ਟੀਕਾਕਰਣ ਦੇ ਬਾਵਜੂਦ ਆਸਟ੍ਰੇਲੀਆ ''ਚ ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ, ਸਰਕਾਰ ਦੀ ਵਧੀ ਚਿੰਤਾ

10/21/2021 11:15:21 AM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਟੀਕਾਕਰਣ ਦੇ ਬਾਵਜੂਦ ਰੋਜ਼ਾਨਾ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਹਨਾਂ ਮਾਮਲਿਆਂ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਸਿਹਤ ਅਧਿਕਾਰੀਆਂ ਮੁਤਾਬਕ ਮੈਲਬੌਰਨ ਵਿਚ 6ਵੀਂ ਤਾਲਾਬੰਦੀ ਦੌਰਾਨ -ਜੋ ਕਿ ਅੱਜ ਰਾਤ ਨੂੰ 11:59 'ਤੇ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਬੀਤੇ 24 ਘੰਟਿਆਂ ਦੌਰਾਨ ਵਿਕਟੋਰੀਆ ਵਿੱਚ ਕੋਰੋਨਾ ਦੇ 2232 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 12 ਮੌਤਾਂ ਹੋਈਆਂ ਹਨ। ਬਾਹਰੀ ਦੇਸ਼ਾਂ ਤੋਂ ਵੀ 3 ਮਾਮਲੇ ਰਾਜ ਵਿੱਚ ਆਏ ਹਨ ਜੋ ਕਿ ਹੋਟਲ ਕੁਆਰੰਟੀਨ ਵਿੱਚ ਹਨ।

PunjabKesari

ਰਾਜ ਵਿੱਚ ਇਸ ਸਮੇਂ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 22,889 ਹੈ ਅਤੇ ਇਸ ਸਾਲ ਜੂਨ ਮਹੀਨੇ ਤੋਂ ਹੁਣ ਤੱਕ ਕੋਰੋਨਾ ਨਾਲ ਹੁਣ ਤੱਕ 187 ਮੌਤਾਂ ਹੋਈਆਂ ਹਨ। ਬੀਤੇ 24 ਘੰਟਿਆਂ ਦੌਰਾਨ ਰਾਜ ਭਰ ਵਿੱਚ 79544 ਕੋਰੋਨਾ ਟੈਸਟ ਕੀਤੇ ਗਏ ਹਨ ਅਤੇ 37824 ਵੈਕਸੀਨਾਂ ਲਗਾਈਆਂ ਗਈਆਂ ਹਨ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਵਿਕਟੋਰੀਆ ਰਾਜ ਵਿੱਚ ਇਸ ਸਮੇਂ 16 ਸਾਲ ਅਤੇ ਇਸ ਤੋਂ ਵੱਧ ਉਮਰ ਵਰਗ ਵਾਲੇ 70.51% ਲੋਕਾਂ ਨੂੰ ਕੋਰੋਨਾ ਤੋਂ ਬਚਾਉ ਦੀਆਂ ਦੋਨੋਂ ਵੈਕਸੀਨਾਂ ਲੱਗ ਚੁਕੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਕਟੋਰੀਆ ਰਾਜ ਦੇ ਲੋਕਾਂ ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਵਿਚ ਸਰਕਾਰ ਨੂੰ ਪੂਰਾ ਸਹਿਯੋਗ ਦਿੱਤਾ ਹੈ ਅਤੇ ਇਸ ਲਈ ਉਹ ਸਭ ਦੇ ਧੰਨਵਾਦੀ ਹਨ।

ਨਿਊ ਸਾਊਥ ਵੇਲਜ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਮੁੜ ਤੋਂ ਉਛਾਲ
ਲਗਾਤਾਰ 3 ਦਿਨ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ (300 ਤੋਂ ਘੱਟ) ਰਹਿਣ ਤੋਂ ਬਾਅਦ, ਅੱਜ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਦੱਸਿਆ ਗਿਆ ਕਿ ਨਿਊ ਸਾਊਥ ਵੇਲਜ਼ ਵਿੱਚ ਬੀਤੇ 24 ਘੰਟਿਆਂ ਦੌਰਾਨ, ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ 89 ਦਾ ਉਛਾਲ ਆਇਆ ਅਤੇ ਇਹ ਗਿਣਤੀ ਹੁਣ 372 ਹੋ ਗਈ ਹੈ। ਇਸ ਦੇ ਨਾਲ ਹੀ 1 ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ ਨੇ 70 ਫੀਸਦੀ ਟੀਕਾਕਰਣ ਦਾ ਟੀਚਾ ਕੀਤਾ ਹਾਸਲ

ਰਾਜ ਵਿੱਚ ਇਸ ਸਮੇਂ ਕੁੱਲ 523 ਕੋਰੋਨਾ ਮਰੀਜ਼ ਜ਼ੇਰੇ ਇਲਾਜ ਹਨ ਅਤੇ ਹਸਪਤਾਲਾਂ ਵਿੱਚ ਦਾਖਲ ਹਨ ਜਿਨ੍ਹਾਂ ਵਿੱਚੋਂ 124 ਆਈ.ਸੀ.ਯੂ. ਵਿੱਚ ਹਨ। ਰਾਜ ਵਿੱਚ ਇਸ ਸਮੇਂ 16 ਸਾਲ ਅਤੇ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਵਿੱਚ ਟੀਕਾਕਰਣ ਦੀ ਦਰ 92.5% (ਇੱਕ ਡੋਜ਼) ਹੈ ਜਦਕਿ 82.3% ਲੋਕਾਂ ਨੂੰ ਟੀਕਾਕਰਣ ਦੇ ਤਹਿਤ ਦੋਨੋਂ ਡੋਜ਼ਾਂ ਲਗਾਈਆਂ ਜਾ ਚੁੱਕੀਆਂ ਹਨ।

ਨੋਟ- ਆਸਟ੍ਰੇਲੀਆ ਵਿਚ ਕੋਰੋਨਾ ਮਾਮਲਿਆਂ ਨੇ ਵਧਾਈ ਚਿੰਤਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News