ਬਲਾਚੌਰੀਆ ਕਤਲ ਮਾਮਲਾ : ਸ਼ੂਟਰ ਡਿਫਾਲਟਰ ਦੇ ਸਰੀਰ ’ਚੋਂ 6 ਗੋਲੀਆਂ ਹੋਈਆਂ ਸਨ ਆਰ-ਪਾਰ

Tuesday, Jan 20, 2026 - 01:25 PM (IST)

ਬਲਾਚੌਰੀਆ ਕਤਲ ਮਾਮਲਾ : ਸ਼ੂਟਰ ਡਿਫਾਲਟਰ ਦੇ ਸਰੀਰ ’ਚੋਂ 6 ਗੋਲੀਆਂ ਹੋਈਆਂ ਸਨ ਆਰ-ਪਾਰ

ਮੋਹਾਲੀ (ਜੱਸੀ) : ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ’ਚ ਬੰਗਾਲ ਤੋਂ ਗ੍ਰਿਫ਼ਤਾਰ ਸ਼ੂਟਰ ਕਰਨ ਡਿਫਾਲਟਰ ਦਾ ਸਿਵਲ ਹਸਪਤਾਲ ਖਰੜ ਵਿਖੇ ਪੁਲਸ ਵੱਲੋਂ ਪੋਸਟਮਾਰਟਮ ਕਰਵਾਇਆ ਗਿਆ। ਪਹਿਲਾਂ ਡਾਕਟਰਾਂ ਵੱਲੋਂ ਕਰਨ ਡਿਫਾਲਟਰ ਦੀ ਲਾਸ਼ ਦਾ ਐਕਸ-ਰੇਅ ਕਰਵਾਇਆ ਗਿਆ, ਜਿਸ ’ਚ ਪਤਾ ਲੱਗਿਆ ਕਿ ਕਰਨ ਦੇ ਸਰੀਰ ’ਚ ਕੁੱਲ 6 ਗੋਲੀਆਂ ਵੱਜੀਆਂ ਸਨ, ਜਿਨ੍ਹਾਂ ’ਚੋਂ 2 ਗੋਲੀਆਂ ਪੇਟ ’ਚ ਅਤੇ 4 ਗੋਲੀਆਂ ਸਰੀਰ ਦੇ ਹੇਠਲੇ ਹਿੱਸੇ ’ਚ ਵੱਜੀਆਂ। ਫਾਰੈਂਸਿਕ ਤੇ ਡਾਕਟਰਾਂ ਦੀ ਟੀਮ ਵੱਲੋਂ ਪੋਸਟਮਾਰਟਮ ਉਪਰੰਤ ਕਰਨ ਦੇ ਸਰੀਰ ਦਾ ਵਿਸਰਾ ਫਾਰੈਂਸਿਕ ਲੈਬ ’ਚ ਭੇਜ ਦਿੱਤਾ ਗਿਆ। ਪੋਸਟਮਾਰਟਮ ਐੱਸ. ਡੀ. ਐੱਮ. ਖਰੜ ਦੀ ਮੌਜੂਦਗੀ ’ਚ ਕੀਤਾ ਗਿਆ।

ਐੱਸ. ਪੀ. (ਡੀ) ਤੇ ਡੀ. ਐੱਸ. ਪੀ. ਖਰੜ ਪੁਲਸ ਫੋਰਸ ਸਮੇਤ ਹਸਪਤਾਲ ’ਚ ਮੌਜੂਦ ਸਨ। ਪੋਸਟਮਾਰਟਮ ਉਪਰੰਤ ਪੁਲਸ ਨੇ ਕਰਨ ਦੀ ਲਾਸ਼ ਨੂੰ ਮਾਂ ਆਰਤੀ ਪਾਠਕ ਨੂੰ ਸੌਂਪ ਦਿੱਤਾ। ਦੱਸਣਯੋਗ ਹੈ ਕਿ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ’ਚ ਮੋਹਾਲੀ ਪੁਲਸ ਵੱਲੋਂ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ’ਚੋਂ ਦੋ ਮੁਲਜ਼ਮਾਂ ਦੀ ਪੁਲਸ ਮੁਕਾਬਲੇ ’ਚ ਮੌਤ ਹੋ ਚੁੱਕੀ ਹੈ। ਤਿੰਨ ਮੁਲਜ਼ਮਾਂ ਨੂੰ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਤੇ ਮੋਹਾਲੀ ਲਿਆਂਦਾ ਗਿਆ। ਕਰਨ ਡਿਫਾਲਟਰ ਹੱਥਕੜੀ ਸਮੇਤ ਪੁਲਸ ਹਿਰਾਸਤ ’ਚੋਂ ਉਸ ਸਮੇਂ ਫ਼ਰਾਰ ਹੋ ਗਿਆ, ਜਦੋਂ ਉਸ ਨੂੰ ਹਸਪਤਾਲ ਲਿਆਂਦਾ ਜਾ ਰਿਹਾ ਸੀ ਅਤੇ ਤੜਕੇ ਪੁਲਸ ਅਤੇ ਕਰਨ ਵਿਚਕਾਰ ਹੋਏ ਪੁਲਸ ਮੁਕਾਬਲੇ ’ਚ ਕਰਨ ਦੀ ਮੌਤ ਹੋ ਗਈ, ਜਦੋਂ ਕਿ ਇਕ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ ਸੀ।


author

Babita

Content Editor

Related News