ਹੱਦ ਹੋ ਗਈ...! ਪੰਜਾਬ ਪੁਲਸ ਦੇ ਅਸਲਾ ਇੰਚਾਰਜ ਦਾ ਹੀ ਅਸਲਾ ਲੈ ਗਏ ਚੋਰ, DC ਦਫ਼ਤਰ ਮੂਹਰਿਓਂ ਕਰ ਗਏ ਕਾਂਡ

Saturday, Jan 24, 2026 - 06:24 PM (IST)

ਹੱਦ ਹੋ ਗਈ...! ਪੰਜਾਬ ਪੁਲਸ ਦੇ ਅਸਲਾ ਇੰਚਾਰਜ ਦਾ ਹੀ ਅਸਲਾ ਲੈ ਗਏ ਚੋਰ, DC ਦਫ਼ਤਰ ਮੂਹਰਿਓਂ ਕਰ ਗਏ ਕਾਂਡ

ਲੁਧਿਆਣਾ (ਰਾਜ): ਮਹਾਨਗਰ ਵਿਚ ਬੇਖ਼ੌਫ਼ ਚੋਰਾਂ ਨੇ ਹੁਣ ਸਿੱਧਾ ਪੰਜਾਬ ਪੁਲਸ ਨੂੰ ਹੀ ਚੁਣੌਤੀ ਦੇ ਦਿੱਤੀ ਹੈ। ਸ਼ਾਤਿਰ ਚੋਰਾਂ ਨੇ ਇਸ ਵਾਰ ਕਿਸੇ ਆਮ ਨਾਗਰਿਕ ਨੂੰ ਨਹੀਂ, ਸਗੋਂ ਪੁਲਸ ਕਮਿਸ਼ਨਰ ਦਫ਼ਤਰ ਦੀ ਅਸਲਾ ਲਾਇਸੰਸ ਯੂਨਿਟ ਦੇ ਇੰਚਾਰਜ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਚੋਰਾਂ ਨੇ ਏ. ਐੱਸ. ਆਈ. ਦੀ ਕਾਰ ਦਾ ਲੌਕ ਤੋੜ ਕੇ ਅੰਦਰੋਂ ਉਸ ਦੀ ਸਰਕਾਰੀ 9 ਐੱਮ. ਐੱਮ. ਸਰਵਿਸ ਪਿਸਟਲ, 10 ਜ਼ਿੰਦਾ ਕਾਰਤੂਸ, ਮੈਗਜ਼ੀਨ ਤੇ ਪਾਸਪੋਰਟ ਸਣੇ ਨਕਦੀ 'ਤੇ ਹੱਥ ਸਾਫ਼ ਕਰ ਦਿੱਤਾ। ਸੁਰੱਖਿਆ ਦੇ ਲਿਹਾਜ਼ ਨਾਲਲ ਬੇਹੱਦ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਠੀਕ ਸਾਹਮਣੇ ਹੋਈ ਇਸ ਵਾਰਦਾਤ ਨੇ ਪੁਲਸ ਪ੍ਰਸ਼ਾਸਨ ਨੂੰ ਭੜਥੂ ਪਾ ਦਿੱਤੇ ਹਨ। 

ਜਾਣਕਾਰੀ ਮੁਤਾਬਕ ਏ. ਐੱਸ. ਆਈ. ਰਵਿੰਦਰ ਸਿੰਘ ਪੁਲਸ ਕਮਿਸ਼ਨਰ ਦਫ਼ਤਰ ਦੀ ਅਸਲਾ ਬ੍ਰਾਂਚ ਵਿਚ ਬਤੌਰ ਇੰਚਾਰਜ ਤਾਇਨਾਤ ਹੈ। 17 ਜਨਵਰੀ ਨੂੰ ਸਵੇਰੇ ਤਕਰੀਬਨ ਸਾਢੇ 9 ਵਜੇ ਉਹ ਆਪਣੀ ਜ਼ੈੱਨ ਕਾਰ ਵਿਚ ਸਵਾਰ ਹੋ ਕੇ ਡਿਊਟੀ 'ਤੇ ਆਏ ਸਨ। ਉਨ੍ਹਾਂ ਨੇ ਆਪਣੀ ਕਾਰ ਡੀ. ਸੀ. ਦਫ਼ਤਰ ਦੇ ਸਾਹਮਣੇ ਸੜਕ ਕੰਢੇ ਪਾਰਕ ਕੀਤੀ ਸੀ। ਕਾਰ ਦੀ ਅਗਲੀ ਸੀਟ 'ਤੇ ਉਨ੍ਹਾਂ ਦਾ ਇਕ ਬੈਗ ਪਿਆ ਸੀ, ਜਿਸ ਵਿਚ ਜ਼ਰੂਰੀ ਦਸਤਾਵੇਜ਼ ਸਨ। ਏ. ਐੱਸ. ਆਈ. ਕਾਰ ਨੂੰ ਲੌਕ ਕਰ ਕੇ ਆਪਣੀ ਡਿਊਟੀ 'ਤੇ ਚਲੇ ਗਏ, ਪਰ ਜਦੋਂ ਉਹ ਰਾਤ ਤਕਰੀਬਨ 8 ਵਜੇ ਵਾਪਸ ਪਰਤੇ ਤਾਂ ਨਜ਼ਾਰਾ ਵੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕਾਰ ਦੀ ਕੰਡਕਟਰ ਸਾਈਡ ਦੀ ਬਾਰੀ ਦਾ ਲੌਕ ਟੁੱਟਿਆ ਹੋਇਆ ਸੀ ਤੇ ਅੰਦਰ ਸਾਮਾਨ ਖਿੱਲਰਿਆ ਪਿਆ ਸੀ। 

ਜਾਂਚ ਦੌਰਾਨ ਪਤਾ ਲੱਗਿਆ ਕਿ ਸ਼ਾਤਿਰਰ ਚੋਰ ਕਾਰ ਦੇ ਡੈਸ਼ਬੋਰਡ ਵਿਚ ਰੱਖੀ ਸਰਕਾਰੀ ਪਿਸਟਲ ਤੇ ਮੈਗਜ਼ੀਨ ਲੈ ਉੱਡੇ ਹਨ। ਇਸ ਤੋਂ ਇਲਾਵਾ ਸੀਟ 'ਤੇ ਪਿਆ ਬੈਗ ਵੀ ਗਾਇਬ ਸੀ, ਜਿਸ ਵਿਚ ਏ. ਐੱਸ. ਆਈ. ਦਾ ਪਾਸਪੋਰਟ ਅਤੇ 10 ਹਜ਼ਾਰ ਰੁਪਏ ਦੀ ਨਕਦੀ ਮੌਜੂਦ ਸੀ। ਦਿਨ-ਦਿਹਾੜੇ ਹਾਈ ਪ੍ਰੋਫ਼ਾਈਲ ਇਲਾਕੇ ਵਿਚ ਹੋਈ ਇਸ ਚੋਰੀ ਦੀ ਘਟਨਾ ਨੇ ਪੁਲਸ ਦੀ ਗਸ਼ਤ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਜਿੱਥੇ ਇਹ ਕਾਰ ਪਾਰਕ ਸੀ, ਉੱਥੋਂ ਕੁਝ ਕਦਮਾਂ ਦੀ ਦੂਰੀ 'ਤੇ ਟ੍ਰੈਫ਼ਿਕ ਪੁਲਸ ਹਮੇਸ਼ਾ ਤਾਇਨਾਤ ਰਹਿੰਦੀ  ਹੈ। ਪੁਲਸ ਨੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 8 ਵਿਚ ਮਾਮਲਾ ਦਰਜ ਕਰ ਲਿਆ ਹੈ। ਪੁਲਸ ਹੁਣ ਆਲੇ-ਦੁਾਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ, ਤਾਂ ਜੋ ਚੋਰਾਂ ਦਾ ਪਤਾ  ਲਗਾਇਆ ਜਾ ਸਕੇ, ਪਰ ਫ਼ਿਲਹਾਲ ਪੁਲਸ ਦੇ ਹੱਥ ਖ਼ਾਲੀ ਹਨ। 
 


author

Anmol Tagra

Content Editor

Related News