ਮਿਸ਼ਨਰੀ ਰੰਗ ''ਚ ਰੰਗਿਆ ਗਿਆ ਇਟਲੀ ਦਾ ਸ਼ਹਿਰ ਸਬਾਊਦੀਆ, ਗਾਇਕ ਬਲਰਾਜ ਬਿਲਗਾ ਨੇ ਲਾਈ ਹਾਜ਼ਰੀ
Monday, Mar 23, 2026 - 10:31 AM (IST)
ਰੋਮ (ਦਲਵੀਰ ਸਿੰਘ ਕੈਂਥ) : ਲਤਾੜੇ ਤੇ ਪਛਾੜੇ ਸਮਾਜ ਦੇ ਹੱਕਾਂ ਖਾਤਰ ਸਾਰੀ ਜ਼ਿੰਦਗੀ ਸੰਘਰਸ਼ ਕਰਨ ਵਾਲੇ ਗਰੀਬਾਂ ਦੇ ਮਸੀਹਾ, ਮਹਾਨ ਕ੍ਰਾਂਤੀਕਾਰੀ, ਅਧਿਆਤਮਕਵਾਦੀ ਸ਼੍ਰੋਮਣੀ ਸੰਤ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਦੀ ਉਚਾਰੀ ਇਲਾਹੀ ਇਨਕਲਾਬੀ ਬਾਣੀ ਸਾਨੂੰ ਸਭ ਨੂੰ ਵਹਿਮਾਂ-ਭਰਮਾਂ ਤੋਂ ਬਾਹਰ ਕੱਢ ਕੇ ਸਿਰਫ਼ ਮਾਧੋ (ਅਕਾਲ ਪੁਰਖ) ਦੀ ਬੰਦਗੀ ਕਰਨ ਦਾ ਹੋਕਾ ਦਿੰਦੀ ਹੈ ਅਤੇ ਇਹਨਾਂ ਰਹਿਬਰਾਂ ਦਾ 649ਵਾਂ ਪ੍ਰਕਾਸ਼ ਦਿਵਸ ਦੁਨੀਆ ਭਰ ਵਿੱਚ ਸਮੂਹ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ, ਉਤਸ਼ਾਹ ਤੇ ਧੂਮਧਾਮ ਮਨਾਇਆ ਜਾ ਰਿਹਾ ਹੈ।

ਇਟਲੀ ਵਿੱਚ ਵੀ ਇਸ ਪਵਿੱਤਰ ਦਿਹਾੜੇ ਮੌਕੇ ਵੱਖ-ਵੱਖ ਗੁਰਦੁਆਰਾ ਸਾਹਿਬ ਵੱਲੋਂ ਜਿੱਥੇ ਗੁਰਪੁਰਬ ਮਨਾ ਰਹੇ, ਉੱਥੇ ਸੰਗਤਾਂ ਸਰਬੱਤ ਦੇ ਭਲੇ ਲਈ ਅਰਦਾਸਾਂ ਵੀ ਕਰ ਰਹੀਆਂ ਹਨ। ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਮਾਗਮ ਇਟਲੀ ਦੇ ਲਾਸੀਏ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ) ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਗੁਰੂ ਸਾਹਿਬ ਜੀਓ ਦੇ ਨਿਸ਼ਾਨ ਸਾਹਿਬ "ਹਰਿ" ਦੇ ਬਸਤਰ ਬਦਲਣ ਦੀ ਸੇਵਾ ਸਮੂਹ ਸੰਗਤ ਵੱਲੋਂ ਸਮੂਹਿਕ ਤੌਰ 'ਤੇ ਗੁਰੂ ਦੇ ਜੈਕਾਰੇ "ਬੋਲੇ ਸੋ ਨਿਰਭੈਅ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ" ਬੋਲਾਉਂਦੇ ਨਿਭਾਈ। ਇਹ ਨਜ਼ਾਰਾ ਸ਼ਹਿਰ ਸਬਾਊਦੀਆ ਨੂੰ ਮਿਸ਼ਨ ਦੇ ਰੰਗ ਵਿੱਚ ਰੰਗਦਾ ਪ੍ਰਤੀਤ ਹੋ ਰਿਹਾ ਸੀ।

ਇਸ ਮੌਕੇ ਆਰੰਭੇ ਸ਼੍ਰੀ ਅਖੰਡ ਜਾਪਾਂ ਦੇ ਭੋਗ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਪ੍ਰਸਿੱਧ ਕੀਰਤਨੀ, ਰਾਗੀ, ਢਾਡੀ, ਕਥਾਵਾਚਕ ਤੇ ਗੁਰਦੁਆਰਾ ਸਾਹਿਬ ਦੇ ਵਜ਼ੀਰ ਭਾਈ ਮਨਜੀਤ ਕੁਮਾਰ ਵੱਲੋਂ ਰਸ ਭਿੰਨੇ ਕੀਰਤਨ ਦੁਆਰਾ ਸਤਿਗੁਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਪੰਜਾਬ ਦੀ ਧਰਤੀ ਤੋਂ ਉਚੇਚੇ ਤੌਰ 'ਤੇ ਪਹੁੰਚੇ ਪ੍ਰਸਿੱਧ ਲੋਕ ਗਾਇਕ ਬਲਰਾਜ ਬਿਲਗਾ ਅਤੇ ਇਟਲੀ ਦੇ ਚਰਚਿਤ ਲੋਕ ਗਾਇਕ ਸੌਂਧੀ ਸਾਹਿਬ ਨੇ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਝੰਡਾ ਬੁਲੰਦ ਕੀਤਾ। ਪੰਡਾਲ ਵਿੱਚ ਬੈਠੀਆਂ ਸੰਗਤਾਂ ਦੇ ਵਿਸ਼ਾਲ ਇਕੱਠ ਨੇ ਸਤਿਗੁਰਾਂ ਦੇ ਜੈਕਾਰੇ "ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ'' ਨਾਲ ਸਬਾਊਦੀਆ ਇਲਾਕਾ ਗੂੰਜਣ ਲਗਾ ਦਿੱਤਾ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਇਲਾਕੇ ਭਰ ਤੋਂ ਪਹੁੰਚੀਆਂ ਸੰਗਤਾਂ ਲਈ ਗੁਰੂ ਦੇ ਅਨੇਕਾਂ ਪ੍ਰਕਾਰ ਦੇ ਲੰਗਰ ਅਤੁੱਟ ਵਰਤਾਏ ਗਏ।

ਸਮਾਗਮ ਦੌਰਾਨ ਮੰਚ ਸੰਚਾਲਨ ਦੀ ਸੇਵਾ ਉੱਘੇ ਮਿਸ਼ਨਰੀ ਬਹਾਦਰ ਕਲਸੀ ਦੁਆਰਾ ਬਾਖੂਭੀ ਨਿਭਾਈ ਗਈ। ਪ੍ਰਕਾਸ਼ ਦਿਵਸ ਸਮਾਗਮ ਮੌਕੇ ਹਾਜ਼ਰੀਨ ਸੰਗਤ ਲਈ ਅਨੇਕਾਂ ਪ੍ਰਕਾਰ ਦੇ ਗੁਰੂ ਦੇ ਲੰਗਰ, ਜੂਸ ਤੇ ਦੁੱਧ ਦੇ ਅਤੁੱਟ ਭੰਡਾਰੇ ਵਰਤਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੇਵਾਦਾਰਾਂ ਦਾ ਗੁਰੂ ਦੀ ਬਖ਼ਸਿ਼ਸ ਸਿਰਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਗੁਰਦੁਆਰਾ ਸਾਹਿਬ ਪਿਛਲੇ ਕਰੀਬ 2 ਦਹਾਕਿਆਂ ਤੋਂ ਇਟਲੀ ਦੇ ਲਾਸੀਓ ਸੂਬੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦੇ ਦੀਵੇ ਨਾਲ ਸਮਾਜ ਨੂੰ ਰੁਸ਼ਨਾਉਣ ਦੀ ਸੇਵਾ ਨਿਭਾਅ ਰਿਹਾ ਹੈ ਅਤੇ ਬਹੁਤ ਜਲਦ ਗੁਰਦੁਆਰਾ ਸਾਹਿਬ ਦੀ ਆਪਣੀ ਮੁੱਲ ਦੀ ਇਮਾਰਤ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
