ਤੁਰਕੀ ਦੇ ਰਾਸ਼ਟਰਪਤੀ ਤੇ ਟਰੰਪ ਸੀਰੀਆ ਦੇ ''ਸੁਰੱਖਿਅਤ ਖੇਤਰ'' ਸਬੰਧੀ ਕਰਨਗੇ ਗੱਲ

10/07/2019 11:26:50 AM

ਅੰਕਾਰਾ— ਤੁਰਕੀ ਦੇ ਰਾਸ਼ਟਰਪਤੀ ਰਜਬ ਤਾਇਪ ਐਰਦੋਗਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉੱਤਰੀ ਸੀਰੀਆ 'ਚ ਸੁਰੱਖਿਅਤ ਖੇਤਰ ਬਣਾਉਣ 'ਤੇ ਚਰਚਾ ਕਰਨ ਲਈ ਅਗਲੇ ਮਹੀਨੇ ਵਾਸ਼ਿੰਗਟਨ 'ਚ ਮੁਲਾਕਾਤ ਕਰਨਗੇ। ਤੁਰਕੀ ਦੇ ਰਾਸ਼ਟਰਪਤੀ ਦਫਤਰ ਨੇ ਐਤਵਾਰ ਨੂੰ ਦੱਸਿਆ ਕਿ ਦੋਹਾਂ ਨੇਤਾਵਾਂ ਵਿਚਕਾਰ ਫੋਨ 'ਤੇ ਹੋਈ ਗੱਲਬਾਤ ਦੌਰਾਨ ਇਹ ਸਹਿਮਤੀ ਬਣੀ। ਤੁਰਕੀ ਦੇ ਰਾਸ਼ਟਰਪਤੀ ਦਫਤਰ ਨੇ ਇਕ ਬਿਆਨ 'ਚ ਦੱਸਿਆ ਕਿ ਐਰਦੋਗਨ ਨੇ ਟਰੰਪ ਨਾਲ ਗੱਲਬਾਤ 'ਚ ਤੁਰਕੀ ਦੀ ਸੀਮਾ 'ਤੇ ਇਕ 'ਬਫਰ ਖੇਤਰ' ਬਣਾਉਣ ਨੂੰ ਲੈ ਕੇ ਅਗਸਤ 'ਚ ਹੋਏ ਸਮਝੌਤੇ ਨੂੰ ਲਾਗੂ ਕਰਨ 'ਚ ਅਮਰੀਕੀ ਫੌਜ ਅਤੇ ਸੁਰੱਖਿਆ ਦਾ ਪ੍ਰਬੰਧ ਦੇਖ ਰਹੀ ਨੌਕਰਸ਼ਾਹੀ ਦੀ ਅਸਫਲਤਾ ਨੂੰ ਲੈ ਕੇ ਆਪਣੀ ਨਿਰਾਸ਼ਾ ਪ੍ਰਗਟ ਕੀਤੀ। ਉਸ ਨੇ ਦੱਸਿਆ ਕਿ ਟਰੰਪ ਦੇ ਸੱਦੇ ਦੇ ਬਾਅਦ ਐਰਦੋਗਨ ਅਮਰੀਕਾ ਜਾਣਗੇ।

ਟਰੰਪ ਅਤੇ ਐਰਦੋਗਨ ਵਿਚਕਾਰ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਵੱਖ ਪਿਛਲੇ ਮਹੀਨੇ ਸੀਰੀਆ 'ਚ ਬੈਠਕ ਹੋਣ ਦੀ ਉਮੀਦ ਸੀ ਪਰ ਅਜਿਹਾ ਨਹੀਂ ਹੋ ਸਕਿਆ। ਅਮਰੀਕਾ 'ਤੇ ਦਬਾਅ ਬਣਾਉਂਦੇ ਹੋਏ ਤੁਰਕੀ ਨੇਤਾ ਨੇ ਸ਼ਨੀਵਾਰ ਨੂੰ ਇਹ ਚਿਤਾਵਨੀ ਦੇ ਕੇ ਮਾਹੌਲ ਗਰਮ ਕਰ ਦਿੱਤਾ ਸੀ ਕਿ ਅੰਕਾਰਾ 'ਅੱਜ ਜਾਂ ਕੱਲ 'ਚ' ਸਰਹੱਦ ਪਾਰ ਹਮਲੇ ਸ਼ੁਰੂ ਕਰ ਸਕਦਾ ਹੈ। ਤੁਰਕੀ ਦੇ ਸਰਕਾਰੀ ਮੀਡੀਆ ਨੇ ਵੀ ਜਾਣਕਾਰੀ ਦਿੱਤੀ ਸੀ ਕਿ ਐਰਦੋਗਨ ਦੇ ਬਿਆਨ ਮਗਰੋਂ ਸੀਰੀਆ ਨਾਲ ਲੱਗਦੀ ਸਰਹੱਦ 'ਤੇ ਫੌਜ ਭੇਜੀ ਗਈ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਤੁਰਕੀ ਵਿਚਕਾਰ ਗੱਲਬਾਤ ਦੇ ਬਾਅਦ ਅਗਸਤ 'ਚ ਇਕ ਸਮਝੌਤਾ ਹੋਇਆ ਸੀ। ਇਸ ਦੇ ਬਾਅਦ ਤੁਰਕੀ ਅਤੇ ਅਮਰੀਕੀ ਫੌਜ ਨੇ ਉੱਤਰੀ ਸੀਰੀਆ 'ਚ ਸਾਂਝੀ ਜ਼ਮੀਨੀ ਅਤੇ ਹਵਾਈ ਗਸ਼ਤ ਕੀਤੀ ਸੀ। ਹਾਲਾਂਕਿ ਤੁਰਕੀ ਨੇ ਅਮਰੀਕਾ 'ਤੇ ਸੁਰੱਖਿਆ ਖੇਤਰ ਬਣਾਉਣ ਦਾ ਕੰਮ ਰੋਕਣ ਦਾ ਦੋਸ਼ ਲਗਾਇਆ ਹੈ।


Related News