ਪਤੀ-ਪਤਨੀ ਗਏ ਨੌਕਰੀ ’ਤੇ, ਪਿੱਛੋਂ ਚੋਰ 3 ਤੋਲੇ ਤੋਂ ਵੱਧ ਸੋਨੇ ਦੇ ਗਹਿਣੇ ਲੈ ਗਏ ਚੋਰੀ ਕਰਕੇ

Tuesday, Apr 23, 2024 - 04:17 PM (IST)

ਪਤੀ-ਪਤਨੀ ਗਏ ਨੌਕਰੀ ’ਤੇ, ਪਿੱਛੋਂ ਚੋਰ 3 ਤੋਲੇ ਤੋਂ ਵੱਧ ਸੋਨੇ ਦੇ ਗਹਿਣੇ ਲੈ ਗਏ ਚੋਰੀ ਕਰਕੇ

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ’ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਵੀ ਗੁਰਦਾਸਪੁਰ ਦੇ ਬਟਾਲਾ ਰੋਡ ’ਤੇ ਪੈਂਦੇ ਦਸ਼ਮੇਸ਼ ਨਗਰ ’ਚ ਇਕ ਘਰ 'ਚੋਂ ਚੋਰ 3 ਤੋਲੇ ਤੋਂ ਜ਼ਿਆਦਾ ਸੋਨੇ ਦੇ ਗਹਿਣੇ ਅਤੇ 12 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ। ਇਹ ਘਟਨਾ ਉਦੋਂ ਵਾਪਰੀ ਜਦੋਂ ਦੋਵੇਂ ਪਤੀ-ਪਤਨੀ ਆਪਣੀਆਂ ਡਿਊਟੀਆਂ ’ਤੇ ਗਏ ਸਨ। ਸਿਟੀ ਪੁਲਸ ਗੁਰਦਾਸਪੁਰ ਨੇ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ ਧਾਰਾ 454,380 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਸੁਖਜਿੰਦਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ 139/8 ਦਸ਼ਮੇਸ਼ ਨਗਰ ਬਟਾਲਾ ਰੋਡ ਗੁਰਦਾਸਪੁਰ ਨੇ ਸਿਟੀ ਪੁਲਸ ਗੁਰਦਾਸਪੁਰ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਆਪਣੇ ਘਰ ਨੂੰ ਤਾਲੇ ਲਗਾ ਕੇ 8 ਵਜੇ ਘਰੋਂ ਆਪਣੀਆਂ-ਆਪਣੀਆਂ ਡਿਊਟੀਆਂ ’ਤੇ ਚੱਲ ਗਏ ਸੀ ਜਦ ਸ਼ਾਮ 4.15 ਵਜੇ ਘਰ ਆਏ ਤਾਂ ਵੇਖਿਆ ਕਿ ਕਮਰੇ ਦਾ ਦਰਵਾਜ਼ਾ ਟੁੱਟਾ ਹੋਇਆ ਸੀ ਅਤੇ ਅੰਦਰ ਸਟੋਰ ਵਿਚ ਰੱਖੀ ਅਲਮਾਰੀ ਦਾ ਲਾਕ ਤੋੜ ਕੇ ਅਲਮਾਰੀ ਵਿਚੋਂ ਦੋ ਸੋਨੇ ਦੀਆਂ ਚੂੜੀਆਂ ਵਜਨੀ 4 ਗ੍ਰਾਂਮ, ਸੋਨੇ ਦਾ ਹਾਰ ਅਤੇ ਟਾਪਸ ਵਜਨੀ 2 ਤੋਲਾ, ਇਕ ਸੋਨੇ ਦੀ ਮੁੰਦਰੀ 07 ਗ੍ਰਾਂਮ, ਇਕ ਸੋਨੇ ਦਾ ਕੜਾ ਵਜਨੀ 1 ਤੋਲਾ, ਇਕ ਸੋਨੇ ਦੀ ਚੈਨ ਵਜਨੀ 1.7 ਗ੍ਰਾਂਮ ਅਤੇ 12 ਹਜ਼ਾਰ ਰੁਪਏ ਨਗਦੀ ਚੋਰ ਚੋਰੀ ਕਰਕੇ ਲੈ ਗਏ। ਇਸ ਸਬੰਧੀ ਏ.ਐੱਸ.ਆਈ ਜਗਜੀਤ ਸਿੰਘ ਨੇ ਦੱਸਿਆ ਕਿ ਸੁਖਜਿੰਦਰਪਾਲ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ਼ ਕਰਕੇ ਦੋਸੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News