ਸਿੱਖਿਆ ਦੇ ਖੇਤਰ ’ਚ ‘ਬੇਟੀਆਂ ਦੀਆਂ ਧੁੰਮਾਂ’ ਹਰ ਖੇਤਰ ’ਚ ਹੋ ਰਹੀਆਂ ਸਫਲ
Saturday, Apr 20, 2024 - 04:09 AM (IST)
ਅੱਜ ਜ਼ਿੰਦਗੀ ਦੇ ਹਰ ਖੇਤਰ ’ਚ ਔਰਤਾਂ ਬਾਜ਼ੀ ਮਾਰ ਰਹੀਆਂ ਹਨ। ਡਾਕਟਰ, ਅਧਿਆਪਕ, ਵਕੀਲ, ਜੱਜ, ਇੰਜੀਨੀਅਰ, ਬੱਸ ਅਤੇ ਟ੍ਰੇਨ ਡਰਾਈਵਰ, ਹਵਾਈ ਜਹਾਜ਼ ਦੀ ਪਾਇਲਟ, ਪੁਲਾੜ ਯਾਤਰੀ ਅਜਿਹਾ ਕੋਈ ਵੀ ਖੇਤਰ ਨਹੀਂ ਹੈ, ਜਿੱਥੇ ਔਰਤਾਂ ਨੇ ਆਪਣੀ ਪਛਾਣ ਨਾ ਬਣਾਈ ਹੋਵੇ।
ਕੁਝ ਸਮਾਂ ਪਹਿਲਾਂ ਪੰਜਾਬ ਦੇ ਜ਼ਿਲਾ ਜਲੰਧਰ ਦੇ ਕਸਬਾ ਆਦਮਪੁਰ ਨੇੜੇ ਜੰਡੂਸਿੰਘਾ ’ਚ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਦੀ ਬੇਟੀ ਸੋਨਾਲੀ ਕੌਲ ਨੇ ਜੱਜ ਬਣ ਕੇ ਪਰਿਵਾਰ ਦਾ ਨਾ ਰੌਸ਼ਨ ਕੀਤਾ।
ਹੁਣੇ ਜਿਹੇ ਹੀ ਕੁਝ ਪ੍ਰੀਖਿਆਵਾਂ ਦੇ ਐਲਾਨੇ ਨਤੀਜਿਆਂ ਨੇ ਇਕ ਵਾਰ ਮੁੜ ਸਿੱਧ ਕਰ ਦਿੱਤਾ ਹੈ ਕਿ ਕੁੜੀਆਂ ਕਿਸੇ ਵੀ ਪੱਖੋਂ ਮੁੰਡਿਆਂ ਨਾਲੋਂ ਘੱਟ ਨਹੀਂ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 18 ਅਪ੍ਰੈਲ ਨੂੰ ਐਲਾਨੇ 10ਵੀਂ ਜਮਾਤ ਦੇ ਪ੍ਰੀਖਿਆ ਨਤੀਜਿਆਂ ’ਚ 96.47 ਫੀਸਦੀ ਮੁੰਡਿਆਂ ਦੇ ਮੁਕਾਬਲੇ 98.11 ਫੀਸਦੀ ਕੁੜੀਆਂ ਸਫਲ ਹੋਈਆਂ ਹਨ।
ਪਾਸ ਫੀਸਦੀ ਪੱਖੋਂ ਅੰਮ੍ਰਿਤਸਰ ਜ਼ਿਲਾ ਪਹਿਲੇ, ਪਠਾਨਕੋਟ ਦੂਜੇ ਅਤੇ ਤਰਨਤਾਰਨ ਜ਼ਿਲਾ ਤੀਜੇ ਨੰਬਰ ’ਤੇ ਰਿਹਾ। ਜਦੋਂ ਕਿ ਇਨ੍ਹਾਂ ਤੋਂ ਬਾਅਦ ਗੁਰਦਾਸਪੁਰ, ਫਿਰੋਜ਼ਪੁਰ, ਫਰੀਦਕੋਟ, ਹੁਸ਼ਿਆਰਪੁਰ, ਐੱਸ. ਬੀ. ਐੱਸ. ਨਗਰ, ਫਾਜ਼ਿਲਕਾ, ਕਪੂਰਥਲਾ, ਰੂਪਨਗਰ, ਮੋਗਾ, ਐੱਸ. ਏ. ਐੱਸ. ਨਗਰ, ਜਲੰਧਰ, ਬਠਿੰਡਾ, ਮਾਨਸਾ, ਬਰਨਾਲਾ, ਪਟਿਆਲਾ, ਮਾਲੇਰਕੋਟਲਾ, ਸੰਗਗਰੂ, ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਰਹੇ।
* ਸੂਬੇ ’ਚ ਪਹਿਲਾ ਨੰਬਰ ਹਾਸਲ ਕਰਨ ਵਾਲੇ ਅੰਮ੍ਰਿਤਸਰ ਜ਼ਿਲੇ ਦੀ ਪਾਸ ਫੀਸਦੀ ਸਭ ਤੋਂ ਵੱਧ (99.24) ਰਹੀ ਅਤੇ ਜ਼ਿਲੇ ’ਚ 29 ਵਿਦਿਆਰਥੀਆਂ ਨੇ ਮੈਰਿਟ ’ਚ ਥਾਂ ਹਾਸਲ ਕੀਤੀ। ਜਿਨ੍ਹਾਂ ’ਚੋਂ 19 ਕੁੜੀਆਂ ਹਨ।
* 99.22 ਫੀਸਦੀ ਨਤੀਜੇ ਨਾਲ ਪਠਾਨਕੋਟ ਜ਼ਿਲਾ ਦੂਜੇ ਨੰਬਰ ’ਤੇ ਰਿਹਾ ਹੈ। ਜ਼ਿਲੇ ’ਚ 8 ਕੁੜੀਆਂ ਸਮੇਤ 10 ਵਿਦਿਆਰਥੀਆਂ ਨੇ ਮੈਰਿਟ ਲਿਸਟ ’ਚ ਥਾਂ ਹਾਸਲ ਕੀਤੀ।
* ਤਰਨਤਾਰਨ ਜ਼ਿਲੇ ਨੇ ਸੂਬੇ ’ਚ ਤੀਜਾ ਨੰਬਰ ਹਾਸਲ ਕੀਤਾ ਪਰ ਇੱਥੇ ਕੋਈ ਵਿਦਿਆਰਥੀ ਮੈਰਿਟ ’ਚ ਥਾਂ ਬਣਾਉਣ ’ਚ ਸਫਲ ਨਹੀਂ ਹੋ ਸਕਿਆ।
* ਜ਼ਿਲਾ ਗੁਰਦਾਸਪੁਰ ਤੋਂ ਮੈਰਿਟ ’ਚ ਆਉਣ ਵਾਲੇ 14 ਵਿਦਿਆਰਥੀਆਂ ’ਚੋਂ 13 ਕੁੜੀਆਂ ਹਨ।
* ਫਿਰੋਜ਼ਪੁਰ ਜ਼ਿਲੇ ਦੇ 17 ਵਿਦਿਆਰਥੀਆਂ ’ਚੋਂ 13 ਕੁੜੀਆਂ ਨੇ ਮੈਰਿਟ ’ਚ ਥਾਂ ਹਾਸਲ ਕੀਤੀ।
* ਹੁਸ਼ਿਆਰਪੁਰ ਜ਼ਿਲੇ ਤੋਂ ਮੈਰਿਟ ’ਚ ਆਉਣ ਵਾਲੇ 24 ਵਿਦਿਆਰਥੀਆਂ ’ਚੋਂ 22 ਕੁੜੀਆਂ ਹਨ।
* ਕਪੂਰਥਲਾ ਜ਼ਿਲੇ ’ਚ ਪਹਿਲੀਆਂ ਪੰਜ ਥਾਵਾਂ ਕੁੜੀਆਂ ਨੇ ਹੀ ਹਾਸਲ ਕੀਤੀਆਂ ਹਨ।
* ਫਾਜ਼ਿਲਕਾ ਜ਼ਿਲੇ ’ਚ ਮੈਰਿਟ ’ਚ ਆਏ 8 ਵਿਦਿਆਰਥੀਆਂ ’ਚੋਂ 7 ਕੁੜੀਆਂ ਹਨ।
* ਪਟਿਆਲਾ ਜ਼ਿਲੇ ’ਚ ਮੈਰਿਟ ’ਚ ਆਏ 39 ਵਿਦਿਆਰਥੀਆਂ ’ਚੋਂ 28 ਕੁੜੀਆਂ ਹਨ।
* ਜਲੰਧਰ ਜ਼ਿਲੇ ’ਚ ਮੈਰਿਟ ’ਚ ਆਉਣ ਵਾਲੇ 18 ਵਿਦਿਆਰਥੀਆਂ ’ਚੋਂ 13 ਕੁੜੀਆਂ ਹਨ।
ਇਨ੍ਹਾਂ ਨਤੀਜਿਆਂ ਦੀ ਇਕ ਦਿਲਚਸਪ ਗੱਲ ਇਹ ਹੈ ਕਿ ਲੁਧਿਆਣਾ ਜ਼ਿਲੇ ਨੇ ਸੂਬੇ ’ਚ 22ਵੀਂ ਥਾਂ ਹਾਸਲ ਕੀਤੀ ਹੈ ਅਤੇ ਮੈਰਿਟ ’ਚ ਆਉਣ ਵਾਲੇ ਇਸ ਦੇ 59 ਵਿਦਿਆਰਥੀਆਂ ’ਚੋਂ 47 ਕੁੜੀਆਂ ਹਨ ਪਰ ਸਫਲ ਵਿਦਿਆਰਥੀਆਂ ’ਚ ਪਹਿਲੀਆਂ ਦੋ ਥਾਵਾਂ ਲੁਧਿਆਣਾ ਦੇ ਹੀ ਤੇਜਾ ਸਿੰਘ ਸਵਤੰਤਰ ਸਕੂਲ ਦੀਆਂ ਵਿਦਿਆਰਥਣਾਂ ਅਦਿਤੀ ਅਤੇ ਅਲੀਸ਼ਾ ਸ਼ਰਮਾ ਨੇ ਹਾਸਲ ਕੀਤੀਆਂ ਹਨ।
ਅਦਿਤੀ ਨੇ 650 ’ਚੋਂ 650 ਅੰਕਾਂ ਨਾਲ ਮੈਰਿਟ ’ਚ ਸੂਬੇ ’ਚ ਪਹਿਲੀ, ਇਸੇ ਸਕੂਲ ਦੀ ਅਲੀਸ਼ਾ ਸ਼ਰਮਾ ਨੇ ਦੂਜੀ ਅਤੇ ਅੰਮ੍ਰਿਤਸਰ ਦੇ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਨਵਾਂ ਤਨੇਲ, ਬਾਬਾ ਬਕਾਲਾ ਸਾਹਿਬ ਦੀ ਵਿਦਿਆਰਥਣ ਕਰਮਨਪ੍ਰੀਤ ਕੌਰ ਨੇ ਤੀਜੀ ਥਾਂ ਹਾਸਲ ਕੀਤੀ
ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮੈਟ੍ਰਿਕ ਦੇ ਨਤੀਜਿਆਂ ਦੇ ਐਲਾਨ ਤੋਂ ਅਗਲੇ ਦਿਨ 19 ਅਪ੍ਰੈਲ ਨੂੰ ਝਾਰਖੰਡ ਅਕੈਡਮਿਕ ਕੌਂਸਲ ਬੋਰਡ ਵਲੋਂ ਜਾਰੀ ਦਸਵੀਂ ਜਮਾਤ ਦੇ ਪ੍ਰੀਖਿਆ ਨਤੀਜੇ ’ਚ 91 ਫੀਸਦੀ ਵਿਦਿਆਰਥਣਾਂ ਅਤੇ 80.70 ਫੀਸਦੀ ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ। ਹਜ਼ਾਰੀ ਬਾਗ ਸਥਿਤ ਇੰਦਰਾ ਬਾਲਿਕਾ ਹਾਈ ਸਕੂਲ ਦੀਆਂ ਵਿਦਿਆਰਥਣਾਂ ਨੇ ਪਹਿਲੀਆਂ ਤਿੰਨ ਥਾਵਾਂ ਹਾਸਲ ਕੀਤੀਆਂ। ਜਦੋਂ ਕਿ ਮੈਰਿਟ ’ਚ ਥਾਂ ਹਾਸਲ ਕਰਨ ਵਾਲੇ ਵੱਖ-ਵੱਖ ਸਕੂਲਾਂ ਦੇ 44 ਵਿਦਿਆਰਥੀਆਂ ’ਚੋਂ ਇਸ ਸਕੂਲ ਦੀਆਂ 19 ਵਿਦਿਆਰਥਣਾਂ ਸ਼ਾਮਲ ਹਨ।
ਇਸ ਤੋਂ ਪਹਿਲਾਂ 31 ਮਾਰਚ, 2024 ਨੂੰ ਐਲਾਨੇ ਬਿਹਾਰ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਨਤੀਜੇ ’ਚ ਵੀ 680293 ਮੁੰਡਿਆਂ ਦੇ ਮੁਕਾਬਲੇ 699549 ਕੁੜੀਆਂ ਨੇ ਸਫਲਤਾ ਹਾਸਲ ਕਰ ਕੇ ਆਪਣੀ ਸਰਵੋਤਮਤਾ ਸਿੱਧ ਕੀਤੀ।
ਇਹ ਦੱਸਣਯੋਗ ਹੈ ਕਿ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ’ਚ ਵੀ ਕੁੜੀਆਂ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕਰਦੀਆਂ ਆ ਰਹੀਆਂ ਹਨ। ਇਸ ਤੋਂ ਸਪੱਸ਼ਟ ਹੈ ਕਿ ਉਹ ਪੜ੍ਹਾਈ ’ਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਇਸ ਲਈ ਜੇ ਉਨ੍ਹਾਂ ਨੂੰ ਸਹੀ ਮਾਰਗਦਰਸ਼ਨ , ਸਰਪ੍ਰਸਤੀ ਅਤੇ ਉਤਸ਼ਾਹ ਮਿਲੇ ਤਾਂ ਉਹ ਸਫਲਤਾ ਦੀਆਂ ਹੋਰ ਵੀ ਮੰਜ਼ਿਲਾਂ ਨੂੰ ਤੈਅ ਕਰ ਸਕਦੀਆਂ ਹਨ।
–ਵਿਜੇ ਕੁਮਾਰ