ਕੈਨੇਡਾ ਦੇ ਮੁੱਖਧਾਰਾ ਅਖ਼ਬਾਰਾਂ ਦੇ ਖੁਲਾਸੇ ਨਾਲ ਭਾਰਤ-ਕੈਨੇਡਾ ਰਿਸ਼ਤੇ ਫਿਰ ਤਣਾਅ ''ਚ
Monday, Mar 02, 2026 - 03:45 PM (IST)
ਓਟਾਵਾ (ਕੈਨੇਡਾ) – (ਸਰਬਜੀਤ ਸਿੰਘ ਬਨੂੜ): ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਜੋ ਭਾਰਤ ਦੇ ਦੌਰੇ ‘ਤੇ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਵਾਲੇ ਹਨ ਤੋਂ ਕੁਝ ਘੰਟੇ ਪਹਿਲਾ ਕੈਨੇਡਾ ਦੀ ਕੌਮੀ ਅਖ਼ਬਾਰ ਵੱਲੋਂ ਕੀਤੇ ਤਾਜ਼ਾ ਖੁਲਾਸਿਆਂ ਨੇ ਸਿਆਸੀ ਹਲਕਿਆਂ ਅਤੇ ਭਾਰਤ-ਕੈਨੇਡਾ ਵਿਚਕਾਰ ਬਣ ਰਹੇ ਰਿਸ਼ਤਿਆਂ ‘ਤੇ ਨਵਾਂ ਸੰਕਟ ਖੜ੍ਹਾ ਕਰ ਦਿੱਤਾ ਹੈ। ਅਖ਼ਬਾਰ ਦੀ ਐਕਸਕਲੂਸਿਵ ਰਿਪੋਰਟ ਅਨੁਸਾਰ ਕੈਨੇਡੀਅਨ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਕੋਲ ਅਜਿਹੇ ਸਬੂਤ ਮੌਜੂਦ ਹਨ, ਜਿਨ੍ਹਾਂ ਮੁਤਾਬਕ ਵੈਨਕੂਵਰ ਸਥਿਤ ਭਾਰਤੀ ਕੌਂਸਲਖਾਨੇ ਨਾਲ ਜੁੜੇ ਕੁਝ ਅਧਿਕਾਰੀਆਂ ਨੇ ਖਾਲਿਸਤਾਨ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਵਿੱਚ ਜਾਣਕਾਰੀ ਮੁਹੱਈਆ ਕਰਵਾਈ।
ਰਿਪੋਰਟ ਦੋ ਸਰੋਤਾਂ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ ਜਿਨ੍ਹਾਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ‘ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਇੱਕ ਕੈਨੇਡੀਅਨ ਕਾਨੂੰਨ ਲਾਗੂ ਕਰਨ ਵਾਲਾ ਅਧਿਕਾਰੀ ਅਤੇ ਦੂਜਾ ਰਾਸ਼ਟਰੀ ਸੁਰੱਖਿਆ ਏਜੰਸੀ ਨਾਲ ਸੰਬੰਧਤ ਸੂਤਰ ਦੱਸਿਆ ਗਿਆ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵੈਨਕੂਵਰ ਕੌਂਸਲਖਾਨੇ ਵਿੱਚ ਤਾਇਨਾਤ ਇੱਕ ਵੀਜ਼ਾ ਅਧਿਕਾਰੀ ਨੇ ਆਪਣੇ ਅਹੁਦੇ ਦੀ ਵਰਤੋਂ ਕਰਦਿਆਂ ਸਰੀ (ਬੀ.ਸੀ.) ਵਿੱਚ ਰਹਿੰਦੇ ਕੁਝ ਲੋਕਾਂ ਤੋਂ ਨਿੱਝਰ ਬਾਰੇ ਜਾਣਕਾਰੀ ਇਕੱਠੀ ਕੀਤੀ। ਇਹ ਜਾਣਕਾਰੀ ਭਾਰਤ ਦੀ ਖੁਫੀਆ ਏਜੰਸੀ RAW ਨਾਲ ਜੁੜੇ ਅਧਿਕਾਰੀਆਂ ਤੱਕ ਪਹੁੰਚਾਈ ਗਈ ਹੋਣ ਦਾ ਦਾਅਵਾ ਵੀ ਰਿਪੋਰਟ ਵਿੱਚ ਕੀਤਾ ਗਿਆ ਹੈ।ਹਾਲਾਂਕਿ ਭਾਰਤ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਕਿਸੇ ਵੀ ਭੂਮਿਕਾ ਤੋਂ ਲਗਾਤਾਰ ਇਨਕਾਰ ਕੀਤਾ ਜਾਂਦਾ ਰਿਹਾ ਹੈ ਅਤੇ ਇਨ੍ਹਾਂ ਦੋਸ਼ਾਂ ਨੂੰ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਕਰਾਰ ਦਿੱਤਾ ਗਿਆ ਹੈ।
ਰਿਪੋਰਟ ਵਿੱਚ ਯਾਦ ਕਰਵਾਇਆ ਗਿਆ ਹੈ ਕਿ ਅਕਤੂਬਰ 2024 ਵਿੱਚ ਕੈਨੇਡਾ ਸਰਕਾਰ ਨੇ ਛੇ ਭਾਰਤੀ ਡਿਪਲੋਮੈਟਾਂ ਨੂੰ ਦੇਸ਼ ਨਿਕਾਲਾ ਦਿੱਤਾ ਸੀ। ਉਸ ਵੇਲੇ ਸਿਰਫ ਹਾਈ ਕਮਿਸ਼ਨਰ ਦਾ ਨਾਮ ਹੀ ਜਨਤਕ ਕੀਤਾ ਗਿਆ ਸੀ। ਸਤੰਬਰ 2023 ਵਿੱਚ ਤਤਕਾਲੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਅੰਦਰ ਕਿਹਾ ਸੀ ਕਿ ਨਿੱਝਰ ਕਤਲ ਮਾਮਲੇ ਵਿੱਚ ਭਾਰਤ ਸਰਕਾਰ ਦੀ ਸੰਭਾਵਿਤ ਭੂਮਿਕਾ ਬਾਰੇ “ਭਰੋਸੇਯੋਗ ਜਾਣਕਾਰੀ” ਮੌਜੂਦ ਹੈ।ਉਸੇ ਦਿਨ ਕੈਨੇਡਾ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ਮੈਲਿਨ ਜੌਲੀ ਨੇ ਐਲਾਨ ਕੀਤਾ ਸੀ ਕਿ ਕੈਨੇਡਾ ਵਿੱਚ ਮੌਜੂਦ ਭਾਰਤੀ ਖੁਫੀਆ ਏਜੰਸੀ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਦੇਸ਼ ਛੱਡਣ ਲਈ ਕਿਹਾ ਗਿਆ ਹੈ।ਇਸ ਮਾਮਲੇ ‘ਤੇ ਕੈਨੇਡਾ ਦੀ ਦੂਜੀ ਕੌਮੀ ਅਖ਼ਬਾਰ ਨੈਸ਼ਨਲ ਪੋਸਟ ਨੇ ਵੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ CSIS ਦੇ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਅਜੇ ਵੀ ਕੈਨੇਡਾ ਖ਼ਿਲਾਫ਼ ਵਿਦੇਸ਼ੀ ਦਖ਼ਲਅੰਦਾਜ਼ੀ ਅਤੇ ਜਾਸੂਸੀ ਨਾਲ ਜੁੜੇ ਮੁੱਖ ਦੇਸ਼ਾਂ ਵਿੱਚੋਂ ਇੱਕ ਹੈ।ਇਹ ਬਿਆਨ ਉਸ ਦਾਅਵੇ ਦੇ ਉਲਟ ਮੰਨਿਆ ਜਾ ਰਿਹਾ ਹੈ ਜੋ ਹਾਲ ਹੀ ਵਿੱਚ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਵੱਲੋਂ ਕੀਤਾ ਗਿਆ ਸੀ ਕਿ ਭਾਰਤੀ ਏਜੰਟ ਹੁਣ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹਨ।
ਕੈਨੇਡੀਅਨ ਫੈਡਰਲ ਪੁਲਸ ਏਜੰਸੀ RCMP ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਸਬੂਤ ਵਾਇਰਟੈਪ ਅਤੇ ਖੁਫੀਆ ਨਿਗਰਾਨੀ ਰਾਹੀਂ ਇਕੱਠੇ ਕੀਤੇ ਗਏ ਹਨ। ਹਾਲਾਂਕਿ ਡਿਪਲੋਮੈਟਿਕ ਇਮਿਊਨਿਟੀ ਦੇ ਕਾਰਨ ਕਥਿਤ ਤੌਰ ‘ਤੇ ਨਾਮਜ਼ਦ ਅਧਿਕਾਰੀਆਂ ਖ਼ਿਲਾਫ਼ ਸਿੱਧੀ ਕਾਰਵਾਈ ਕਰਨਾ ਮੁਸ਼ਕਲ ਦੱਸਿਆ ਗਿਆ ਹੈ। ਅਜੇ ਤੱਕ ਕਿਸੇ ਵੀ ਕੌਂਸੁਲਰ ਜਾਂ ਡਿਪਲੋਮੈਟ ‘ਤੇ ਸਿੱਧੇ ਅਪਰਾਧਿਕ ਦੋਸ਼ ਲਗੇ ਹੋਣ ਦੀ ਪੁਸ਼ਟੀ ਨਹੀਂ ਹੋਈ। ਇਨ੍ਹਾਂ ਨਵੇਂ ਖੁਲਾਸਿਆਂ ਨਾਲ ਭਾਰਤ-ਕੈਨੇਡਾ ਰਿਸ਼ਤੇ ਇੱਕ ਵਾਰ ਫਿਰ ਤਣਾਅ ਦੇ ਦੌਰ ਵਿੱਚ ਦਾਖ਼ਲ ਹੋ ਗਏ ਹਨ। ਕੈਨੇਡੀਅਨ ਮੀਡੀਆ ਇਸ ਮਾਮਲੇ ਨੂੰ ਲੋਕਤੰਤਰ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੋੜ ਕੇ ਦੇਖ ਰਿਹਾ ਹੈ, ਜਦਕਿ ਭਾਰਤ ਸਰਕਾਰ ਲਗਾਤਾਰ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੀ ਆ ਰਹੀ ਹੈ।ਮਾਮਲਾ ਅਜੇ ਵੀ ਜਾਂਚ ਹੇਠ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
