ਵਿਜੀਲੈਂਸ ਬਿਊਰੋ ਨੇ ਸਾਲ 2025 ''ਚ 187 ਵਿਅਕਤੀਆਂ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ

Monday, Jan 12, 2026 - 08:44 AM (IST)

ਵਿਜੀਲੈਂਸ ਬਿਊਰੋ ਨੇ ਸਾਲ 2025 ''ਚ 187 ਵਿਅਕਤੀਆਂ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ) - ਵਿਜੀਲੈਂਸ ਬਿਊਰੋ ਨੇ ਸਾਲ 2025 ਦੌਰਾਨ ਵੱਖ-ਵੱਖ ਕੇਸਾਂ ’ਚ 187 ਵਿਅਕਤੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। 127 ਟਰੈਪ ਕੇਸਾਂ ’ਚ ਵੱਖ-ਵੱਖ ਵਿਭਾਗਾਂ ਦੇ 144 ਮੁਲਾਜ਼ਮਾਂ ਤੇ 43 ਪ੍ਰਾਈਵੇਟ ਵਿਅਕਤੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। 18 ਗਜ਼ਟਿਡ ਅਧਿਕਾਰੀਆਂ ਤੇ 126 ਨਾਨ-ਗਜ਼ਟਿਡ ਮੁਲਾਜ਼ਮਾਂ ਨੂੰ ਕਾਬੂ ਕੀਤਾ ਹੈ। ਹੋਰਨਾਂ ਵਿਭਾਗਾਂ ਤੋਂ ਇਲਾਵਾ ਪੁਲਸ ਦੇ 43, ਮਾਲ ਵਿਭਾਗ ਦੇ 20, ਬਿਜਲੀ ਵਿਭਾਗ ਦੇ 21, ਪੰਚਾਇਤਾਂ ਅਤੇ ਪੇਂਡੂ ਵਿਕਾਸ ਦੇ 14, ਟਰਾਂਸਪੋਰਟ ਵਿਭਾਗ ਦੇ 9, ਸਥਾਨਕ ਸਰਕਾਰਾਂ ਵਿਭਾਗ ਦੇ 8, ਜੰਗਲਾਤ ਵਿਭਾਗ ਦੇ 5, ਸਿਹਤ ਵਿਭਾਗ ਦੇ 5, ਮੰਡੀ ਬੋਰਡ ਦੇ 3 ਮੁਲਾਜ਼ਮਾਂ ਨੂੰ ਵੱਖ-ਵੱਖ ਕੇਸਾਂ ’ਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। 

ਇਸ ਤੋਂ ਇਲਾਵਾ ਸਿੱਖਿਆ, ਸਹਿਕਾਰਤਾ, ਖ਼ੁਰਾਕ ਤੇ ਸਿਵਲ ਸਪਲਾਈ ਅਤੇ ਪ੍ਰਸੋਨਲ ਵਿਭਾਗ ਦੇ ਵੀ ਦੋ-ਦੋ ਮੁਲਾਜ਼ਮਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਕਾਬੂ ਕੀਤਾ ਹੈ। ਇਹ ਜਾਣਕਾਰੀ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਮੁਲਜ਼ਮਾਂ ਵਿਰੁੱਧ 113 ਅਪਰਾਧਿਕ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ’ਚ 17 ਗਜ਼ਟਿਡ ਅਫ਼ਸਰ, 98 ਨਾਨ-ਗਜ਼ਟਿਡ ਮੁਲਾਜ਼ਮ ਅਤੇ 118 ਪ੍ਰਾਈਵੇਟ ਵਿਅਕਤੀ ਸ਼ਾਮਲ ਹਨ। ਇਸ ਤੋਂ ਇਲਾਵਾ 17 ਗਜ਼ਟਿਡ ਅਫ਼ਸਰਾਂ, 20 ਨਾਨ-ਗਜ਼ਟਿਡ ਮੁਲਾਜ਼ਮਾਂ ਤੇ 15 ਪ੍ਰਾਈਵੇਟ ਵਿਅਕਤੀਆਂ ਵਿਰੁੱਧ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੀ ਜਾਂਚ ਲਈ 38 ਵਿਜੀਲੈਂਸ ਇਨਕੁਆਰੀਆਂ ਵੀ ਦਰਜ ਕੀਤੀਆਂ ਗਈਆਂ ਹਨ। 

ਇਸ ਤੋਂ ਇਲਾਵਾ 4 ਗਜ਼ਟਿਡ ਅਫ਼ਸਰਾਂ , 5 ਨਾਨ-ਗਜ਼ਟਿਡ ਮੁਲਾਜ਼ਮਾਂ ਤੇ 2 ਪ੍ਰਾਈਵੇਟ ਵਿਅਕਤੀਆਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ 10 ਮਾਮਲੇ ਵੀ ਦਰਜ ਕੀਤੇ ਗਏ ਹਨ। ਵਿਜੀਲੈਂਸ ਬਿਊਰੋ ਦੇ ਕੇਸਾਂ ਦੀ ਸੁਣਵਾਈ ਕਰਦਿਆਂ ਅਦਾਲਤਾਂ ਦੁਆਰਾ ਦੋਸ਼ੀ ਠਹਿਰਾਏ ਜਾਣ ’ਤੇ 6 ਨਾਨ-ਗਜ਼ਟਿਡ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਸਬੰਧਤ ਪ੍ਰਸ਼ਾਸਕੀ ਵਿਭਾਗਾਂ ਦੁਆਰਾ ਸੇਵਾਵਾਂ ਤੋਂ ਬਰਖ਼ਾਸਤ ਵੀ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਇਸ ਸਾਲ ਦੌਰਾਨ 65 ਵਿਜੀਲੈਂਸ ਇਨਕੁਆਰੀਆਂ ਦਾ ਸਫਲਤਾਪੂਰਵਕ ਨਿਬੇੜਾ ਵੀ ਕੀਤਾ ਹੈ। ਵੱਖ-ਵੱਖ ਅਦਾਲਤਾਂ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਬਿਊਰੋ ਵੱਲੋਂ ਦਾਇਰ ਤੇ ਲੜੇ ਗਏ 34 ਕੇਸਾਂ ’ਚ 63 ਮੁਲਜ਼ਮਾਂ ਨੂੰ ਸਜ਼ਾ ਸੁਣਾਈ ਗਈ ਹੈ, ਜਿਨ੍ਹਾਂ ’ਚ 3 ਗਜ਼ਟਿਡ ਅਫ਼ਸਰ, 38 ਨਾਨ-ਗਜ਼ਟਿਡ ਮੁਲਾਜ਼ਮ ਤੇ 22 ਪ੍ਰਾਈਵੇਟ ਵਿਅਕਤੀ ਸ਼ਾਮਲ ਹਨ, ਜਿਨ੍ਹਾਂ ਨੂੰ ਇਕ ਸਾਲ ਤੋਂ ਪੰਜ ਸਾਲ ਤੱਕ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਇਸ ਦੇ ਨਾਲ ਹੀ ਅਦਾਲਤਾਂ ਨੇ ਇਨ੍ਹਾਂ ਮਾਮਲਿਆਂ ’ਚ 5,000 ਰੁਪਏ ਤੋਂ ਲੈ ਕੇ 2,01,000 ਰੁਪਏ ਤੱਕ ਦੇ ਜੁਰਮਾਨੇ ਵੀ ਲਾਏ ਹਨ, ਜੋ ਕੁੱਲ 18,71,000 ਰੁਪਏ ਬਣਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ ਭ੍ਰਿਸ਼ਟਾਚਾਰ ਦੇ ਕੇਸਾਂ ’ਚ ਕਈ ਰਸੂਖਵਾਨ ਵਿਅਕਤੀਆਂ ਨੂੰ ਵੀ ਨਾਮਜ਼ਦ/ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ’ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਵਿਧਾਇਕ ਰਮਨ ਅਰੋੜਾ, DIG ਹਰਚਰਨ ਸਿੰਘ ਭੁੱਲਰ, ਜਲੰਧਰ ਤੋਂ ਸਹਾਇਕ ਕਮਿਸ਼ਨਰ CGST ਰਵਿੰਦਰ ਕੁਮਾਰ ਸ਼ਰਮਾ, ਬਟਾਲਾ ਤੋਂ PCS ਅਧਿਕਾਰੀ ਵਿਕਰਮਜੀਤ ਸਿੰਘ ਪਾਂਥੇ, ਲੁਧਿਆਣਾ ਤੋਂ PCS ਅਧਿਕਾਰੀ ਗੁਰਬੀਰ ਸਿੰਘ ਕੋਹਲੀ, SBS ਨਗਰ ਤੋਂ PCS ਅਧਿਕਾਰੀ ਰਵਿੰਦਰ ਕੁਮਾਰ ਬਾਂਸਲ, ਜਨਰਲ ਮੈਨੇਜਰ ਪਨਸਪ ਅਜੀਤਪਾਲ ਸਿੰਘ ਸੈਣੀ, PSPCL ਦੇ ਡਿਪਟੀ ਚੀਫ ਇੰਜੀਨੀਅਰ ਹਰਮਿੰਦਰ ਸਿੰਘ, ਸਬ-ਰਜਿਸਟਰਾਰ ਜਗਤਾਰ ਸਿੰਘ, ਤਹਿਸੀਲਦਾਰ ਰਾਮ ਲਾਲ, SMA ਡਾ. ਸੁਮਿਤ ਸਿੰਘ, DSP ਗੁਰਸ਼ੇਰ ਸਿੰਘ ਅਤੇ ਸਿਵਲ ਹਸਪਤਾਲ ਸੁਨਾਮ ਤੋਂ ਡਾ. ਅਮਿਤ ਸਿੰਗਲਾ ਸ਼ਾਮਲ ਹਨ।


author

rajwinder kaur

Content Editor

Related News