ਕਰਤਾਰਪੁਰ ਲਾਂਘੇ ਨੇ ਵਿਛੜੀਆਂ ਭੈਣਾਂ ਨੂੰ ਮਿਲਾਏ ਵੀਰ (ਵੀਡੀਓ)

11/11/2019 4:03:39 PM

ਇਸਲਾਮਾਬਾਦ/ਡੇਰਾ ਬਾਬਾ ਨਾਨਕ (ਏਜੰਸੀ): ਪਾਕਿਸਤਾਨ ਵਿਚ ਬੀਤੇ ਸ਼ਨੀਵਾਰ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਗਿਆ। ਲਾਂਘਾ ਖੁੱਲ੍ਹਣ ਨਾਲ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਥਿਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦਾ ਰਸਤਾ ਖੁੱਲ੍ਹ ਗਿਆ ਹੈ। ਬਾਬੇ ਨਾਨਕ ਦੇ ਘਰ ਵਿਚ ਰਹਿਮਤਾਂ ਵਰ੍ਹਦੀਆਂ ਹਨ ਇਹ ਤਾਂ ਹਰ ਕੋਈ ਜਾਣਦਾ ਹੈ। ਬਾਬੇ ਨਾਨਕ ਦੇ ਘਰ ਤੱਕ ਜਾਂਦਾ ਕਰਤਾਰਪੁਰ ਲਾਂਘਾ ਨਫਰਤਾਂ ਦੇ ਵਿਚ ਮੁਹੱਬਤਾਂ ਵਾਲਾ ਲਾਂਘਾ ਹੈ। ਇਹ ਲਾਂਘਾ ਦਿਲਾਂ ਨੂੰ ਜੋੜਨ ਵਾਲਾ ਅਤੇ ਵਿਛੜਿਆਂ ਨੂੰ ਮਿਲਾਉਣ ਵਾਲਾ ਹੈ। ਇਸ ਦੀ ਮਿਸਾਲ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਦੇਖਣ ਨੂੰ ਮਿਲੀ।

ਲਾਂਘੇ ਰਾਹੀਂ ਹੋ ਕੇ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਪੁੱਜੀਆਂ ਸੰਗਤਾਂ 'ਤੇ ਬਾਬੇ ਨਾਨਕ ਦੀ ਰਹਿਮਤ ਹੋਈ ਤਾਂ ਇੱਥੇ ਵੀਰਾਂ ਤੋਂ ਵਿਛੜੀਆਂ ਭੈਣਾਂ ਉਨ੍ਹਾਂ ਨੂੰ ਮਿਲ ਗਈਆਂ। ਵੰਡ ਦੇ ਇੰਨ੍ਹੇ ਸਾਲ ਬਾਅਦ ਭੈਣਾਂ ਨੂੰ ਮਿਲ ਕੇ ਵੀਰਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਇਨ੍ਹਾਂ ਭੈਣ-ਭਰਾਵਾਂ ਨੇ ਮਿਲ ਕੇ ਸਿੱਧੂ ਅਤੇ ਇਮਰਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਅਸੀਸਾਂ ਦਿੱਤੀਆਂ। ਵੰਡ ਨੇ ਚਾਹੇ ਧਰਤੀ 'ਤੇ ਲਕੀਰਾਂ ਖਿੱਚ ਦਿੱਤੀਆਂ ਸਨ ਪਰ ਦਿਲ ਅਜੇ ਵੀ ਇੱਕ ਹਨ। ਸ਼ਾਲਾ ਇਹ ਮੁਹੱਬਤਾਂ ਦੇ ਲਾਂਘੇ ਭੈਣਾਂ ਨੂੰ ਆਪਣੇ ਭਰਾਵਾਂ ਅਤੇ ਭਰਾਵਾਂ ਨੂੰ ਭੈਣਾਂ ਨਾਲ ਮਿਲਾਉਂਦੇ ਰਹਿਣ ਤੇ ਪਿਆਰ ਅਤੇ ਸਾਂਝ ਦੀ ਬਾਤ ਪਾਉਂਦੇ ਰਹਿਣ। 
 


Vandana

Content Editor

Related News