ਆਈਸ, ਚਿੱਟਾ ਤੇ ਕੋਕੀਨ ਸਮੇਤ ਗ੍ਰਿਫ਼ਤਾਰ ਨਾਈਜ਼ੀਰੀਅਨ ਨੂੰ 3 ਸਾਲ ਦੀ ਕੈਦ
Friday, Jan 23, 2026 - 01:41 PM (IST)
ਮੋਹਾਲੀ (ਜੱਸੀ) : ਇੱਥੇ ਐੱਸ. ਟੀ. ਐੱਫ. ਵੱਲੋਂ ਆਈਸ, ਕੋਕੀਨ ਤੇ ਚਿੱਟੇ ਸਮੇਤ ਜੋਇਲ ਓਸਾਗੀਆ ਓਮੀਲੀਆਮੈਨ ਨਾਂ ਦੇ ਨਾਈਜ਼ੀਰੀਅਨ ਨੂੰ ਗ੍ਰਿਫ਼ਤਾਰ ਕਰਨ ਦੇ ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਨੀਤਿਕਾ ਵਰਮਾ ਦੀ ਅਦਾਲਤ ’ਚ ਹੋਈ। ਜ਼ਿਲ੍ਹਾ ਅਦਾਲਤ ਵੱਲੋਂ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੋਇਲ ਓਸਾਗੀਆ ਓਮੀਲੀਆਮੈਨ ਵਾਸੀ ਨਾਈਜੀਰੀਆ ਹਾਲ ਵਾਸੀ ਤਿਲਕ ਨਗਰ ਨਵੀਂ ਦਿੱਲੀ ਨੂੰ ਐੱਨ. ਡੀ. ਪੀ. ਐੱਸ. ਐਕਟ ’ਚ ਦੋਸ਼ੀ ਕਰਾਰ ਦਿੰਦਿਆ 3 ਸਾਲ ਦੀ ਕੈਦ 3 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸੇ ਤਰ੍ਹਾਂ ਫਾਰਨਰ ਐਕਟ ’ਚ 2 ਸਾਲ ਦੀ ਕੈਦ ਅਤੇ ਇਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਇਸ ਸਬੰਧੀ ਥਾਣਾ ਐੱਸ. ਟੀ. ਐੱਫ. ਦੇ ਇੰਚਾਰਜ ਰਾਮ ਦਰਸ਼ਨ ਨੇ ਦੱਸਿਆ ਕਿ ਐੱਸ. ਟੀ. ਐੱਫ. ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਨਾਈਜੀਰੀਅਨ ਸੈਕਟਰ-68 ਵਿਚਲੇ ਸਿਟੀ ਪਾਰਕ ’ਚ ਬੈਠਾ ਕਿਸੇ ਗ੍ਰਾਹਕ ਦੀ ਉਡੀਕ ਕਰ ਰਿਹਾ ਹੈ। ਐੱਸ. ਟੀ. ਐੱਫ. ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਨਾਈਜੀਰੀਅਨ ਨੂੰ ਕਾਬੂ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 30 ਗ੍ਰਾਮ ਆਈਸ, 20 ਗ੍ਰਾਮ ਕੋਕੀਨ ਅਤੇ 10 ਗ੍ਰਾਮ ਚਿੱਟਾ ਬਰਾਮਦ ਕੀਤਾ। ਐੱਸ. ਟੀ. ਐੱਫ. ਮੁਤਾਬਕ ਉਕਤ ਨਾਈਜੀਰੀਅਨ ਦਿੱਲੀ ਤੋਂ ਉਕਤ ਨਸ਼ਾ ਲੈ ਕੇ ਆਇਆ ਸੀ ਅਤੇ ਇਸ ਤੋਂ ਪਹਿਲਾਂ ਉਸ ਨੂੰ ਸਾਲ 2018 ’ਚ ਐੱਸ. ਟੀ. ਐੱਫ. ਵੱਲੋਂ 270 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ’ਚ ਮੋਹਾਲੀ ਦੀ ਅਦਾਲਤ ਵੱਲੋਂ ਉਸ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।
