''ਮੂੰਹ ਬੰਦ ਰੱਖਣ'' ਲਈ ਮਿਲ ਰਹੀਆਂ ਸਨ ਧਮਕੀਆਂ, ਪੁਲਸ ਨੇ ਨੈਨਸੀ ਦੇ ਕਤਲ ਨੂੰ ਦੱਸਿਆ ''ਟਾਰਗੇਟਿਡ ਕਿਲਿੰਗ''
Friday, Mar 06, 2026 - 12:03 AM (IST)
ਲਾਸਾਲੇ- ਕੈਨੇਡਾ ਦੇ ਲਾਸਾਲੇ (ਓਨਟਾਰੀਓ) ਇਲਾਕੇ ਵਿੱਚ ਖਾਲਿਸਤਾਨੀ ਵੱਖਵਾਦ ਦੀ ਤਿੱਖੀ ਆਲੋਚਕ ਅਤੇ ਪ੍ਰਸਿੱਧ ਸੋਸ਼ਲ ਮੀਡੀਆ ਇਨਫਲੂਐਂਸਰ ਨੈਨਸੀ ਗਰੇਵਾਲ (45) ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਲਾਸਾਲੇ ਪੁਲਿਸ ਅਨੁਸਾਰ ਇਹ ਖ਼ੂਨੀ ਵਾਰਦਾਤ ਮੰਗਲਵਾਰ ਰਾਤ ਕਰੀਬ 9:30 ਵਜੇ ਵਾਪਰੀ। ਪੁਲਿਸ ਜਾਂਚਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਇਹ ਕੋਈ ਅਚਾਨਕ ਹੋਈ ਹਿੰਸਾ ਨਹੀਂ ਸੀ, ਸਗੋਂ ਨੈਨਸੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਇੱਕ ਸੋਚਿਆ-ਸਮਝਿਆ 'ਟਾਰਗੇਟਿਡ' ਹਮਲਾ ਸੀ।
ਖਾਲਿਸਤਾਨੀ ਸਮਰਥਕਾਂ ਤੋਂ ਮਿਲ ਰਹੀਆਂ ਸਨ ਧਮਕੀਆਂ
ਮੂਲ ਰੂਪ ਵਿੱਚ ਲੁਧਿਆਣਾ ਦੇ ਪਿੰਡ ਨਾਰੰਗਵਾਲ ਦੀ ਰਹਿਣ ਵਾਲੀ ਨੈਨਸੀ ਸਾਲ 2018 ਵਿੱਚ ਕੈਨੇਡਾ ਜਾ ਕੇ ਵੱਸੀ ਸੀ। ਉਹ ਆਪਣੇ ਸੋਸ਼ਲ ਮੀਡੀਆ ਚੈਨਲਾਂ ਰਾਹੀਂ ਖਾਲਿਸਤਾਨੀ ਵਿਚਾਰਧਾਰਾ ਵਿਰੁੱਧ ਲਗਾਤਾਰ ਬੇਬਾਕੀ ਨਾਲ ਬੋਲਦੀ ਸੀ। ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਪੋਸਟ ਕੀਤੀ ਇੱਕ ਵੀਡੀਓ ਵਿੱਚ ਨੈਨਸੀ ਨੇ ਖ਼ਦਸ਼ਾ ਜਤਾਇਆ ਸੀ ਕਿ ਉਸਦੀ ਜਾਨ ਨੂੰ ਖ਼ਤਰਾ ਹੈ। ਉਸਨੇ ਖ਼ੁਲਾਸਾ ਕੀਤਾ ਸੀ ਕਿ ਇੱਕ ਵਿਅਕਤੀ ਨੇ ਉਸਦੇ ਘਰ ਦੇ ਮੁੱਖ ਦਰਵਾਜ਼ੇ 'ਤੇ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਨੈਨਸੀ ਨੇ ਦੋਸ਼ ਲਗਾਇਆ ਸੀ ਕਿ ਉਹ ਵਿਅਕਤੀ ਖਾਲਿਸਤਾਨੀ ਸਮਰਥਕ ਸੀ ਅਤੇ ਉਸਨੂੰ ਇਸ ਮੁੱਦੇ 'ਤੇ 'ਮੂੰਹ ਬੰਦ ਰੱਖਣ' ਲਈ ਡਰਾਇਆ-ਧਮਕਾਇਆ ਜਾ ਰਿਹਾ ਸੀ।
ਨੈਨਸੀ ਗਰੇਵਾਲ ਦੇ ਇੰਸਟਾਗ੍ਰਾਮ ਅਤੇ ਯੂਟਿਊਬ 'ਤੇ ਹਜ਼ਾਰਾਂ ਫਾਲੋਅਰਜ਼ ਸਨ, ਜਿੱਥੇ ਉਹ ਅਕਸਰ ਪੰਜਾਬੀ ਵਿੱਚ ਵੀਡੀਓਜ਼ ਪਾ ਕੇ ਵੱਖਵਾਦੀਆਂ ਨੂੰ ਚੁਣੌਤੀ ਦਿੰਦੀ ਸੀ। ਉਸਨੇ ਖਾਲਿਸਤਾਨੀ ਆਗੂਆਂ ਗੁਰਪਤਵੰਤ ਸਿੰਘ ਪੰਨੂ ਅਤੇ ਅੰਮ੍ਰਿਤਪਾਲ ਸਿੰਘ ਵਿਰੁੱਧ ਕਈ ਵਾਰ ਸਟੈਂਡ ਲਿਆ ਸੀ। ਇਸ ਤੋਂ ਇਲਾਵਾ ਉਹ ਭਾਰਤ-ਕੈਨੇਡਾ ਤਣਾਅ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਨੀਤੀਆਂ ਦੀ ਵੀ ਆਲੋਚਕ ਰਹੀ ਸੀ।
ਨੈਨਸੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਉਸਦੇ ਜੱਦੀ ਪਿੰਡ ਨਾਰੰਗਵਾਲ ਵਿੱਚ ਮਾਤਮ ਪਸਰ ਗਿਆ ਹੈ। ਉਸਦੀ 70 ਸਾਲਾ ਮਾਂ ਸ਼ਿੰਦਰਪਾਲ ਕੌਰ ਨੇ ਦੱਸਿਆ ਕਿ ਕੱਟੜਪੰਥੀ ਉਸਦੀ ਧੀ ਦੀਆਂ ਪੋਸਟਾਂ ਕਾਰਨ ਉਸ ਨਾਲ ਰੰਜਿਸ਼ ਰੱਖਦੇ ਸਨ। ਉਹ ਆਪਣੀ ਧੀ ਦੀਆਂ ਅੰਤਿਮ ਰਸਮਾਂ ਨਿਭਾਉਣ ਲਈ ਇਸੇ ਹਫ਼ਤੇ ਕੈਨੇਡਾ ਰਵਾਨਾ ਹੋ ਰਹੀ ਹੈ। ਲਾਸਾਲੇ ਪੁਲਿਸ ਦੇ ਚੀਫ਼ ਮਾਈਕਲ ਪੀਅਰਸ ਨੇ ਕਿਹਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
