੱਸ.ਟੀ.ਐੱਫ. ਵਾਲਿਆਂ ਨੂੰ ਸਾਫ ਸਾਫ ਕਹਿ ਦਿੱਤਾ ਕਿ ਉਨ੍ਹਾਂ ਨੇ ਤਾਂ ਆਪਣਾ ਪੁੱਤਰ ਬੇਦਖਲ ਕੀਤਾ ਹੋਇਆ ਹੈ। ਇਸ ਕਰਕੇ ਟੀਮ ਉਥੋਂ ਵਾਪਸ ਪਰਤ ਗਈ। ਪੁਲਸ ਦੀ ਇਸ ਸਾਂਝੀ ਕਾਰਵਾਈ ਦੀ ਖਬਰ ਪੂਰੇ ਸ਼ਹਿਰ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ ਤਾਂ ਵੱਡੀ ਗਿਣਤੀ ਵਿਚ ਲੋਕ ਗਲੀ ਦੇ ਬਾਹਰ ਢਾਣੀਆਂ ਬਣਾ ਕੇ ਖੜੇ ਹੋਣ ਲੱਗ ਗਏ।
ਇਹ ਖ਼ਬਰ ਵੀ ਪੜ੍ਹੋ - ਸ੍ਰੀ ਹਰਿਮੰਦਰ ਸਾਹਿਬ ਨੇੜੇ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ
ਲੋਕਾਂ ਦੇ ਇਕੱਠੇ ਹੋਣ ਦੀ ਸੂਚਨਾ ਜਦੋਂ ਡੀ.ਐੱਸ.ਪੀ. ਜਸਜਿਓਤ ਸਿੰਘ ਅਤੇ ਐੱਸ.ਐੱਚ.ਓ. ਸਿਟੀ ਅੰਮ੍ਰਿਤ ਪਾਲ ਸਿੰਘ ਕੋਲ ਪਹੁੰਚੀ ਤਾਂ ਉਹ ਵੀ ਆਪਣੇ ਲਾਮ ਲਸ਼ਕਰ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਡੀ.ਐੱਸ.ਪੀ. ਜਸਜੋਤ ਸਿੰਘ ਖੁਦ ਜਾ ਕੇ ਉਸ ਘਰ ਦੇ ਅੰਦਰ ਦਾਖ਼ਲ ਹੋਏ ਜਿੱਥੇ ਐੱਸ.ਟੀ.ਐੱਫ. ਵੱਲੋਂ ਰੇਡ ਕੀਤੀ ਗਈ ਸੀ। ਕਾਫੀ ਦੇਰ ਬਾਅਦ ਉਹਨਾਂ ਬਾਹਰ ਆ ਕੇ ਦੱਸਿਆ ਕਿ ਹਲੇ ਜਾਂਚ ਚੱਲ ਰਹੀ ਹੈ। ਪਰ ਪੂਰੀ ਗੱਲ ਬਾਰੇ ਜਾਣਕਾਰੀ ਦੇਣ ਤੋਂ ਉਨ੍ਹਾਂ ਨੇ ਚੁੱਪੀ ਵੱਟ ਲਈ। ਕਾਫੀ ਦੇਰ ਮਗਰੋਂ ਐੱਸ.ਟੀ.ਐੱਫ. ਵੱਲੋਂ ਸਿਟੀ ਪੁਲਸ ਨੂੰ ਆਖ ਕੇ ਜਨਾਨਾ ਪੁਲਸ ਵੀ ਬੁਲਾਈ ਗਈ। ਖ਼ਬਰ ਲਿਖੇ ਜਾਣ ਤੱਕ ਉਕਤ ਘਰ ਅੰਦਰ ਪੁਲਸ ਵੱਲੋਂ ਕਾਰਵਾਈ ਜਾਰੀ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ, ਨੋਟੀਫ਼ਿਕੇਸ਼ਨ ਜਾਰੀ
ਉੱਥੇ ਮੌਜੂਦ ਲੋਕਾਂ ਮੁਤਾਬਕ ਅੰਮ੍ਰਿਤਸਰ ਵਿਚ ਤਿੰਨ ਦਿਨ ਪਹਿਲਾਂ ਫੜੀ ਗਈ ਬਹੁਤ ਵੱਡੀ ਹਵਾਲਾ ਰਾਸ਼ੀ ਨਾਲ ਜੁੜਿਆ ਮਾਮਲਾ ਦੱਸਿਆ ਜਾ ਰਿਹਾ ਹੈ। ਪਰ ਕਿਸੇ ਵੀ ਉੱਚ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ। ਇਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੇ ਨਸ਼ੇ ਦੀ ਬਰਾਮਦਗੀਆਂ ਦੀਆਂ ਅਫਵਾਹਾਂ ਸ਼ਹਿਰ ਵਿਚ ਫੈਲ ਰਹੀਆਂ ਹਨ। ਇਸ ਕਾਰਵਾਈ ਬਾਰੇ ਪੁਲਸ ਅਧਿਕਾਰੀਆਂ ਤੋਂ ਜਾਣਕਾਰੀ ਲੈਣੀ ਚਾਹੀ, ਪਰ ਕਿਸੇ ਵੀ ਉੱਚ ਅਧਿਕਾਰੀ ਨੇ ਇਸ ਘਟਨਾ ਦੀ ਤਫਸੀਲ ਦੇਣ ਬਾਰੇ ਮੂੰਹ ਨਹੀਂ ਖੋਲ੍ਹਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8