ਨੋਵੇਲਾਰਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸੰਤ ਬਾਬਾ ਨਿਧਾਨ ਸਿੰਘ ਜੀ ਨਡਾਲੋਂ ਵਾਲਿਆਂ ਦਾ ਜਨਮ ਦਿਹਾੜਾ

Tuesday, Feb 10, 2026 - 11:52 AM (IST)

ਨੋਵੇਲਾਰਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸੰਤ ਬਾਬਾ ਨਿਧਾਨ ਸਿੰਘ ਜੀ ਨਡਾਲੋਂ ਵਾਲਿਆਂ ਦਾ ਜਨਮ ਦਿਹਾੜਾ

ਇਟਲੀ (ਦਲਵੀਰ ਕੈਂਥ)- ਇਟਲੀ ਦੇ ਇਮੀਲੀਆ ਰੋਮਾਨਾ ਸੂਬੇ ਦੇ ਪੁਰਾਤਨ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਸੰਤ ਬਾਬਾ ਨਿਧਾਨ ਸਿੰਘ ਜੀ ਨਡਾਲੋਂ (ਹਜ਼ੂਰ ਸਾਹਿਬ) ਵਾਲਿਆਂ ਦਾ ਪਾਵਨ ਜਨਮ ਦਿਹਾੜਾ ਬੜੀ ਹੀ ਸ਼ਰਧਾ, ਸਤਿਕਾਰ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਦੂਰ-ਦੂਰ ਤੋਂ ਆਈਆਂ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰਬਾਣੀ ਦੀਆਂ ਮਿੱਠੀਆਂ ਧੁਨਾਂ ਨਾਲ ਆਪਣੀ ਆਤਮਕ ਤ੍ਰਿਪਤੀ ਕੀਤੀ।

ਭਾਈ ਗੁਰਮੇਲ ਸਿੰਘ ਭੱਟੀ ਨੇ ਪ੍ਰੈੱਸ ਨੂੰ ਦੱਸਿਆ ਕਿ ਗੁਰਮਤਿ ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਉਪਰੰਤ ਹੋਈ, ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਬੱਚਿਆਂ ਦੇ ਵੱਖ ਵੱਖ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਉਪਰੰਤ ਗਿਆਨੀ ਜਗਜੀਤ ਸਿੰਘ ਸੁਲਤਾਨਪੁਰ ਵਾਲਿਆਂ ਨੇ ਕਥਾ ਵਿਚਾਰ ਰਾਹੀਂ ਗੁਰੂ ਸਾਹਿਬ ਜੀ ਦੀ ਮਹਿਮਾ ਅਤੇ ਸੰਤ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ, ਉਨ੍ਹਾਂ ਦੀ ਸੇਵਾ ਭਾਵਨਾ ਅਤੇ ਪੰਥਕ ਯੋਗਦਾਨ ਬਾਰੇ ਸੰਗਤ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ। 

PunjabKesari

ਕੀਰਤਨ ਅਤੇ ਕਥਾ ਵਿਚਾਰ ਸੁਣਦਿਆਂ ਸੰਗਤਾਂ ਨਿਹਾਲ ਹੋ ਰਹੀਆਂ ਸਨ ਅਤੇ ਵਾਹਿਗੁਰੂ ਦੇ ਨਾਮ ਨਾਲ ਗੁਰਦੁਆਰਾ ਸਾਹਿਬ ਗੂੰਜ ਉਠਿਆ। ਭਾਈ ਸਾਹਿਬ ਨੇ ਕਥਾ ਵਿਚਾਰ ਦੌਰਾਨ ਸੰਤ ਬਾਬਾ ਨਿਧਾਨ ਸਿੰਘ ਜੀ ਦੇ ਤਿਆਗ, ਤਪੱਸਿਆ ਅਤੇ ਗੁਰਮਤਿ ਦੇ ਰਾਹ ’ਤੇ ਚੱਲ ਕੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਜੀਵਨ ਨੂੰ ਯਾਦ ਕੀਤਾ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੀ ਬਾਣੀ ਨਾਲ ਜੁੜਨ ਅਤੇ ਸੰਤਾਂ ਦੇ ਦਰਸਾਏ ਰਸਤੇ ’ਤੇ ਤੁਰਨ ਦੀ ਅਪੀਲ ਕੀਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ ਅਤੇ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਸੰਤ ਬਾਬਾ ਨਿਧਾਨ ਸਿੰਘ ਜੀ ਸੇਵਾ ਸੋਸਾਇਟੀ ਇਟਲੀ ਦੇ ਸੇਵਾਦਾਰਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ। 

PunjabKesari

ਦੀਵਾਨ ਦੀ ਸਮਾਪਤੀ ਮੌਕੇ ਅਰਦਾਸ ਉਪਰੰਤ ਸਮੂਹ ਸੰਗਤ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ। ਸਮੂਹ ਸੰਗਤਾਂ ਨੇ ਸੰਤ ਬਾਬਾ ਨਿਧਾਨ ਸਿੰਘ ਜੀ ਸੇਵਾ ਸੋਸਾਇਟੀ, ਇਟਲੀ ਵੱਲੋਂ ਕੀਤੇ ਗਏ ਇਸ ਸ਼ਲਾਘਾਯੋਗ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਕਰਵਾਉਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਗੁਰਦੁਆਰਾ ਸਾਹਿਬ ਵਿਖੇ ਜਨਮ ਦਿਹਾੜੇ ਮੌਕੇ ਦੂਰੋਂ ਨੇੜਿਓਂ ਚੱਲ ਕੇ ਆਈਆਂ ਸੰਗਤਾਂ ਲਈ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News