ਪੰਜਾਬ ਸਰਕਾਰ ਦਾ ‘ਉਲਟਾ ਫ਼ਰਮਾਨ’: ਬਾਰਡਰ ਏਰੀਆ ਛੱਡਿਆ ਤਾਂ ਅਧਿਆਪਕਾਂ ਨੂੰ ਵਿਆਜ ਸਮੇਤ ਮੋੜਨਾ ਪਵੇਗਾ ਵਿੱਤੀ ਲਾਭ!
Friday, Jan 23, 2026 - 02:47 PM (IST)
ਅੰਮ੍ਰਿਤਸਰ (ਦਲਜੀਤ)-ਪੰਜਾਬ ਸਰਕਾਰ ਵੱਲੋਂ ਬਾਰਡਰ ਏਰੀਆ ਵਿਚ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਲਈ ਜਾਰੀ ਕੀਤਾ ਗਿਆ ਇਕ ਨਵਾਂ ਫ਼ੁਰਮਾਨ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਹੈ। ਸਰਕਾਰ ਨੇ ਸ਼ਰਤ ਰੱਖੀ ਹੈ ਕਿ ਜੇਕਰ ਕੋਈ ਅਧਿਆਪਕ ਬਾਰਡਰ ਏਰੀਆ ਛੱਡਦਾ ਹੈ, ਤਾਂ ਉਸ ਤੋਂ ਵਿੱਤੀ ਲਾਭਾਂ ਦੀ ਰਾਸ਼ੀ ਵਿਆਜ ਸਮੇਤ ਵਸੂਲੀ ਜਾਵੇਗੀ। ਇਸ ਫ਼ੈਸਲੇ ਨੇ ਅਧਿਆਪਕ ਜਥੇਬੰਦੀਆਂ ਵਿੱਚ ਤਰਥੱਲੀ ਮਚਾ ਦਿੱਤੀ ਹੈ।
ਇਹ ਵੀ ਪੜ੍ਹੋ-ਸਕੂਲਾਂ ਮਗਰੋਂ ਹੁਣ ਪਠਾਨਕੋਟ ਦੇ ਕਾਲਜ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਤੁਰੰਤ ਕੀਤੀ ਛੁੱਟੀ
ਕੀ ਹੈ ਸਰਕਾਰ ਦਾ ਨਵਾਂ ਹੁਕਮ?
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ ਅਦਾਲਤੀ ਹੁਕਮਾਂ ਦੀ ਪਾਲਣਾ ਕਰਦਿਆਂ ਬਾਰਡਰ ਏਰੀਆ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਇਕ ਵਾਧੂ ਇਨਕਰੀਮੈਂਟ ਦੇਣ ਦਾ ਪੱਤਰ ਜਾਰੀ ਕੀਤਾ ਹੈ। ਪਰ ਇਸ ਲਾਭ ਨੂੰ ਲੈਣ ਲਈ ਸਰਕਾਰ ਨੇ ਇੱਕ ਅਜਿਹੀ ‘ਅੰਡਰਟੇਕਿੰਗ’ (ਸਹਿਮਤੀ ਪੱਤਰ) ਦੀ ਸ਼ਰਤ ਲਗਾ ਦਿੱਤੀ ਹੈ, ਜਿਸ ਅਨੁਸਾਰ ਅਧਿਆਪਕ ਨੂੰ ਪੂਰੀ ਨੌਕਰੀ ਬਾਰਡਰ ਏਰੀਆ ਵਿਚ ਹੀ ਕਰਨੀ ਪਵੇਗੀ। ਜੇਕਰ ਉਹ ਭਵਿੱਖ ਵਿੱਚ ਬਦਲੀ ਕਰਵਾ ਕੇ ਇਸ ਖੇਤਰ ਤੋਂ ਬਾਹਰ ਜਾਂਦਾ ਹੈ, ਤਾਂ ਉਸ ਨੂੰ ਹੁਣ ਤੱਕ ਲਏ ਗਏ ਵਾਧੂ ਇਨਕਰੀਮੈਂਟ ਦਾ ਸਾਰਾ ਲਾਭ ਵਿਆਜ ਸਮੇਤ ਸਰਕਾਰੀ ਖ਼ਜ਼ਾਨੇ ਵਿੱਚ ਵਾਪਸ ਜਮ੍ਹਾਂ ਕਰਵਾਉਣਾ ਪਵੇਗਾ।
ਇਹ ਵੀ ਪੜ੍ਹੋ- ਗੁਰਦਾਸਪੁਰ: ਬੰਬ ਨਾਲ ਉੱਡਾ ਦਿੱਤੇ ਜਾਣਗੇ ਸਕੂਲ..., ਮਿਲੀ ਧਮਕੀ ਭਰੀ ਈਮੇਲ
ਅਧਿਆਪਕਾਂ ਨੂੰ ‘ਬੰਧੂਆ ਮਜ਼ਦੂਰ’ ਬਣਾਉਣ ਦੀ ਕੋਸ਼ਿਸ਼
ਡੀ. ਟੀ. ਐੱਫ. ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਇਸ ਫ਼ੈਸਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਾਰਡਰ ਖੇਤਰ ਵਿਚ ਕੰਮ ਕਰਨ ਲਈ ਸਾਜ਼ਗਾਰ ਮਾਹੌਲ ਪੈਦਾ ਕਰਨ ਵਿੱਚ ਨਾਕਾਮ ਰਹੀ ਹੈ ਅਤੇ ਹੁਣ ਅਜਿਹੀਆਂ ਗੈਰ-ਵਾਜਿਬ ਸ਼ਰਤਾਂ ਥੋਪ ਕੇ ਅਧਿਆਪਕਾਂ ਨੂੰ 'ਬੰਧੂਆ ਮਜ਼ਦੂਰ' ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਤਾਨਾਸ਼ਾਹੀ ਫ਼ੈਸਲੇ ਵਿਰੁੱਧ ਜਲਦ ਹੀ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ 27 ਜਨਵਰੀ ਨੂੰ ਕੀਤੀ ਜਾਵੇ ਸਰਕਾਰੀ ਛੁੱਟੀ, ਉੱਠੀ ਇਹ ਮੰਗ
ਟੀਚਰ ਹੋਮ ਅਤੇ ਭੱਤੇ ਦੇਣ ਦੀ ਮੰਗ
ਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਅਤੇ ਹਰਦੀਪ ਟੋਡਰਪੁਰ ਨੇ ਕਿਹਾ ਕਿ ਬਾਰਡਰ ਪੱਟੀ ਵਿਚ ਸਿੱਖਿਆ ਪ੍ਰਬੰਧ ਸੁਧਾਰਨ ਲਈ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਸ ਲਾਈਨਾਂ ਦੀ ਤਰਜ਼ 'ਤੇ 'ਟੀਚਰ ਹੋਮ' ਬਣਾਏ ਜਾਣ, ਵੱਡੇ ਸ਼ਹਿਰਾਂ ਦੇ ਬਰਾਬਰ ਹਾਊਸ ਰੈਂਟ ਦਿੱਤਾ ਜਾਵੇ ਅਤੇ ਵਿਸ਼ੇਸ਼ 'ਬਾਰਡਰ ਏਰੀਆ ਭੱਤਾ' ਲਾਗੂ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਸਿਰਫ਼ ਇੱਕ ਇਨਕਰੀਮੈਂਟ ਦੇ ਬਦਲੇ ਵਿਆਜ ਸਮੇਤ ਵਸੂਲੀ ਦੀ ਸ਼ਰਤ ਲਗਾਉਣਾ ਅਧਿਆਪਕਾਂ ਨਾਲ ਕੋਝਾ ਮਜ਼ਾਕ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਦਾ ਵੱਡੀ ਚੇਤਾਵਨੀ: ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
