ਕੈਨੇਡਾ ''ਚ ਵਧਦਾ ਜਾ ਰਿਹਾ ਕ੍ਰਾਈਮ ! ਸਰੀ ਪੁਲਸ ਨੇ ਪੰਜਾਬੀ ''ਚ ਕੀਤੀ ਨੌਜਵਾਨਾਂ ਨੂੰ ਅਪੀਲ
Wednesday, Feb 11, 2026 - 01:44 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ 'ਚ ਲਗਾਤਾਰ ਵਾਪਰ ਰਹੀਆਂ ਹਿੰਸਕ ਘਟਨਾਵਾਂ ਤੇ ਵਾਰਦਾਤਾਂ 'ਚ ਪੰਜਾਬੀ ਨੌਜਵਾਨਾਂ ਦਾ ਨਾਂ ਸਾਹਮਣੇ ਆਉਣ ਦੇ ਸਿਲਸਿਲੇ ਦੌਰਾਨ ਸਰੀ ਪੁਲਸ ਨੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਸਰੀ ਪੁਲਸ ਦੇ ਕਾਂਸਟੇਬਲ ਅਮਤਿਜੋਤ ਮਾਨ ਨੇ ਪੰਜਾਬੀ ਭਾਸ਼ਾ 'ਚ ਨੌਜਵਾਨਾਂ ਨੂੰ ਖ਼ਾਸ ਅਪੀਲ ਕੀਤੀ ਹੈ ਕਿ ਉਹ ਇੱਥੇ ਆਪਣਾ ਭਵਿੱਖ ਬਣਾਉਣ ਲਈ ਆਏ ਹਨ ਤੇ ਕੁਝ ਪੈਸਿਆਂ ਦੇ ਲਾਲਚ 'ਚ ਆ ਕੇ ਅਜਿਹੇ ਮਾੜੇ ਕੰਮ ਨਾ ਕਰਨ।
ਉਨ੍ਹਾਂ ਨੇ ਖਾਸ ਤੌਰ 'ਤੇ ਨੌਜਵਾਨਾਂ ਅਤੇ ਨਵੇਂ ਆਏ ਪ੍ਰਵਾਸੀਆਂ ਨੂੰ ਅਪਰਾਧਿਕ ਗਤੀਵਿਧੀਆਂ, ਜਿਵੇਂ ਕਿ ਪੈਸੇ ਦੀ ਵਸੂਲੀ ਲਈ ਕਿਸੇ ਦੇ ਘਰ ਜਾਂ ਕਾਰੋਬਾਰ 'ਤੇ ਗੋਲੀਆਂ ਚਲਾਉਣ ਜਾਂ ਧਮਕੀ ਭਰੇ ਸੁਨੇਹੇ ਮੈਸੇਜ ਭੇਜਣ ਵਰਗੇ ਜਾਲ ਵਿੱਚ ਨਾ ਫਸਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪੁਲਸ ਵੱਲੋਂ ਚਿਤਾਵਨੀ ਦਿੱਤੀ ਹੈ ਕਿ ਨੌਜਵਾਨਾਂ ਨੂੰ ਥੋੜ੍ਹੇ ਜਿਹੇ ਪੈਸਿਆਂ ਦੇ ਬਦਲੇ ਬਹੁਤ ਵੱਡਾ ਖ਼ਤਰਾ ਮੁੱਲ ਲੈਣ ਲਈ ਕਿਹਾ ਜਾਂਦਾ ਹੈ, ਜੋ ਨਾ ਸਿਰਫ਼ ਆਮ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਸਗੋਂ ਅਪਰਾਧ ਕਰਨ ਵਾਲੇ ਲਈ ਜੇਲ੍ਹ ਜਾਣ ਅਤੇ ਕੈਨੇਡਾ ਤੋਂ ਕੱਢੇ ਜਾਣ ਤੱਕ ਦਾ ਕਾਰਨ ਵੀ ਬਣ ਸਕਦਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਕੈਨੇਡਾ 'ਚ 3 ਪੰਜਾਬੀਆਂ ਸਣੇ 4 ਨੌਜਵਾਨ ਗ੍ਰਿਫ਼ਤਾਰ ! ਸ਼ਰਮਨਾਕ ਕਾਰਾ ਜਾਣ ਰਹਿ ਜਾਓਗੇ ਹੈਰਾਨ
ਪੁਲਸ ਅਨੁਸਾਰ, ਪ੍ਰਵਾਸੀ ਕੈਨੇਡਾ ਵਿੱਚ ਬਿਹਤਰ ਜ਼ਿੰਦਗੀ ਅਤੇ ਪੜ੍ਹਾਈ ਲਈ ਆਏ ਹਨ, ਗੈਂਗਸਟਰ ਬਣਨ ਜਾਂ ਵਾਰਦਾਤਾਂ ਕਰਨ ਨਹੀਂ। ਅਪਰਾਧਿਕ ਕੰਮਾਂ ਵਿੱਚ ਸ਼ਾਮਲ ਹੋਣਾ ਉਨ੍ਹਾਂ ਦੇ ਪਰਿਵਾਰਾਂ ਅਤੇ ਸਪਾਂਸਰਾਂ ਲਈ ਵੱਡੀ ਬੇਇੱਜ਼ਤੀ ਅਤੇ ਨਿਰਾਸ਼ਾ ਦਾ ਸਬੱਬ ਬਣਦਾ ਹੈ, ਜਿਨ੍ਹਾਂ ਨੇ ਉਨ੍ਹਾਂ ਦੇ ਸੁਪਨਿਆਂ ਲਈ ਕੁਰਬਾਨੀਆਂ ਕੀਤੀਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸਰੀ ਵਿੱਚ ਐਕਸਟਾਰਸ਼ਨ ਕਾਲਜ਼ ਨੂੰ ਰੋਕਣ ਵਿੱਚ ਮਦਦ ਕਰਨ ਵਾਲੀ ਜਾਣਕਾਰੀ ਸਾਂਝੀ ਕਰਨ ਲਈ ਢਾਈ ਲੱਖ ਡਾਲਰ (250,000 ਡਾਲਰ) ਦਾ ਇਨਾਮੀ ਫੰਡ ਉਪਲਬਧ ਕਰਵਾਇਆ ਗਿਆ ਹੈ। ਜੇਕਰ ਕਿਸੇ ਨੂੰ ਮਦਦ ਦੀ ਲੋੜ ਹੈ ਜਾਂ ਉਹ ਗੁਪਤ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹੈ, ਤਾਂ ਉਹ ਸਰੀ ਐਕਸਟੋਰਸ਼ਨ ਟਿਪਲਾਈਨ 236-485-1891 'ਤੇ ਕਾਲ ਕਰ ਸਕਦਾ ਹੈ। ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਅਪਰਾਧ ਦੇ ਇਸ ਰਸਤੇ 'ਤੇ ਚੱਲਣਾ ਕਿਸੇ ਵੀ ਕੀਮਤ 'ਤੇ ਫਾਇਦੇਮੰਦ ਨਹੀਂ ਹੈ ਅਤੇ ਲੋਕਾਂ ਨੂੰ ਇਸ ਜਾਲ 'ਚ ਨਹੀਂ ਫਸਣਾ ਚਾਹੀਦਾ।
To view this video in Punjabi: https://t.co/VMMR4a8Hih
— Surrey Police Service (@surreyps) February 5, 2026
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
