ਟਰੂਡੋ ਪਰਿਵਾਰ ''ਚ ਕੋਰੋਨਾਵਾਇਰਸ ਦੀ ਦਹਿਸ਼ਤ, ਪਤਨੀ ਸੋਫੀ ਦਾ ਕਰਾਇਆ ਟੈਸਟ
Friday, Mar 13, 2020 - 09:27 AM (IST)
ਓਟਾਵਾ - ਕੋਰੋਨਾਵਾਇਰਸ ਨੇ ਚੀਨ ਤੋਂ ਕਾਫੀ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਦਾ ਪ੍ਰਸਾਰ ਕੈਨੇਡਾ ਤੱਕ ਤਾਂ ਪਹੁੰਚ ਹੀ ਗਿਆ ਹੈ ਪਰ ਇਸ ਵਾਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਟਰੂਡੋ ਵਿਚ ਫਲੂ ਜਿਹੇ ਲੱਛਣ ਪਾਏ ਗਏ ਹਨ। ਇਸ ਦੀ ਜਾਣਕਾਰੀ ਜਸਟਿਨ ਟਰੂਡੋ ਨੇ ਆਪਣੇ ਟਵਿੱਟਰ ਹੈਂਡਲ ਲਗਾਤਾਰ ਟਵੀਟ ਕਰਦੇ ਹੋਏ ਦਿੱਤੀ ਹੈ।
ਇਸ ਵਿਚ ਉਨ੍ਹਾਂ ਲਿੱਖਿਆ ਕਿ ਮੇਰੇ ਕੋਲ ਅੱਜ ਤੁਹਾਡੇ ਨਾਲ ਸਾਂਝੀ ਕਰਨ ਲਈ ਇਕ ਨਿੱਜੀ ਖਬਰ ਹੈ। ਸੋਫੀ ਹਾਲ ਹੀ ਵਿਚ ਯੂ. ਕੇ. ਵਿਚ ਭਾਸ਼ਣ ਪ੍ਰੋਗਰਾਮ ਤੋਂ ਵਾਪਸ ਆਈ ਸੀ ਅਤੇ ਕੱਲ ਰਾਤ ਉਹ ਫਲੂ ਹੋਣ ਦਾ ਅਨੁਭਵ ਕਰ ਰਹੀ ਸੀ ਪਰ ਹੁਣ ਉਹ ਬਿਹਤਰ ਮਹਿਸੂਸ ਕਰ ਰਹੀ ਹੈ। ਡਾਕਟਰ ਦੀ ਸਲਾਹ ਤੋਂ ਬਾਅਦ ਉਸ ਨੂੰ ਵੱਖਰਾ ਰੱਖਿਆ ਗਿਆ ਹੈ ਅਤੇ ਅਸੀਂ ਕੋਵਿਡ-19 ਟੈਸਟ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਾਂ। ਨਾਲ ਹੀ ਉਨ੍ਹਾਂ ਦੂਜੇ ਟਵੀਟ ਕਰਦੇ ਹੋਏ ਲਿੱਖਿਆ ਕਿ ਜਦ ਤੱਕ ਸੋਫੀ ਦੇ ਟੈਸਟਾਂ ਦੀ ਰਿਪੋਰਟ ਨਹੀਂ ਮਿਲ ਜਾਂਦੀ, ਉਦੋਂ ਤੱਕ ਮੈਂ ਆਪਣੇ-ਆਪ ਨੂੰ ਅਲੱਗ ਰੱਖਾਂਗਾ ਅਤੇ ਘਰ ਤੋਂ ਹੀ ਮੈਂ ਆਪਣਾ ਸਾਰਾ ਕੰਮ ਕਰਾਂਗਾ। ਇਸ ਤੋਂ ਇਲਾਵਾ ਅੱਜ ਮੈਂ ਕੁਝ ਵਿਸ਼ਵ ਨੇਤਾਵਾਂ ਨਾਲ ਗੱਲ ਕਰਾਂਗਾ ਅਤੇ ਕੋਵਿਡ-19 'ਤੇ ਇਕ ਕੈਬਨਿਟ ਕਮੇਟੀ ਦੀ ਚਰਚਾ ਲਈ ਮੰਤਰੀਆਂ ਨਾਲ ਸ਼ਾਮਲ ਹੋ ਰਿਹਾ ਹਾਂ।
ਆਖਰੀ ਟਵੀਟ ਵਿਚ ਉਨ੍ਹਾਂ ਲਿੱਖਿਆ ਕਿ ਮੈਂ ਪ੍ਰੀਮੀਅਰ ਅਤੇ ਹੋਰਨਾਂ ਨੇਤਾਵਾਂ ਨਾਲ ਬੈਠਕ ਕਰਨਾ ਚਾਹੁੰਦਾ ਸੀ ਪਰ ਹਾਲਾਤ ਦੇਖਦੇ ਹੋਏ ਮੈਂ ਮੀਟਿੰਗ ਰੱਦ ਕਰ ਰਿਹਾ ਹਾਂ। ਇਸ ਵਿਚਾਲੇ, ਮੈਂ ਫੋਨ 'ਤੇ ਗੱਲਬਾਤ ਕਰਾਂਗੇ ਕਿ ਅਸੀਂ ਸਾਰੇ ਕੋਵਿਡ-19 ਦੇ ਪ੍ਰਸਾਰ ਨੂੰ ਕਿਵੇਂ ਰੋਕੀਏ ਤਾਂ ਜੋ ਅਸੀਂ ਆਪਣੇ ਕੈਨੇਡੀਅਨ ਲੋਕਾਂ ਨੂੰ ਸੁਰੱਖਿਅਤ ਰੱਖ ਪਾਈਏ। ਦੱਸ ਦਈਏ ਕਿ ਕੈਨੇਡਾ ਵਿਚ ਹੁਣ ਤੱਕ ਕੋਰੋਨਾਵਾਇਰਸ ਨਾਲ ਕਰੀਬ 120 ਲੋਕ ਪ੍ਰਭਾਵਿਤ ਹੋਏ ਹਨ ਅਤੇ 1 ਵਿਅਕਤੀ ਦੀ ਮੌਤ ਹੋਈ ਹੈ।