ਪਾਕਿ ਨੇ ਬਾਰਡਰ ਪਾਰ ਗਏ 16 ਸਾਲ ਦੇ ਭਾਰਤੀ ਨਾਬਾਲਗ ਨੂੰ ਭੇਜਿਆ ਵਾਪਸ
Thursday, Feb 14, 2019 - 09:52 AM (IST)
ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਨੇ ਦਰਿਆਦਿਲੀ ਦਿਖਾਉਂਦੇ ਹੋਏ 16 ਸਾਲਾ ਭਾਰਤੀ ਨਾਬਾਲਗ ਨੂੰ ਦੇਸ਼ ਵਾਪਸ ਭੇਜ ਦਿੱਤਾ ਹੈ। ਇਹ ਨਾਬਾਲਗ ਬੀਤੇ ਸਾਲ ਅਗਸਤ ਵਿਚ ਗਲਤੀ ਨਾਲ ਬਾਰਡਰ ਪਾਰ ਕਰ ਕੇ ਪਾਕਿਸਤਾਨ ਪਹੁੰਚ ਗਿਆ ਸੀ। ਮੰਗਲਵਾਰ ਨੂੰ ਪਾਕਿਸਤਾਨ ਨੇ ਨਾਬਾਲਗ ਨੂੰ ਵਾਹਗਾ ਬਾਰਡਰ ਦੇ ਰਸਤੇ ਭਾਰਤ ਵਾਪਸ ਭੇਜ ਦਿੱਤਾ। ਅਸਮ ਦੇ ਰਹਿਣ ਵਾਲੇ ਇਸ ਨਾਬਾਲਗ ਦੀ ਪਛਾਣ ਬਿਮਲ ਨਾਰਜੀ ਦੇ ਰੂਪ ਵਿਚ ਹੋਈ ਹੈ। ਪਾਕਿਸਤਾਨੀ ਰੇਂਜਰਸ ਨੇ ਸਦਭਾਵਨਾ ਸੰਕੇਤ ਦੇ ਰੂਪ ਵਿਚ ਬਿਮਲ ਨੂੰ ਬੀ.ਐੱਸ.ਐੱਫ. ਦੇ ਹਵਾਲੇ ਕੀਤਾ। ਪਾਕਿਸਤਾਨ ਦੀ ਇਕ ਅੰਗਰੇਜ਼ੀ ਅਖਬਾਰ ਦੀ ਜਾਣਕਾਰੀ ਮੁਤਾਬਕ ਪੜਤਾਲ ਦੇ ਬਾਅਦ ਅਤੇ ਬਿਮਲ ਦੇ ਸਾਰੇ ਰਸਮੀ ਦਸਤਾਵੇਜ਼ ਦੀ ਜਾਂਚ ਪੂਰੀ ਕਰਨ ਦੇ ਬਾਅਦ ਇਸ ਨਾਬਾਲਗ ਨੂੰ ਭਾਰਤ ਵਾਪਸ ਭੇਜ ਦਿੱਤਾ।
ਇੱਥੇ ਦੱਸ ਦਈਏ ਕਿ ਬੀਤੇ ਸਾਲ 26 ਦਸੰਬਰ ਨੂੰ ਭਾਰਤ ਨੇ ਪਾਕਿਸਤਾਨ ਦੇ ਦੋ ਨਾਗਰਿਕਾਂ ਮੁਹੰਮਦ ਇਮਰਾਨ ਕੁਰੈਸ਼ੀ ਵਾਰਸੀ ਅਤੇ ਅਬਦੁੱਲਾ ਨੂੰ ਅਟਾਰੀ-ਵਾਹਗਾ ਬਾਰਡਰ ਦੇ ਰਸਤੇ ਵਾਪਸ ਪਾਕਿਸਤਾਨ ਭੇਜ ਦਿੱਤਾ ਸੀ। ਅਬਦੁੱਲਾ ਨੂੰ ਸਾਲ 2017 ਵਿਚ ਅਟਾਰੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉੱਥੇ ਦੂਜੇ ਪਾਕਿਸਤਾਨੀ ਨਾਗਰਿਕ ਕੁਰੈਸ਼ੀ ਨੂੰ ਇਕ ਸਥਾਨਕ ਅਦਾਲਤ ਨੇ ਸਾਲ 2008 ਵਿਚ ਸਰਕਾਰੀ ਗੁਪਤ ਐਕਟ ਅਤੇ ਪਾਸਪੋਰਟ ਐਕਟ ਦੇ ਤਹਿਤ ਸਜ਼ਾ ਸੁਣਾਈ ਸੀ।
ਕੁਰੈਸ਼ੀ ਨੂੰ ਫਰਜ਼ੀ ਕਾਗਜ਼ਾਤ ਅਤੇ ਜਾਸੂਸੀ ਦੇ ਦੋਸ਼ ਵਿਚ ਦੋਸ਼ੀ ਪਾਇਆ ਗਿਆ ਸੀ। ਉਹ ਸਾਲ 2003 ਵਿਚ ਕੋਲਕਾਤਾ ਨਿਵਾਸੀ ਆਪਣੇ ਪਰਿਵਾਰ ਵਾਲਿਆਂ ਨੂੰ ਮਿਲਣ ਲਈ ਭਾਰਤ ਆਇਆ ਸੀ ਅਤੇ ਵੀਜ਼ਾ ਮਿਆਦ ਖਤਮ ਹੋਣ ਦੇ ਬਾਵਜੂਦ 4 ਸਾਲ ਤੱਕ ਭਾਰਤ ਵਿਚ ਹੀ ਰਿਹਾ ਸੀ। ਇਸ ਦੌਰਾਨ ਉਸ ਨੇ ਇਕ ਭਾਰਤੀ ਕੁੜੀ ਨਾਲ ਵਿਆਹ ਵੀ ਕੀਤਾ।
