ਈਦ-ਉਲ-ਫਿਤਰ ਦਾ ਤਿਉਹਾਰ ਮੁਸਲਮਾਨ, ਇਟਾਲੀਅਨ ਤੇ ਸਿੱਖ ਭਾਈਚਾਰੇ ਨੇ ਮੁਹੱਬਤੀ ਸਾਂਝ ਨਾਲ ਮਨਾਇਆ
Sunday, Mar 22, 2026 - 12:56 AM (IST)
ਮੋਦਨਾ (ਦਲਵੀਰ ਸਿੰਘ ਕੈਂਥ) - ਇਸਲਾਮੀ ਤਿਉਹਾਰ ਈਦ-ਉਲ-ਫਿਤਰ ਦੁਨੀਆ ਭਰ ’ਚ ਮੁਸਲਿਮ ਭਾਈਚਾਰੇ ਵਲੋਂ ਬਹੁਤ ਹੀ ਅਦਬ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਯੂਰਪ ਦੇ ਦੇਸ਼ ਇਟਲੀ ’ਚ ਵੀ ਸਮੁੱਚੇ ਮੁਸਲਮਾਨ ਭਾਈਚਾਰੇ ਵਲੋਂ ਈਦ-ਉਲ-ਫਿਤਰ ਦਾ ਉਤਸਵ ਬਹੁਤ ਹੀ ਸ਼ਾਨੋ-ਸ਼ੋਕਤ ਨਾਲ ਮਨਾਇਆ ਜਾ ਰਿਹਾ ਹੈ।

ਕਾਬਲ-ਏ-ਤਾਰੀਫ਼ ਹੈ ਕਿ ਮਹਾਨ ਸਿੱਖ ਧਰਮ ਦੇ ਮੋਢੀ ਸਤਿਗੁਰੂ ਨਾਨਕ ਦੇਵ ਜੀ ਦੇ ਦਿੱਤੇ ਸਾਂਝੀਵਾਲਤਾ ਦੇ ਸੰਦੇਸ਼ ਅਨੁਸਾਰ ਇਮਿਲੀਆ ਰੋਮਾਨਾ ਸੂਬੇ ਦੇ ਸ਼ਹਿਰ ਕਸਤਲਫ੍ਰਾਂਕੋ ਇਮਿਲੀਆ (ਮੋਦਨਾ) ਵਿਖੇ ਈਦ-ਉਲ-ਫਿਤਰ ਤਿਉਹਾਰ ਪਿਛਲੇ ਇਕ ਦਹਾਕੇ ਤੋਂ ਵੀ ਵਧੇਰੇ ਸਮੇਂ ਤੋਂ ਇਟਾਲੀਅਨ, ਸਿੱਖ ਤੇ ਮੁਸਲਮਾਨ ਭਾਈਚਾਰਾ ਮੁਹੱਬਤੀ ਤੇ ਅਦਬੀ ਲਹਿਜੇ ’ਚ ਗਹਿਗਚ ਹੋ ਕੇ ਮਨਾਉਂਦਾ ਹੈ।
ਇਸ ਵਾਰ ਵੀ ਇਹ ਤਿਉਹਾਰ ਪਿਆਰ ਦੇ ਰੰਗਾਂ ਵਿਚ ਰੰਗੇ ਵੱਖ-ਵੱਖ ਦੇਸ਼ ਤੇ ਭਾਈਚਾਰੇ ਦੇ ਲੋਕਾਂ ਨੇ ਬਹੁਤ ਹੀ ਸਤਿਕਾਰਤ ਲਹਿਜੇ ਨਾਲ ਮਨਾਇਆ, ਜਿਸ ਵਿਚ ਜਿਥੇ ਮੁਸਲਮਾਨ ਭਰਾਵਾਂ ਲਈ ਨਮਾਜ਼ ਤੋ ਬਾਅਦ ਵਿਸ਼ੇਸ਼ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦੀ ਸੇਵਾ ਨਿਭਾਈ, ਜਿਸ ਵਿਚ ਨਿਊ ਟਾਂਡਾ ਟੀ. ਆਰ. ਐੱਸ. ਅਸ਼ੋਕ ਸੈਣੀ ਤੇ ਸੇਵਾਦਾਰ ਜਥਾ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦਰਬਾਰ ਕਸਟਲਫ੍ਰਾਂਕੋ ਇਮਿਲੀਆ ਵਲੋਂ ਅਹਿਮ ਸੇਵਾ ਨਿਭਾਈ ਗਈ।

ਭਾਈ ਸੁਖਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਨਾਨਕ ਦਰਬਾਰ ਕਸਤਲਫ੍ਰਾਂਕੋ ਇਮਿਲੀਆ, ਸਿੱਖ ਆਗੂ ਭਾਈ ਗੁਰਚਰਨ ਸਿੰਘ ਭੁੰਗਰਨੀ, ਜਸਪਾਲ ਸਿੰਘ, ਸੌਰਵ ਸਿੰਘ, ਹਰਜੀਤ ਸਿੰਘ, ਪਰਮਿੰਦਰ ਸਿੰਘ, ਹਰਜਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਵੱਖ-ਵੱਖ ਦੇਸ਼ਾਂ ਦੇ ਲੋਕ ਪਹੁੰਚੇ।
