ਇਟਲੀ ਰਹਿੰਦੇ ਪੰਜਾਬੀ ਨੇ ਜਿੱਤੀ ਲਾਟਰੀ, ਬਣਿਆ ਮਹਿੰਗੀ ਗੱਡੀ ਦਾ ਮਾਲਕ

07/09/2019 8:00:47 AM

ਰੋਮ, (ਕੈਂਥ)— ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਜਦੋਂ ਰੱਬ ਮਿਹਰਬਾਨ ਹੁੰਦਾ ਹੈ ਤਾਂ ਤੁਰੇ ਜਾਂਦੇ ਆਮ ਇਨਸਾਨ ਨੂੰ ਕੱਖਾਂ ਤੋਂ ਲੱਖਪਤੀ ਬਣਾ ਦਿੰਦਾ ਹੈ। ਕੁਝ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਿਆ ਇਟਲੀ ਦੇ ਸ਼ਹਿਰ ਬੋਰਗੋ ਹਰਮਾਦਾ ਤੇਰਾਚੀਨਾ(ਲਾਤੀਨਾ) ਵਿਖੇ ਜਿੱਥੇ ਕਿ ਜਸਵਿੰਦਰਪਾਲ (35) ਉਰਫ਼ ਜੱਸੀ ਵਾਸੀ ਬੋਪਾਰਾਏ (ਜਲੰਧਰ) ਨੂੰ ਪਲਕ ਝਪਕਦਿਆਂ ਹੀ ਅਕਾਲਪੁਰਖ ਨੇ ਕਾਰ ਦਾ ਮਾਲਕ ਬਣਾ ਦਿੱਤਾ।

ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚ ਜਿਵੇਂ ਇਸਲਾਮੀ ਮਜ਼ਾਰਾਂ ਉੱਤੇ ਮੇਲੇ ਲੱਗਦੇ ਹਨ, ਉਸੇ ਤਰ੍ਹਾਂ ਇਟਲੀ ਦੇ ਕਈ ਇਲਾਕਿਆਂ ਵਿੱਚ ਰਾਤ ਦੇ ਵਿਸ਼ੇਸ਼ ਮੇਲੇ (ਫੇਸਤੇ) ਲੱਗਦੇ ਹਨ ।ਇਹ ਮੇਲੇ ਸਥਾਨਕ ਪ੍ਰਸ਼ਾਸਨ ਵੱਲੋਂ ਕਰਵਾਏ ਜਾਂਦੇ ਹਨ, ਜਿਨ੍ਹਾਂ ਦਾ ਸੰਬਧ ਸਬੰਧਿਤ ਸ਼ਹਿਰਾਂ ਦੇ ਸੰਤਾਂ ਨਾਲ ਹੁੰਦਾ ਹੈ। ਮੇਲਿਆਂ ਵਿੱਚ ਇਲੈਕਟ੍ਰੋਨਿਕ ਕੰਪਨੀਆਂ ਅਤੇ ਹੋਰ ਮੋਟਰ-ਗੱਡੀਆਂ ਦੀਆਂ ਕੰਪਨੀਆਂ ਵੱਲੋਂ ਆਪਣੀ ਮਸ਼ਹੂਰੀ ਲਈ ਵਿਸ਼ੇਸ਼ ਸਟਾਲ ਲਗਾਏ ਜਾਂਦੇ ਹਨ, ਜਿਨ੍ਹਾਂ ਨੂੰ ਦੇਖਣ ਇਟਾਲੀਅਨ ਤੇ ਹੋਰ ਵਿਦੇਸ਼ੀ ਲੋਕ ਵੱਡੀ ਗਿਣਤੀ ਵਿੱਚ ਆਉਂਦੇ ਹਨ ਤੇ ਇਨ੍ਹਾਂ ਸਟਾਲਾਂ 'ਤੇ ਹੀ ਕੰਪਨੀ ਵਾਲੇ ਵਿਸ਼ੇਸ਼ ਲਾਟਰੀ ਦਾ ਆਯੋਜਨ ਕਰਦੇ ਹਨ। ਲੱਕੀ ਡਰਾਅ ਨਾਲ ਗੱਡੀ ਇਨਾਮ ਵਜੋਂ ਮਿਲਦੀ ਹੈ। 

ਲਾਟਰੀਆਂ ਦੀ ਕੀਮਤ ਸਿਰਫ਼ 2.5 ਜਾਂ 10 ਯੂਰੋ ਤੱਕ ਰੱਖੀ ਜਾਂਦੀ ਹੈ। ਇਟਲੀ ਦੇ ਬੋਰਗੋ ਹਰਮਾਦੇ ਵਿਖੇ ਮੇਲੇ 'ਚ ਪਹਿਲੀ ਵਾਰ 'ਕੀਆ ਕੰਪਨੀ' ਦੀ ਨਵੇਂ ਮਾਡਲ ਦੀ ਕਾਰ (ਜਿਸ ਦੀ ਕੀਮਤ 7,950 ਯੂਰੋ ਹੈ ) ਭਾਰਤੀ ਮੂਲ ਦੇ ਜਸਵਿੰਦਰਪਾਲ ਉਰਫ਼ ਜੱਸੀ ਨੇ ਜਿੱਤੀ। ਜਸਵਿੰਦਰ ਪਾਲ ਨੇ ਇਹ ਲਾਟਰੀ ਸਿਰਫ਼ 2 ਯੂਰੋ ਦੀ ਖਰੀਦੀ ਸੀ ।ਉਸ ਨੇ ਆਪਣੀ ਕਿਸਮਤ ਅਜਮਾਉਣ ਲਈ ਇਹ ਪਹਿਲੀ ਵਾਰ ਲਾਟਰੀ ਖਰੀਦੀ ਸੀ । ਜਸਵਿੰਦਰ ਪਾਲ ਰੱਬ ਵੱਲੋਂ ਹੋਈ ਇਸ ਬਖ਼ਸ਼ੀਸ਼ ਨਾਲ ਬਹੁਤ ਖੁਸ਼ ਹੈ ਅਤੇ ਅਕਾਲਪੁਰਖ ਦਾ ਧੰਨਵਾਦੀ ਹੈ।ਇਸ ਖੁਸ਼ੀ ਵਾਲੇ ਮਾਹੌਲ ਵਿੱਚ ਭਾਰਤੀ ਭਾਈਚਾਰੇ ਵੱਲੋਂ ਉਸ ਨੂੰ ਵਿਸ਼ੇਸ਼ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਸ ਸ਼ਹਿਰ ਵਿੱਚ ਇੱਕ ਭਾਰਤੀ ਨੂੰ 5 ਲੱਖ ਯੂਰੋ ਦੀ ਲੋਟੋ ਲਾਟਰੀ ਨਿਕਲ ਚੁੱਕੀ ਹੈ।


Related News