ਚੋਰ ਮੋਰੀਆਂ ਨੂੰ ਬੰਦ ਕਰਨ ਲਈ ਟੈਕਸ ਨਿਯਮਾਂ ''ਚ ਤਬਦੀਲੀ ਕਰੇਗੀ ਫੈਡਰਲ ਸਰਕਾਰ

07/19/2017 9:35:35 PM

ਓਟਾਵਾ — ਫੈਡਰਲ ਸਰਕਾਰ ਦੇ ਵਿੱਤ ਮੰਤਰੀ ਬਿੱਲ ਮੌਰਨਿਊ ਟੈਕਸ ਨਿਯਮਾਂ 'ਚ ਤਬਦੀਲੀ ਕਰਨ ਬਾਰੇ ਸੋਚ ਰਹੇ ਹਨ। ਮੌਰਨਿਊ ਮੁਤਾਬਕ ਇਹ ਤਬਦੀਲੀਆਂ ਵੱਡੇ ਕਾਰੋਬਾਰੀਆਂ ਵੱਲੋਂ ਵਧ ਟੈਕਸ ਭਰਨ ਤੋਂ ਬਚਣ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਚੋਰ ਮੋਰੀਆਂ ਨੂੰ ਬੰਦ ਕਰਨ ਲਈ ਕੀਤੀਆਂ ਜਾਣਗੀਆਂ। ਉਨ੍ਹਾਂ ਮੁਤਾਬਕ ਇਨ੍ਹਾਂ ਚੋਰ ਮੋਰੀਆਂ ਦੀ ਵਰਤੋਂ ਜ਼ਿਆਦਾਤਰ ਡਾਕਟਰ ਅਤੇ ਵਕੀਲਾਂ ਵੱਲੋਂ ਆਪਣੇ ਟੈਕਸ ਨੂੰ ਘੱਟ ਕਰਨ ਲਈ ਇਸਤੇਮਾਲ ਕੀਤੀ ਜਾਂਦੀ ਹੈ। ਮੌਰਨਿਊ ਮੁਤਾਬਕ ਇਨ੍ਹਾਂ ਚੋਰ ਮੋਰੀਆਂ ਦੀ ਗਿਣਤੀ ਕੋਈ ਵਧੇਰੇ ਨਹੀਂ ਬਲਕਿ ਸਿਰਫ 3 ਹੀ ਹੈ।
ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ, ''ਜਿਨ੍ਹਾਂ ਨੂੰ ਇਨ੍ਹਾਂ ਗੁੰਝਲਦਾਰ ਤਬਦੀਲੀਆਂ ਦਾ ਸਾਹਮਣਾ ਕਰਨਾ ਪਵੇਗਾ ਉਨ੍ਹਾਂ ਨੂੰ ਇਹ ਵੀ ਪਤਾ ਲਾਉਣਾ ਹੋਵੇਗਾ ਕਿ ਉਹ ਕਿਸ ਤਰ੍ਹਾਂ ਉਨ੍ਹਾਂ ਨੂੰ ਪ੍ਰਭਾਵਿਤ ਕਰਨਗੀਆਂ । ਅਜੇ ਤੱਕ ਮੈਂ ਤਾਂ ਆਪ ਇਸ ਬਾਰੇ ਕੋਈ ਪਤਾ ਨਹੀਂ ਲਾਇਆ ਹੈ। ਨਵੇਂ ਮਾਪਦੰਡ ਉਨ੍ਹਾਂ 'ਤੇ ਲਾਗੂ ਹੋਣਗੇ, ਜਿਹੜੇ ਕਾਰੋਬਾਰੀ ਆਪਣੀ ਆਮਦਨ ਨੂੰ ਆਪਣੇ ਪਰਿਵਾਰਕ ਮੈਂਬਰਾਂ 'ਚ ਹੀ ਤਨਖਾਹ ਆਦਿ 'ਚ ਵੰਡ ਕੇ ਘੱਟ ਵਿਖਾਉਣਾ ਚਾਹੁੰਦੇ ਹਨ ਜਾਂ ਫਿਰ ਉਹ ਆਪਣੀ ਆਮਦਨ ਨੂੰ ਲਾਭਾਂਸ਼ ਜਾਂ ਪੂੰਜੀਗਤ ਲਾਭ ਵਜੋਂ ਵਿਖਾਉਣਾ ਚਾਹੁੰਦੇ ਹਨ।'' 
ਮੌਰਨਿਊ ਨੇ ਆਖਿਆ ਕਿ ਭਾਵੇਂ ਇਹ ਮਾਪਦੰਡ ਪੂਰੀ ਤਰ੍ਹਾਂ ਕਾਨੂੰਨ ਦੇ ਦਾਇਰੇ 'ਚ ਆਉਂਦੇ ਹਨ ਪਰ ਇਹ ਉਨ੍ਹਾਂ ਲਈ ਅਨੁਚਿਤ ਹਨ ਜਿਨ੍ਹਾਂ ਦੀਆਂ ਪ੍ਰਾਈਵੇਟ ਕਾਰਪੋਰੇਸ਼ਨਾਂ ਨਹੀਂ ਹਨ। ਸਰਕਾਰ ਆਮਦਨ ਦੀ ਵੰਡ ਅਤੇ ਪੂੰਜੀਗਤ ਲਾਭ ਦੇ ਹੱਲ ਸੁਝਾਅ ਰਹੀ ਹੈ ਤੇ ਅਸਿੱਧੇ ਤੌਰ 'ਤੇ ਕੀਤੇ ਜਾਣ ਵਾਲੇ ਨਿਵੇਸ਼ ਲਈ ਵੀ ਇਹ ਪ੍ਰਸਤਾਵ ਰੱਖਿਆ ਜਾ ਰਿਹਾ ਹੈ। ਮੌਰਨਿਊ ਨੇ ਆਖਿਆ ਕਿ ਪਰ ਇਸ ਬਾਰੇ ਸਰਕਾਰ ਕੈਨੇਡੀਅਨਾਂ ਦੀ ਸਲਾਹ ਜਾਨਣਾ ਚਾਹੁੰਦੀ ਹੈ।
ਮੌਰਨਿਊ ਨੇ ਦੱਸਿਆ ਕਿ ਜਦੋਂ ਉਹ ਇਨ੍ਹਾਂ ਤਬਦੀਲੀਆਂ ਬਾਰੇ ਸੋਚ ਵਿਚਾਰ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਇਸ ਦਾ ਉਨ੍ਹਾਂ ਦੇ ਨਿਜੀ ਜ਼ਿੰਦਗੀ 'ਤੇ ਕਿਹੋ ਜਿਹਾ ਪ੍ਰਭਾਵ ਪਵੇਗਾ ਇਸ ਬਾਰੇ ਨਹੀਂ ਸੋਚਿਆ। ਉਨ੍ਹਾਂ ਆਖਿਆ ਕਿ ਉਹ ਇਹੋ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਇਹ ਸਿਸਟਮ ਸਹੀ ਢੰਗ ਨਾਲ ਕੰਮ ਕਰੇ ਇਸ ਲਈ ਉਨ੍ਹਾਂ ਆਪਣੇ ਨਿਜੀ ਹਿੱਤਾਂ ਨੂੰ ਵੀ ਦਰਕਿਨਾਰ ਕਰ ਦਿੱਤਾ।


Related News