ਕਰੇਮੋਨਾ ਵਿਖੇ ਹੋਲਾ-ਮੁਹੱਲਾ ਖਾਲਸਾਈ ਸ਼ਾਨੋ-ਸ਼ੌਕਤ ਨਾਲ ਚੜ੍ਹਿਆ ਨੇਪੜੇ

Tuesday, Mar 24, 2026 - 01:50 PM (IST)

ਕਰੇਮੋਨਾ ਵਿਖੇ ਹੋਲਾ-ਮੁਹੱਲਾ ਖਾਲਸਾਈ ਸ਼ਾਨੋ-ਸ਼ੌਕਤ ਨਾਲ ਚੜ੍ਹਿਆ ਨੇਪੜੇ

ਕਰੇਮੋਨਾ (ਕੈਂਥ) ਸਿੱਖੀ ਦੀਆਂ ਜੜ੍ਹਾਂ ਨੂੰ ਇਟਲੀ ਵਿੱਚ ਮਜ਼ਬੂਤੀ ਵੱਲ ਲੈਕੇ ਜਾ ਰਿਹਾ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਤੌਰੇ ਦੀ ਪਿਚਨਾਰਦੀ ਕਰੇਮੋਨਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਜੋੜ ਮੇਲਾ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਵਿਸ਼ੇਸ਼ ਦੀਵਾਨਾਂ ਤੋਂ  ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ,ਕੀਰਤਨੀ ਅਕਾਲੀ ਜਥਾ ਗੁਲਰਾਜ ਕੌਰ ਕਰੇਮੋਨਾ, ਭਾਈ ਸੁਖਪਾਲ ਸਿੰਘ ਰੱਤਾ ਅਤੇ ਭਾਈ ਸੁਖਵੀਰ ਸਿੰਘ ਦਮਦਮੀ ਟਕਸਾਲ ਵਲੋਂ ਹਾਜ਼ਰੀ ਭਰੀ ਗਈ। ਜਿਸ ਵਿੱਚ "ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ॥" ਦੇ ਮਹਾਵਾਕਾਂ ਅਨੁਸਾਰ ਸਿੱਖ ਨਵੇਂ ਸਾਲ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਉਪਰੰਤ ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲਿਆਂ ਵਲੋਂ ਹੋਲਾ ਮਹੱਲਾ ਜੋੜ ਮੇਲੇ ਨੂੰ ਸਮਰਪਿਤ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। 

PunjabKesari

ਨਿਹੰਗ ਬਾਣੇ ਵਿੱਚ ਫੌਜਾਂ ਅਤੇ ਭੁਝੰਗ ਫੌਜਾਂ ਪੂਰਨ ਤੌਰ 'ਤੇ ਪੁਰਾਤਨ ਸ਼ਸਤਰਾਂ ਨਾਲ ਸਜੇ ਹੋਈ ਫੌਜ ਵੱਲੋਂ ਇਟਲੀ ਦੀ ਧਰਤੀ 'ਤੇ ਖਾਲਸੇ ਦੀ ਪੁਰਾਤਨ ਮਰਿਯਾਦਾ ਅਨੁਸਾਰ ਦਸਮ ਪਿਤਾ ਵਲੋਂ ਸਾਜੇ ਖਾਲਸੇ ਦੇ ਝਲਕਾਰੇ ਪੈ ਰਹੇ ਸਨ। ਨਿਹੰਗ ਸਿੰਘਾਂ ਅਤੇ ਦਲ ਪੰਥ ਦੀ ਮਰਿਯਾਦਾ ਅਨੁਸਾਰ ਆਰਤੀ ਆਰਤਾ ਕੀਤੇ ਗਏ। ਉਪਰੰਤ ਮਹੱਲਾ ਕੱਢਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਉਪਰੰਤ ਨਿਹੰਗ ਸਿੰਘ ਫੌਜਾਂ ਵੱਲੋਂ ਮਹੱਲਾ ਕੱਢਿਆ ਗਿਆ ਜਿਸ ਵਿੱਚ ਸਿੰਘਾਂ, ਸਿੰਘਣੀਆਂ,ਭੁਝੰਗ ਫੌਜਾਂ,ਬਜ਼ੁਰਗਾਂ ਸਭਨਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਅਸਮਾਨ "ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ" ਅਤੇ ਹੋਰ ਰਵਾਇਤੀ ਜੈਕਾਰਿਆਂ ਨਾਲ ਜਿਵੇਂ ਗੂੰਜ ਉੱਠਿਆ ਹੋਵੇ। ਕਲਗੀਧਰ ਗਤਕਾ ਅਕੈਡਮੀ ਕਰੇਮੋਨਾ ਵੱਲੋਂ ਖਾਲਸਾਈ ਰਵਾਇਤਾਂ ਅਨੁਸਾਰ ਖਾਲਸੇ ਦੀ ਮਾਰਸ਼ਲ ਖੇਡ ਗਤਕੇ ਦੇ ਅਦਭੁੱਤ ਜੌਹਰ ਦਿਖਾਏ ਗਏ। ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲੇ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਮੌਕੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਹਾਜ਼ਰੀ ਭਰੀ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਲਈ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News