ਸੰਸਦ ਭਵਨ ਓਟਾਵਾ ਬਾਹਰ ਸਿੱਖਾਂ ਵੱਲੋਂ ਭਾਰੀ ਵਿਰੋਧ ਪ੍ਰਦਰਸ਼ਨ
Saturday, Feb 28, 2026 - 09:11 PM (IST)
ਓਟਾਵਾ (ਸਰਬਜੀਤ ਸਿੰਘ ਬਨੂੜ) - ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਸਿੱਖ ਭਾਈਚਾਰੇ ਵੱਲੋਂ ਭਾਰੀ ਬਰਫ਼ਬਾਰੀ ਅਤੇ ਖਰਾਬ ਮੌਸਮ ਦੇ ਬਾਵਜੂਦ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਭਾਰਤ ਫੇਰੀ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਨਾਲ ਸੰਬੰਧਿਤ ਦਸਤਾਵੇਜ਼ ਜਨਤਕ ਕਰਨ ਤੋਂ ਇਨਕਾਰ ਦੇ ਵਿਰੋਧ ਵਿੱਚ ਕੀਤਾ ਗਿਆ।
ਮੌਜੂਦ ਸਿੱਖਾਂ ਨੇ ਕਿਹਾ ਕਿ ਕੈਨੇਡਾ ਸਰਕਾਰ ਵੱਲੋਂ ਨਿੱਝਰ ਮਾਮਲੇ ਦੇ ਸਬੂਤ ਜਨਤਕ ਨਾ ਕਰਨਾ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਅਣਡਿੱਠਾ ਕਰਨਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਰਤ ਨਾਲ ਵਪਾਰਕ ਅਤੇ ਰਾਜਨੀਤਿਕ ਨੇੜਤਾ ਵਧਾਉਂਦੇ ਹੋਏ ਸਿੱਖਾਂ ਦੀ ਸੁਰੱਖਿਆ ਅਤੇ ਨਿਆਂ ਦੇ ਮਸਲੇ ਨੂੰ ਪਿੱਛੇ ਧੱਕਿਆ ਜਾ ਰਿਹਾ ਹੈ।
ਖਾਸ ਤੌਰ ‘ਤੇ “ਟੀਮ ਸ਼ਹੀਦ ਨਿੱਝਰ” ਦੇ ਮੈਂਬਰ ਵੈਨਕੂਵਰ, ਮਾਂਟਰੀਅਲ ਅਤੇ ਟੋਰਾਂਟੋ ਤੋਂ ਓਟਾਵਾ ਪਹੁੰਚੇ ਅਤੇ ਸੰਸਦ ਭਵਨ ਦੇ ਨੇੜੇ ਇਕੱਠੇ ਹੋ ਕੇ ਆਪਣਾ ਵਿਰੋਧ ਦਰਜ ਕਰਵਾਇਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਵੀ ਸਰਕਾਰਾਂ ਬਣਦੀਆਂ ਹਨ, ਉਹ ਸਿੱਖਾਂ ਨਾਲ ਵੱਡੇ ਵਾਅਦੇ ਕਰਦੀਆਂ ਹਨ, ਪਰ ਬਾਅਦ ਵਿੱਚ ਉਨ੍ਹਾਂ ਦੇ ਮਸਲਿਆਂ ‘ਤੇ ਖਾਮੋਸ਼ੀ ਅਖਤਿਆਰ ਕਰ ਲੈਂਦੀਆਂ ਹਨ।
ਸੰਗਤ ਨੇ ਕੈਨੇਡਾ ਦੇ ਪੰਜਾਬੀ ਸੰਸਦ ਮੈਂਬਰਾਂ ਤੋਂ ਮੰਗ ਕੀਤੀ ਕਿ ਉਹ ਨਿੱਝਰ ਕੇਸ ‘ਚ ਖੁੱਲ੍ਹ ਕੇ ਮੋਹਰੀ ਭੂਮਿਕਾ ਨਿਭਾਉਣ ਅਤੇ ਸਰਕਾਰ ‘ਤੇ ਦਬਾਅ ਬਣਾਉਣ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਤੀਨਿਧੀ ਸਪੱਸ਼ਟ ਰੁਖ ਨਹੀਂ ਲੈਂਦੇ, ਤਾਂ ਉਨ੍ਹਾਂ ਨੂੰ ਆਪਣਾ ਪੱਖ ਜਨਤਕ ਕਰਨਾ ਚਾਹੀਦਾ ਹੈ। ਬਰਫ਼ਬਾਰੀ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਨਿਆਂ ਅਤੇ ਸੁਰੱਖਿਆ ਦੇ ਮਸਲੇ ਸਿੱਖ ਭਾਈਚਾਰੇ ਲਈ ਅਹਿਮ ਹਨ ਅਤੇ ਉਹ ਇਨ੍ਹਾਂ ਮਸਲਿਆਂ ‘ਤੇ ਡਟੇ ਰਹਿਣਗੇ।
