ਸ਼ਾਰਜਾਹ ''ਚ ਫਸੇ 22 ਭਾਰਤੀ ਕਾਮਿਆਂ ਨੂੰ ਦੂਤਾਵਾਸ ਨੇ ਪਹੁੰਚਾਈ ਮਦਦ

04/09/2020 5:47:32 PM

ਦੁਬਈ (ਬਿਊਰੋ): ਮੌਜੂਦਾ ਸਮੇਂ ਵਿਚ ਕੋਵਿਡ-19 ਮਹਾਮਾਰੀ ਕਾਰਨ ਜ਼ਿਆਦਾਤਰ ਦੇਸ਼ ਲਾਕਡਾਊਨ ਹਨ। ਇਸ ਸਥਿਤੀ ਵਿਚ ਕਈ ਪ੍ਰਵਾਸੀ ਭਾਰਤ ਵਿਚ ਅਤੇ ਭਾਰਤ ਦੇ ਕਈ ਨਾਗਰਿਕ ਵਿਦੇਸ਼ਾਂ ਵਿਚ ਫਸੇ ਹੋਏ ਹਨ। ਅਜਿਹਾ ਹੀ ਇਕ ਮਾਮਲਾ ਦੁਬਈ ਦਾ ਸਾਹਮਣੇ ਆਇਆ ਹੈ ਜਿੱਥੇ ਟਵਿੱਟਰ 'ਤੇ ਮਿਲੇ ਇਕ ਸੰਦੇਸ਼ ਦੇ ਬਾਅਦ ਦੁਬਈ ਵਿਚ ਭਾਰਤ ਦੇ ਵਣਜ ਦੂਤਾਵਾਸ ਨੇ ਇੱਥੇ ਫਸੇ 22 ਭਾਰਤੀ ਕਾਮਿਆਂ ਦੇ ਸਮੂਹ ਨੂੰ ਭੋਜਨ ਉਪਲਬਧ ਕਰਵਾਇਆ। ਦੂਤਾਵਾਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਇਹ ਕਾਮੇ ਸ਼ਾਰਜਾਹ ਵਿਚ ਰੋਜ਼ਗਾਰ ਦੀ ਭਾਲ ਵਿਚ ਸਨ ਅਤੇ ਕੋਰੋਨਾਵਾਇਰਸ ਦੇ ਸੰਕਟ ਕਾਰਨ ਮੁਸ਼ਕਲ ਵਿਚ ਆ ਗਏ ਸਨ। 

ਵਣਜ ਦੂਤਾਵਾਸ ਨੇ ਬੁੱਧਵਾਰ ਨੂੰ ਖਲੀਜ਼ ਟਾਈਮਜ਼ ਨੂੰ ਦੱਸਿਆ ਕਿ ਇਹਨਾਂ ਸਾਰੇ ਕਾਮਿਆਂ ਕੋਲ ਵੈਧ ਵੀਜ਼ਾ ਹਨ ਅਤੇ ਉਹਨਾਂ ਨੂੰ ਮਾਰਚ ਦੇ ਸ਼ੁਰੂ ਵਿਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਏਜੰਟਾਂ ਵੱਲੋਂ ਰੋਜ਼ਗਾਰ ਦਿਵਾਉਣ ਦੇ ਨਾਮ 'ਤੇ ਲਿਆਂਦਾ ਗਿਆ ਸੀ। ਇਹਨਾਂ ਕਾਮਿਆਂ ਨੂੰ ਇੱਥੇ ਲਿਆਉਣ ਵਾਲੇ ਏਜੰਟਾਂ ਨੇ ਛੱਡ ਦਿੱਤਾ ਅਤੇ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਲੱਗੀਆਂ ਪਾਬੰਦੀਆਂ ਕਾਰਨ ਇਹਨਾਂ ਨੂੰ ਇੱਥੇ ਨੌਕਰੀ ਵੀ ਨਹੀਂ ਮਿਲ ਸਕੀ।ਅਜਿਹੀ ਸਥਿਤੀ ਵਿਚ ਉਹਨਾਂ ਕੋਲ ਭੋਜਨ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਦੀ ਕਮੀ ਹੋ ਗਈ। 

ਇਹਨਾਂ ਫਸੇ ਹੋਏ ਕਾਮਿਆਂ ਵਿਚੋਂ ਇਕ ਦਾਨਿਸ਼ ਅਲੀ ਨੇ ਖਲੀਜ਼ ਟਾਈਮਜ਼ ਨੂੰ ਦੱਸਿਆ,''ਅਸੀਂ ਲੱਗਭਗ 22 ਕਾਮਿਆਂ ਦਾ ਇਕ ਸਮੂਹ ਹਾਂ ਅਤੇ ਸਾਡੇ ਵਿਚੋ ਜ਼ਿਆਦਾਤਰ ਉੱਤਰ ਪ੍ਰਦੇਸ਼ ਦੇ ਹਨ। ਜਦੋਂ ਸਥਿਤੀ ਤੇਜ਼ੀ ਨਾਲ ਵਿਗੜੀ ਤਾਂ ਸਾਨੂੰ ਲੱਗਿਆ ਕਿ ਅਸੀਂ ਭਾਰਤ ਵਾਪਸ ਚਲੇ ਜਾਵਾਂਗੇ।'' ਅਲੀ ਨੇ ਕਿਹਾ,''ਸਾਡੇ ਵਿਚੋਂ ਜ਼ਿਆਦਾਤਰ ਲੋਕਾਂ ਨੇ 22 ਮਾਰਚ ਨੂੰ ਆਪਣੇ ਹਵਾਈ ਟਿਕਟ ਬੁੱਕ ਕੀਤੇ ਸਨ ਪਰ ਬਦਕਿਸਮਤੀ ਨਾਲ ਭਾਰਤ ਵਿਚ 'ਜਨਤਾ ਕਰਫਿਊ' ਦਾ ਐਲਾਨ ਹੋ ਗਿਆ। ਉਸ ਨੇ ਅੱਗੇ ਕਿਹਾ,''ਕਰਫਿਊ ਦੇ ਬਾਅਦ ਭਾਰਤ ਨੇ 14 ਅਪ੍ਰੈਲ ਤੱਕ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ। ਅਸੀਂ ਹੁਣ ਤੱਕ ਵਾਪਿਸ ਨਹੀਂ ਜਾ ਪਾਏ ਹਾਂ। ਸਾਡੇ ਲਈ ਅਜਿਹੀ ਸਥਿਤੀ ਵਿਚ ਇੱਥੇ ਜ਼ਿਉਂਦੇ ਰਹਿਣਾ ਮੁਸ਼ਕਲ ਹੋ ਗਿਆ ਹੈ।'' 

ਇਹਨਾਂ ਲੋਕਾਂ ਨੂੰ ਵਰਤਮਾਨ ਵਿਚ ਸ਼ਾਰਜਾਹ ਦੇ ਰੋਲਾ ਖੇਤਰ ਵਿਚ ਬਹੁਤ ਤੰਗ ਜਗ੍ਹਾ ਵਿਚ ਰੱਖਿਆ ਗਿਆ ਹੈ। ਵਣਜ ਦੂਤਾਵਾਸ ਅਧਿਕਾਰੀ ਉਹਨਾਂ ਦੀ ਬੁਰੀ ਹਾਲਤ ਦੀ ਸੂਚਨਾ ਮਿਲਦੇ ਹੀ ਮਦਦ ਲਈ ਅੱਗੇ ਆਏ। ਕੌਂਸਲ ਲੇਬਰ ਕੌਂਸਲਰ ਅਤੇ ਐੱਮ.ਏ.ਡੀ.ਏ.ਡੀ. ਜਤਿੰਦਰ ਸਿੰਘ ਨੇਗੀ ਨੇ ਕਿਹਾ,''ਇਹਨਾਂ ਲੋਕਾਂ ਨੂੰ ਮਾਰਚ ਦੇ ਪਹਿਲੇ ਹਫਤੇ ਵਿਚ ਟੂਰਿਸਟ ਵੀਜ਼ਾ 'ਤੇ ਇੱਥੇ ਲਿਆਂਦਾ ਗਿਆ ਸੀ। ਇਹਨਾਂ ਨੂੰ ਲਿਆਉਣ ਵਾਲੇ ਏਜੰਟਾਂ ਨੂੰ ਝਾੜ ਪਾਈ ਗਈ ਹੈ ਅਤੇ ਅਸੀਂ ਫਸੇ ਹੋਏ ਕਾਮਿਆਂ ਨੂੰ ਭੋਜਨ ਅਤੇ ਲੋੜੀਂਦਾ ਸਾਮਾਨ ਉਪਲਬਧ ਕਰਵਾਇਆ ਹੈ।'' ਕੌਂਸਲ (ਪ੍ਰੈੱਸ,ਸੂਚਨਾ ਅਤੇ ਸੰਸਕ੍ਰਿਤੀ) ਨੀਰਜ ਅਗਰਵਾਲ ਨੇ ਕਿਹਾ,''ਅਸੀਂ ਉਹਨਾਂ ਸਾਰੇ ਭਾਰਤੀਆਂ ਨੂੰ ਮਦਦ ਲਈ ਵਣਜ ਦੂਤਾਵਾਸ ਤੱਕ ਪਹੁੰਚਣ ਲਈ ਉਤਸ਼ਾਹਿਤ ਕਰਦੇ ਹਾਂ ਜੋ ਸਕੰਟ ਵਿਚ ਹਨ ਜਾਂ ਆਸਰਾਹੀਣ ਹਨ।ਲੋੜਵੰਦ ਲੋਕਾਂ ਨੂੰ ਭੋਜਨ ਅਤੇ ਮੈਡੀਕਲ ਸਹੂਲਤ ਉਪਲਬਧ ਕਰਵਾਈ ਜਾਵੇਗੀ।''


Vandana

Content Editor

Related News