ਭਾਰਤ ਦੇ ''ਦੁਸ਼ਮਣ'' ਖ਼ਿਲਾਫ਼ ਐਕਸ਼ਨ ਦੀ ਤਿਆਰੀ ''ਚ ਕੈਨੇਡਾ, PM ਕਾਰਨੀ ਦੇ ਦੌਰੇ ਤੋਂ ਪਹਿਲਾਂ ਚੁੱਕਿਆ ਵੱਡਾ ਕਦਮ
Tuesday, Feb 24, 2026 - 01:51 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਭਾਰਤ ਫੇਰੀ ਤੋਂ ਪਹਿਲਾਂ, ਕੈਨੇਡਾ ਸਰਕਾਰ ਨੇ 2008 ਦੇ ਮੁੰਬਈ ਅੱਤਵਾਦੀ ਹਮਲਿਆਂ (26/11) ਦੇ ਮੁੱਖ ਸਾਜ਼ਿਸ਼ਕਰਤਾ ਅਤੇ ਪਾਕਿਸਤਾਨੀ ਮੂਲ ਦੇ ਕਾਰੋਬਾਰੀ ਤਹੱਵੁਰ ਰਾਣਾ ਦੀ ਨਾਗਰਿਕਤਾ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰਾਣਾ 'ਤੇ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਨਾਲ ਮਿਲ ਕੇ ਮੁੰਬਈ ਹਮਲਿਆਂ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ।
ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਅਨੁਸਾਰ, ਰਾਣਾ ਦੀ ਨਾਗਰਿਕਤਾ ਅੱਤਵਾਦ ਦੇ ਦੋਸ਼ਾਂ ਕਾਰਨ ਨਹੀਂ, ਸਗੋਂ ਐਪਲੀਕੇਸ਼ਨ ਫਾਰਮ ਵਿੱਚ ਦਿੱਤੀ ਗਈ ਗਲਤ ਜਾਣਕਾਰੀ ਕਾਰਨ ਰੱਦ ਕੀਤੀ ਜਾ ਰਹੀ ਹੈ। ਜਦੋਂ ਰਾਣਾ ਨੇ 2000 ਵਿੱਚ ਨਾਗਰਿਕਤਾ ਲਈ ਅਪਲਾਈ ਕੀਤਾ ਸੀ, ਤਾਂ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਪਿਛਲੇ 4 ਸਾਲਾਂ ਤੋਂ ਓਟਾਵਾ ਅਤੇ ਟੋਰਾਂਟੋ ਵਿੱਚ ਰਹਿ ਰਿਹਾ ਸੀ।
RCMP ਦੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਉਸ ਸਮੇਂ ਦੌਰਾਨ ਉਹ ਲਗਭਗ ਸਾਰਾ ਸਮਾਂ ਸ਼ਿਕਾਗੋ (ਅਮਰੀਕਾ) ਵਿੱਚ ਸੀ, ਜਿੱਥੇ ਉਹ ਇੱਕ ਇਮੀਗ੍ਰੇਸ਼ਨ ਫਰਮ ਅਤੇ ਗਰੋਸਰੀ ਸਟੋਰ ਸਮੇਤ ਕਈ ਕਾਰੋਬਾਰ ਚਲਾ ਰਿਹਾ ਸੀ। 64 ਸਾਲਾ ਰਾਣਾ ਨੂੰ ਅਪ੍ਰੈਲ 2025 ਵਿੱਚ ਅਮਰੀਕਾ ਤੋਂ ਭਾਰਤ ਹਵਾਲੇ ਕੀਤਾ ਗਿਆ ਸੀ, ਜਿੱਥੇ ਨਵੀਂ ਦਿੱਲੀ ਉਤਰਦੇ ਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ- ''ਛੇਤੀ ਤੋਂ ਛੇਤੀ ਛੱਡ ਦਿਓ ਇਰਾਨ..!'' ਜੰਗ ਦੇ ਮਾਹੌਲ ਵਿਚਾਲੇ ਭਾਰਤੀਆਂ ਲਈ ਜਾਰੀ ਹੋਈ ਅਡਵਾਈਜ਼ਰੀ
ਕੈਨੇਡਾ ਸਰਕਾਰ ਨੇ ਇਸ ਮਾਮਲੇ ਨੂੰ ਫੈਡਰਲ ਕੋਰਟ ਵਿੱਚ ਭੇਜ ਦਿੱਤਾ ਹੈ, ਜੋ ਨਾਗਰਿਕਤਾ ਰੱਦ ਕਰਨ ਦਾ ਅੰਤਿਮ ਫੈਸਲਾ ਕਰੇਗੀ। ਸਰਕਾਰੀ ਵਕੀਲਾਂ ਨੇ ਅਦਾਲਤ ਤੋਂ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਨੂੰ ਗੁਪਤ ਰੱਖਣ ਦੀ ਇਜਾਜ਼ਤ ਵੀ ਮੰਗੀ ਹੈ।
ਟੋਰਾਂਟੋ ਦੇ ਇੱਕ ਇਮੀਗ੍ਰੇਸ਼ਨ ਵਕੀਲ ਨੇ ਇਸ ਫੈਸਲੇ ਵਿਰੁੱਧ ਅਪੀਲ ਕੀਤੀ ਹੈ, ਜਿਸ ਵਿੱਚ ਇਸ ਨੂੰ ਅਣਉਚਿਤ ਅਤੇ ਰਾਣਾ ਦੇ ਅਧਿਕਾਰਾਂ ਦੀ ਉਲੰਘਣਾ ਦੱਸਿਆ ਗਿਆ ਹੈ। ਕੈਨੇਡਾ ਸਰਕਾਰ ਅਨੁਸਾਰ, ਇਹ ਕਦਮ ਦੇਸ਼ ਦੀ ਨਾਗਰਿਕਤਾ ਪ੍ਰਣਾਲੀ ਦੀ ਪਾਰਦਰਸ਼ਤਾ ਅਤੇ ਮਰਿਆਦਾ ਨੂੰ ਬਣਾਈ ਰੱਖਣ ਲਈ ਬਹੁਤ ਮਹੱਤਵਪੂਰਨ ਹੈ।
ਜ਼ਿਕਰਯੋਗ ਹੈ ਕਿ ਸਾਲ 2008 'ਚ ਹੋਏ ਮੁੰਬਈ ਹਮਲਿਆਂ ਵਿੱਚ 166 ਲੋਕਾਂ ਦੀ ਜਾਨ ਗਈ ਸੀ ਅਤੇ ਰਾਣਾ ਇਸ ਕਤਲੇਆਮ ਦੇ ਮੁੱਖ ਦੋਸ਼ੀਆਂ ਵਿੱਚੋਂ ਇੱਕ ਹੈ। ਉਸ ਦੀ ਨਾਗਰਿਕਤਾ ਰੱਦ ਕਰਨ ਵੱਲ ਚੁੱਕਿਆ ਗਿਆ ਕਦਮ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਮੁੜ ਲੀਹ 'ਤੇ ਆਉਣ ਦੀ ਪੈਰਵੀ ਕਰਦਾ ਹੈ।
ਇਹ ਵੀ ਪੜ੍ਹੋ- 'ਇਹ ਸਿਰਫ਼ ਗੋਰਿਆਂ ਦਾ ਦੇਸ਼ ਹੈ..!', ਆਸਟ੍ਰੇਲੀਆ 'ਚ ਭਾਰਤੀਆਂ ਦਾ ਹੋਣ ਲੱਗਾ ਵਿਰੋਧ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
