ਭਾਜਪਾ ਸਰਕਾਰ ਨੂੰ ਨਹੀਂ ਕੋਈ ਖ਼ਤਰਾ, ਕਾਰਜਕਾਲ ਕਰੇਗੀ ਪੂਰਾ: CM ਨਾਇਬ ਸੈਣੀ

05/08/2024 4:44:44 PM

ਸਿਰਸਾ- ਹਰਿਆਣਾ ਸਰਕਾਰ ਤੋਂ 3 ਆਜ਼ਾਦ ਵਿਧਾਇਕਾਂ ਦੇ ਸਮਰਥਨ ਵਾਪਸ ਲੈਣ 'ਤੇ ਆਪਣੀ ਪ੍ਰਤੀਕਿਰਿਆ 'ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਫ਼ ਕੀਤਾ ਕਿ ਬੇਸ਼ੱਕ ਵਿਰੋਧੀ ਧਿਰ ਸਰਕਾਰ ਖਿਲਾਫ਼ ਕਿੰਨੇ ਹੀ ਮਨਸੂਬੇ ਪਾਲ ਲਵੇ ਪਰ ਸਾਡੀ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ। ਸਾਡੀ ਸਰਕਾਰ ਸਹਿਜ ਢੰਗ ਆਪਣਾ ਕਾਰਜਕਾਲ ਪੂਰਾ ਕਰੇਗੀ। ਸੈਣੀ ਨੇ ਬੁੱਧਵਾਰ ਨੂੰ ਭਾਜਪਾ ਉਮੀਦਵਾਰ ਡਾ. ਅੰਸ਼ੋਕ ਤੰਵਰ ਦੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਮੁੱਦੇ 'ਤੇ ਇਹ ਗੱਲ ਆਖੀ। 

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਇੱਛਾ ਹਮੇਸ਼ਾ ਸਰਕਾਰ ਬਣਾਉਣ ਦੀ ਰਹਿੰਦੀ ਹੈ ਅਤੇ ਉਹ ਦੂਜਿਆਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਕੰਮ ਕਰਦੇ ਹਨ। ਕਾਂਗਰਸ ਕਦੇ ਅਜਿਹੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਨਹੀਂ ਕਰ ਸਕੇਗੀ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਨੇ ਕਾਂਗਰਸ ਦਾ ਇਤਿਹਾਸ ਵੇਖਿਆ ਹੈ। ਲੋਕ ਸਭਾ ਚੋਣਾਂ ਵਿਚ ਵੀ ਕਾਂਗਰਸ ਨੇਤਾ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਵਿਚ ਜੁੱਟੇ ਹੋਏ ਹਨ। ਸੈਣੀ ਨੇ ਅੱਗੇ ਕਿਹਾ ਕਿ ਕਾਂਗਰਸ ਦੀ ਸੋਚ ਦੇਸ਼ ਦਾ ਵਿਕਾਸ ਕਰਨ ਦੀ ਨਹੀਂ ਸਗੋਂ 'ਇੰਡੀਆ' ਸਮੂਹ ਦੇ ਜ਼ਰੀਏ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਦੀ ਹੈ। ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਨੂੰ ਵੇਖਦਿਆਂ ਕਿਹਾ ਕਿ ਹਰਿਆਣਾ ਵਿਚ ਇਕ ਵਾਰ ਫਿਰ ਤੋਂ ਭਾਜਪਾ 10 ਦੀਆਂ 10 ਸੀਟਾਂ ਜਿੱਤੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਸੱਤਾ ਦੀ ਕਮਾਨ ਸੰਭਾਲਣਗੇ। 


Tanu

Content Editor

Related News