ਕੁੜੀ ਨੂੰ ਗਲਤ ਕੁਮੈਂਟਸ ਕਰਨ ਦਾ ਉਲਾਂਭਾ ਦੇਣ ਗਈ ਔਰਤ ਨੂੰ ਦਿੱਤੀਆਂ ਧਮਕੀਆਂ
Thursday, Mar 05, 2026 - 03:00 PM (IST)
ਗੁਰੂਹਰਸਹਾਏ (ਸਿਕਰੀ) : ਗੁਰੂਹਰਸਹਾਏ ਵਿਖੇ ਇਕ ਕੁੜੀ ਨੂੰ ਗਲਤ ਕੁਮੈਂਟਸ ਕਰਨ ਦਾ ਉਲਾਂਭੇ ਦੇਣ ਗਈ ਔਰਤ ਨੂੰ ਧਮਕੀਆਂ ਦੇਣ ਅਤੇ ਘਰ ਦੇ ਬਾਹਰ ਕਾਪੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਨਾਬਾਲਗ ਕੁੜੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਦਸਵੀਂ ਕਲਾਸ 'ਚ ਪੜ੍ਹਦੀ ਹੈ। ਕਰੀਬ ਇਕ ਮਹੀਨਾ ਪਹਿਲਾਂ ਦੋਸ਼ੀਅਨ ਗੁਰਪ੍ਰੀਤ ਸਿੰਘ ਪੁੱਤਰ ਓਮ ਪ੍ਰਕਾਸ਼, ਅਮਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀਅਨ ਪਿੰਡ ਕੁਤਬਗੜ੍ਹਾ ਭਾਟਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਲੱਖਾ ਹਾਜ਼ੀ ਉਸ ਦੀ ਧੀ ਦੇ ਸਕੂਲ ਆਉਣ ਅਤੇ ਜਾਣ ਸਮੇਂ ਪਿੱਛਾ ਕਰਕੇ ਗਲਤ ਕੁਮੈਂਟਸ ਕਰਦੇ ਸਨ।
ਕੁੜੀ ਦੀ ਮਾਂ ਨੇ ਦੱਸਿਆ ਕਿ ਜਦ ਉਸ ਦੀ ਕੁੜੀ ਨੇ ਇਸ ਬਾਰੇ ਘਰ ਦੱਸਿਆ ਤਾਂ ਉਹ ਦੋਸ਼ੀਅਨ ਦੇ ਘਰ ਉਲਾਂਭਾ ਦੇਣ ਗਈ ਤਾਂ ਉਕਤ ਦੋਸ਼ੀ ਤੈਸ਼ ਵਿਚ ਆ ਕੇ ਮਿਤੀ 12 ਫਰਵਰੀ 2026 ਨੂੰ ਉਸ ਦੇ ਘਰ ਦੇ ਬਾਹਰ ਧਮਕੀਆਂ ਦਿੱਤੀਆਂ ਤੇ ਗੇਟ ਤੇ ਕਾਪੇ ਮਾਰੇ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲੇ ਦਰਜ ਕਰ ਲਏ ਗਏ ਹਨ।
