ਟਾਵਰ ''ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੀਆਂ ਧਮਕੀਆਂ ਦੇ ਰਿਹਾ ਸੀ ਸ਼ਖਸ, ਵੀਡੀਓ ਵਾਇਰਲ

Wednesday, Mar 28, 2018 - 01:10 PM (IST)

ਟਾਵਰ ''ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੀਆਂ ਧਮਕੀਆਂ ਦੇ ਰਿਹਾ ਸੀ ਸ਼ਖਸ, ਵੀਡੀਓ ਵਾਇਰਲ

ਨਿਊਯਾਰਕ (ਬਿਊਰੋ)— ਅਮਰੀਕਾ ਦੀ ਨਿਊਯਾਰਕ ਪੁਲਸ ਦੀ ਬਹਾਦੁਰੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਅਮਰੀਕਾ ਵਿਚ ਇਕ ਸ਼ਖਸ ਖੁਦਕੁਸ਼ੀ ਕਰਨ ਲਈ ਪੁਲ 'ਤੇ ਬਣੇ ਇਕ ਟਾਵਰ 'ਤੇ ਚੜ੍ਹ ਗਿਆ। ਆਪਣੀ ਸੂਝਬੂਝ ਨਾਲ ਸ਼ਖਸ ਦੀ ਜਾਨ ਬਚਾਉਣ ਕਾਰਨ ਨਿਊਯਾਰਕ ਪੁਲਸ ਦੀ ਹਰ ਜਗ੍ਹਾ ਤਾਰੀਫ ਹੋ ਰਹੀ ਹੈ।
ਅਸਲ ਵਿਚ ਨਿਊਯਾਰਕ ਦੇ 500 ਫੁੱਟ ਉੱਚੇ ਰੌਬਰਟ ਐੱਫ. ਕੈਨੇਡੀ ਬ੍ਰਿਜ 'ਤੇ ਐਤਵਾਰ ਨੂੰ ਇਕ ਸ਼ਖਸ ਚੜ੍ਹ ਗਿਆ ਅਤੇ ਖੁਦਕੁਸ਼ੀ ਕਰਨ ਦੀਆਂ ਧਮਕੀਆਂ ਦੇਣ ਲੱਗਾ। ਉਸੇ ਵੇਲੇ ਐਮਰਜੈਂਸੀ ਸਰਵਿਸ ਦੇ ਇਕ ਅਫਸਰ ਨੇ ਪੁਲਸ ਨੂੰ ਫੋਨ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਸ ਵਿਭਾਗ ਦਾ ਇਕ ਹੈਲੀਕਾਪਟਰ ਉੱਪਰੋਂ ਦੀ ਸ਼ਖਸ 'ਤੇ ਨਜ਼ਰ ਰੱਖਣ ਲੱਗਾ ਅਤੇ ਪੁਲਸ ਅਧਿਕਾਰੀ ਥੱਲੇ ਸ਼ਖਸ ਨੂੰ ਬਚਾਉਣ ਲਈ ਪਹੁੰਚ ਗਏ। ਥੋੜ੍ਹੀ ਦੇਰ ਬਾਅਦ ਜਦੋਂ ਵਿਅਕਤੀ ਪੁਲ 'ਤੇ ਇਕ ਪੈਰ ਥੱਲੇ ਲਟਕਾ ਕੇ ਬੈਠਾ ਤਾਂ ਪੁਲਸ ਨੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਸਹੀ ਮੌਕਾ ਦੇਖਦੇ ਹੀ ਜਾਸੂਸ ਕਲੌਡਿਓ ਸੇਨਚੇਜ ਅਤੇ ਬਾਕੀ ਪੁਲਸ ਅਧਿਕਾਰੀਆਂ ਨੇ ਸ਼ਖਸ ਨੂੰ ਟਾਵਰ ਤੋਂ ਥੱਲੇ ਉਤਾਰਿਆ। 
ਸੂਤਰਾਂ ਮੁਤਾਬਕ ਸੇਨਚੇਜ ਨੇ ਕਿਹਾ,''ਅਸੀਂ ਇੰਝ ਕਰਨਾ ਹੀ ਸੀ। ਹਰ ਕੋਈ ਚਾਹੁੰਦਾ ਸੀ ਕਿ ਸ਼ਖਸ ਨੂੰ ਸੁਰੱਖਿਅਤ ਥੱਲੇ ਉਤਾਰਿਆ ਜਾਵੇ। ਉਸ ਦੀ ਜ਼ਿੰਦਗੀ ਦੀਆਂ ਜੋ ਵੀ ਮੁਸ਼ਕਲਾਂ ਹਨ, ਉਨ੍ਹਾਂ ਨੂੰ ਹੱਲ ਕੀਤਾ ਜਾਵੇ।'' ਨਿਊਯਾਰਕ ਪੁਲਸ ਵਿਭਾਗ ਨੇ ਟਵਿੱਟਰ 'ਤੇ ਅਪਲੋਡ ਕੀਤਾ ਕਿ 31 ਸਾਲਾ ਸ਼ਖਸ ਦੀ ਜਾਨ ਬਚਾਉਣ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਹੈ।

 


Related News