ਸਾਊਦੀ : ਹੱਜ ਲਈ 24 ਘੰਟੇ 'ਚ ਮਿਲੀਆਂ 4.5 ਲੱਖ ਅਰਜ਼ੀਆਂ, ਜਾ ਸਕਣਗੇ ਸਿਰਫ 60 ਹਜ਼ਾਰ ਸ਼ਰਧਾਲੂ
Wednesday, Jun 16, 2021 - 04:36 PM (IST)
ਰਿਆਦ (ਬਿਊਰੋ): ਸਾਊਦੀ ਅਰਬ ਦੀ ਸਰਕਾਰ ਵੱਲੋਂ ਹੱਜ ਕਰਨ ਦੇ ਚਾਹਵਾਨ ਸ਼ਰਧਾਲੂਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਹੱਜ ਲਈ ਇਸ ਸਾਲ ਇਲੈਕਟ੍ਰਾਨਿਕ ਪੋਰਟਲ ਖੁੱਲ੍ਹਦੇ ਹੀ ਸਿਰਫ 24 ਘੰਟੇ ਵਿਚ ਸਾਢੇ 4 ਲੱਖ ਐਪਲੀਕੇਸ਼ਨਾਂ ਪਹੁੰਚ ਗਈਆਂ। ਇਹ ਸਾਰੀਆਂ ਐਪਲੀਕੇਸ਼ਨਾਂ ਸਾਊਦੀ ਅਰਬ ਤੋਂ ਆਈਆਂ ਹਨ ਕਿਉਂਕਿ ਇਸ ਵਾਰ ਵੀ ਪਿਛਲੇ ਸਾਲ ਦੀ ਤਰ੍ਹਾ ਵਿਦੇਸ਼ੀ ਨਾਗਰਿਕਾਂ ਨੂੰ ਹੱਜ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਅਰਬ ਨਿਊਜ਼ ਦੀ ਰਿਪੋਰਟ ਮੁਤਾਬਕ ਸਾਊਦੀ ਅਰਬ ਦੇ ਹੱਜ ਅਤੇ ਉਮਰਾ ਮੰਤਰਾਲੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਐਪਲੀਕੇਸ਼ਨ ਭੇਜਣ ਵਾਲਿਆਂ ਵਿਚ 60 ਫੀਸਦੀ ਪੁਰਸ਼ ਅਤੇ 40 ਫੀਸਦੀ ਔਰਤਾਂ ਹਨ। 2021 ਵਿਚ ਹੱਜ ਲਈ ਸਾਊਦੀ ਅਰਬ ਦੇ ਸਿਰਫ 60,000 ਨਾਗਰਿਕਾਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ। ਕੋਰੋਨਾ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਹੱਜ ਯਾਤਰੀਆਂ ਨੂੰ ਸਖ਼ਤ ਕੋਵਿਡ ਸੁਰੱਖਿਆ ਪ੍ਰੋਟੋਕਾਲ ਦਾ ਪਾਲਣ ਕਰਨਾ ਹੋਵੇਗਾ। ਹੱਜ ਲਈ ਸਾਊਦੀ ਅਰਬ ਦੇ ਨਾਗਰਿਕ 23 ਜੂਨ ਦੀ ਰਾਤ 10 ਵਜੇ ਤੱਕ ਐਪਲੀਕੇਸ਼ਨ ਦੇ ਸਕਦੇ ਹਨ।
ਪੜ੍ਹੋ ਇਹ ਅਹਿਮ ਖਬਰ- ਸਾਊਦੀ ਅਰਬ 'ਚ 26 ਸਾਲ ਦੇ ਨੌਜਵਾਨ ਨੂੰ ਦਿੱਤੀ ਗਈ ਫਾਂਸੀ, ਫੋਨ 'ਚ ਰੱਖੀ ਸੀ ਪ੍ਰਦਰਸ਼ਨਾਂ ਦੀ ਤਸਵੀਰ
ਹੱਜ ਅਤੇ ਉਮਰਾ ਮੰਤਰਾਲੇ ਦੇ ਡਿਪਟੀ ਮੰਤਰੀ ਡਾਕਟਰ ਅਬਦੁੱਲਾਹ ਮਸ਼ਾਤ ਨੇ ਦੱਸਿਆ ਕਿ ਇਸ ਸਾਲ ਹੱਜ ਦੌਰਾਨ ਪਵਿੱਤਰ ਸਥਲਾਂ 'ਤੇ 18 ਸਾਲ ਤੋਂ ਉੱਪਰ ਦੀ ਉਮਰ ਵਾਲਿਆਂ ਨੂੰ ਹੀ ਜਾਣ ਦੀ ਇਜਾਜਤ ਹੋਵੇਗੀ। ਅਲ ਇਖਬਾਰੀਆ ਟੀਵੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਵਿਚ ਮਸ਼ਾਤ ਨੇ ਕਿਹਾ ਕਿ ਬੱਚੇ ਵੈਕਸੀਨ ਲੈਣ ਵਾਲੇ ਗਰੁੱਪ ਵਿਚ ਨਹੀਂ ਹਨ, ਇਸ ਲਈ ਉਹਨਾਂ ਨੂੰ ਪਵਿੱਤਰ ਸਥਲਾਂ ਵਿਚ ਜਾਣ ਨਹੀਂ ਦਿੱਤਾ ਜਾਵੇਗਾ। ਇਸ ਵਾਰੀ ਹੱਜ ਲਈ ਤਰਜੀਹ ਅਜਿਹੇ ਲੋਕਾਂ ਨੂੰ ਦਿੱਤੀ ਜਾਵੇਗੀ ਜਿਹਨਾਂ ਦੀ ਉਮਰ 50 ਸਾਲ ਤੋਂ ਜ਼ਿਆਦਾ ਹੈ ਅਤੇ ਜਿਹਨਾਂ ਨੇ ਆਪਣੇ ਜੀਵਨ ਵਿਚ ਪਹਿਲਾਂ ਕਦੇ ਹੱਜ ਨਹੀਂ ਕੀਤਾ।
ਮੰਤਰਾਲੇ ਨੇ ਮੰਗਲਵਾਰ ਨੂੰ ਟਵਿੱਟਰ ਹੈਂਡਲ 'ਤੇ ਅਜਿਹੀਆਂ ਤਸਵੀਰਾਂ ਜਾਰੀ ਕੀਤੀਆਂ ਜਿਹਨਾਂ ਵਿਚ ਕੈਂਪ ਅਲਾਟ ਕਰਨ ਦੇ ਪਹਿਲੇ ਪੜਾਅ ਲਈ ਅਧਿਕਾਰੀਆਂ ਨੇ ਬੈਠਕ ਕੀਤੀ ਸੀ। ਇਹ ਕੈਂਪ ਸੰਸਥਾਵਾਂ ਅਤੇ ਕੰਪਨੀਆਂ ਨੂੰ ਘਰੇਲੂ ਹੱਜ ਯਾਤਰੀਆਂ ਲਈ ਅਲਾਟ ਕੀਤੇ ਗਏ ਹਨ। ਮੰਤਰਾਲੇ ਮੁਤਾਬਕ ਤਿਆਰੀਆਂ ਇਸ ਹਫ਼ਤੇ ਦੇ ਅਖੀਰ ਤੱਕ ਜਾਰੀ ਰਹਿਣਗੀਆਂ। ਹੱਜ ਯਾਤਰਾ ਲਈ ਸਿਹਤ ਸੰਬੰਧੀ ਲੋੜਾਂ 'ਤੇ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਸਾਊਦੀ ਅਰਬ ਸਰਕਾਰ ਨੇ ਹੱਜ ਯਾਤਰੀਆਂ ਲਈ 2.36 ਲੱਖ ਰੁਪਏ ਤੋਂ ਲੈ ਕੇ ਸਵਾ ਤਿੰਨ ਲੱਖ ਰੁਪਏ ਤੱਕ ਦੇ ਤਿੰਨ ਪੈਕੇਜ ਘੋਸ਼ਿਤ ਕੀਤੇ ਹਨ। ਇਕ ਵਾਰ ਐਪਲੀਕੇਸ਼ਨ ਸਵੀਕਾਰ ਹੋ ਜਾਣ ਮਗਰੋਂ ਬਿਨੈਕਾਰ ਨੂੰ ਤਿੰਨ ਘੰਟੇ ਵਿਚ ਹੀ ਭੁਗਤਾਨ ਕਰਨਾ ਹੋਵੇਗਾ ਨਹੀਂ ਤਾਂ ਰਜਿਸਟ੍ਰੇਸ਼ਨ ਰੱਦ ਹੋ ਜਾਵੇਗੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।