ਕੁਐਸਨੇਲ ''ਚ ਮ੍ਰਿਤਕ ਮਿਲੇ ਵਿਅਕਤੀ ਦੇ ਕਤਲ ਦੀ ਪੁਲਸ ਵੱਲੋਂ ਜਾਂਚ ਸ਼ੁਰੂ
Saturday, Jan 24, 2026 - 06:16 AM (IST)
ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੁਐਸਨੇਲ ਵਿੱਚ ਪੁਲਸ ਵੱਲੋਂ ਇੱਕ ਸ਼ੱਕੀ ਕਤਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ ਵੀਰਵਾਰ ਤੜਕੇ ਇੱਕ ਹਥਿਆਰਾਂ ਨਾਲ ਸੰਬੰਧਿਤ ਕਾਲ ਤੋਂ ਬਾਅਦ 49 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਅੱਧੀ ਰਾਤ ਤੋਂ ਥੋੜ੍ਹੀ ਦੇਰ ਬਾਅਦ ਕੁਐਸਨੇਲ ਦੇ ਰਿਹਾਇਸ਼ੀ ਇਲਾਕੇ ਵਿੱਚ ਬ੍ਰਿੰਕਰਟ ਰੋਡ ਦੇ 2900 ਬਲਾਕ ਵਿੱਚ ਵਾਪਰੀ। ਹਥਿਆਰਾਂ ਨਾਲ ਜੁੜੀ ਸੂਚਨਾ ਮਿਲਣ ‘ਤੇ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੇ, ਜਿੱਥੇ ਇੱਕ ਵਿਅਕਤੀ ਗੰਭੀਰ ਹਾਲਤ ਵਿੱਚ ਜ਼ਖਮੀ ਹੋਇਆ ਮਿਲਿਆ।
ਇਹ ਵੀ ਪੜ੍ਹੋ : ਗ੍ਰੀਨਲੈਂਡ ਪਹੁੰਚੀ ਡੈਨਮਾਰਕ ਦੀ ਪ੍ਰਧਾਨ ਮੰਤਰੀ, ਆਈਲੈਂਡ ਦੇ ਭਵਿੱਖ 'ਤੇ ਹੋਵੇਗੀ ਵੱਡੀ ਚਰਚਾ
ਜ਼ਖਮੀ ਵਿਅਕਤੀ ਨੂੰ ਤੁਰੰਤ ਐਮਰਜੈਂਸੀ ਸਹਾਇਤਾ ਦਿੱਤੀ ਗਈ, ਪਰ ਉਸ ਦੀ ਮੌਤ ਹੋ ਗਈ। ਪੁਲਸ ਨੇ ਮੌਕੇ ਨੂੰ ਸੁਰੱਖਿਅਤ ਕਰਕੇ ਫੋਰੈਂਸਿਕ ਟੀਮ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਮੁਤਾਬਕ ਇਸ ਘਟਨਾ ਨਾਲ ਜਨਤਾ ਲਈ ਤੁਰੰਤ ਕੋਈ ਖ਼ਤਰਾ ਨਹੀਂ ਮੰਨਿਆ ਜਾ ਰਿਹਾ। ਜਾਂਚ ਦੇ ਹਿੱਸੇ ਵਜੋਂ ਨੇੜਲੇ ਇਲਾਕੇ ਦੇ ਵਸਨੀਕਾਂ ਅਤੇ ਸੰਭਾਵਿਤ ਗਵਾਹਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
