ਦੁਨੀਆ ਤੋਂ ਜਾਂਦੇ-ਜਾਂਦੇ 3 ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ, ਹਰਪਿੰਦਰ ਸਿੰਘ ਬਣੇ PGI 'ਚ ਸਾਲ ਦੇ ਪਹਿਲੇ ਅੰਗਦਾਨੀ

Tuesday, Jan 13, 2026 - 11:04 AM (IST)

ਦੁਨੀਆ ਤੋਂ ਜਾਂਦੇ-ਜਾਂਦੇ 3 ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ, ਹਰਪਿੰਦਰ ਸਿੰਘ ਬਣੇ PGI 'ਚ ਸਾਲ ਦੇ ਪਹਿਲੇ ਅੰਗਦਾਨੀ

ਚੰਡੀਗੜ੍ਹ (ਸ਼ੀਨਾ) : ਜਿੱਥੇ ਭਿਆਨਕ ਸੜਕ ਹਾਦਸੇ ’ਚ ਇੱਕ ਨੌਜਵਾਨ ਦੀ ਮੌਤ ਨੇ ਇੱਕ ਪਰਿਵਾਰ ਨੂੰ ਡੂੰਘੇ ਦੁੱਖ ’ਚ ਡੁੱਬੋ ਦਿੱਤਾ, ਉੱਥੇ ਹੀ ਉਸਦੀ ਪਤਨੀ ਦੇ ਉਸੇ ਪਲ ਆਪਣੇ ਪਤੀ ਦੇ ਅੰਗਦਾਨ ਕਰਨ ਦੇ ਫ਼ੈਸਲੇ ਨੇ ਤਿੰਨ ਅਣਜਾਣ ਜ਼ਿੰਦਗੀਆਂ ਨੂੰ ਨਵੀਂ ਜ਼ਿੰਦਗੀ ਦਿੱਤੀ। ਸਾਲ 2026 ਦਾ ਪਹਿਲਾ ਮ੍ਰਿਤਕ ਅੰਗਦਾਨ ਪੀ. ਜੀ. ਆਈ. ਵਿਖੇ ਸਫ਼ਲਤਾ ਪੂਰਵਕ ਪੂਰਾ ਹੋਇਆ, ਜਿਸ ਨਾਲ ਤਿੰਨ ਗੰਭੀਰ ਬੀਮਾਰ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ। 40 ਸਾਲਾ ਹਰਪਿੰਦਰ ਸਿੰਘ ਇੱਕ ਸੜਕ ਹਾਦਸੇ ’ਚ ਗੰਭੀਰ ਜ਼ਖਮੀ ਹੋ ਗਿਆ ਸੀ। ਦੋਪਹੀਆ ਵਾਹਨ ਚਲਾਉਂਦੇ ਸਮੇਂ ਹਾਦਸੇ ਤੋਂ ਬਾਅਦ ਉਸਨੂੰ 6 ਜਨਵਰੀ ਨੂੰ ਪੀ. ਜੀ. ਆਈ. ’ਚ ਦਾਖ਼ਲ ਕਰਵਾਇਆ ਗਿਆ ਸੀ। ਸਿਰ ’ਚ ਗੰਭੀਰ ਸੱਟਾਂ ਲੱਗਣ ਕਾਰਨ ਉਸਨੂੰ ਤੁਰੰਤ ਵੈਂਟੀਲੇਟਰ 'ਤੇ ਰੱਖਿਆ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਨੂੰ ਮਿਲੀ ਵੱਡੀ ਸਹੂਲਤ, ਹੁਣ ਘਰ ਬੈਠੇ ਹੀ ਲੈ ਸਕਣਗੇ ਲਾਭ

ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਤੇ ਉੱਨਤ ਇਲਾਜ ਦੇ ਬਾਵਜੂਦ ਉਸਦੀ ਹਾਲਤ ਵਿਗੜਦੀ ਰਹੀ। 9 ਜਨਵਰੀ ਨੂੰ ਉਸਨੂੰ ਬ੍ਰੇਨ ਸਟੈਮ (ਦਿਮਾਗ ਦੇ ਹੇਠਲੇ ਹਿੱਸੇ ’ਚ) ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਮੌਕੇ ਹਰਪਿੰਦਰ ਦੀ ਪਤਨੀ ਨੀਤੂ ਕੁਮਾਰੀ ਨੇ ਕਿਹਾ ਕਿ ਕੋਈ ਵੀ ਮੇਰੇ ਪਤੀ ਦੀ ਥਾਂ ਨਹੀਂ ਲੈ ਸਕਦਾ ਪਰ ਇਹ ਜਾਣ ਕੇ ਦਿਲਾਸਾ ਮਿਲਦਾ ਹੈ ਕਿ ਉਸਦਾ ਇੱਕ ਹਿੱਸਾ ਕਿਸੇ ਹੋਰ ਨੂੰ ਸਾਹ ਲੈਣ ਅਤੇ ਜਿਊਣ ਦਾ ਮੌਕਾ ਦੇ ਰਿਹਾ ਹੈ। ਜੇਕਰ ਉਸਦੇ ਜਾਣ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਤਾਂ ਉਸਦੀ ਯਾਤਰਾ ਇੱਥੇ ਖ਼ਤਮ ਨਹੀਂ ਹੁੰਦੀ। ਇਸ ਮੌਕੇ ’ਤੇ ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ 2026 ਦਾ ਪਹਿਲਾ ਮ੍ਰਿਤਕ ਅੰਗਦਾਨ ਇਹ ਸਾਬਤ ਕਰਦਾ ਹੈ ਕਿ ਡੂੰਘਾ ਦੁੱਖ ਵੀ ਦਇਆ ਅਤੇ ਮਨੁੱਖਤਾ ਨੂੰ ਜਨਮ ਦੇ ਸਕਦਾ ਹੈ।
ਦੋਵੇਂ ਗੁਰਦੇ ਪੀ. ਜੀ. ਆਈ. 'ਚੋਂ ਹੀ 2 ਮਰੀਜ਼ਾਂ ਨੂੰ ਕੀਤੇ ਟਰਾਂਸਪਲਾਂਟ
ਇਸ ਅਤਿ ਦੁਖਦਾਈ ਸਮੇਂ 'ਚ ਵੀ ਪਰਿਵਾਰ ਨੇ ਮਨੁੱਖਤਾ ਦਾ ਬੇਮਿਸਾਲ ਜਜ਼ਬਾ ਦਿਖਾਉਂਦੀਆਂ ਅੰਗਦਾਨ ਦਾ ਫ਼ੈਸਲਾ ਕੀਤਾ। ਹਰਪਿੰਦਰ ਸਿੰਘ ਦੇ ਦੋਵੇਂ ਗੁਰਦੇ ਪੀ. ਜੀ. ਆਈ. 'ਚ ਹੀ 2 ਮਰੀਜ਼ਾਂ ਨੂੰ ਟਰਾਂਸਪਲਾਂਟ ਕੀਤੇ ਗਏ। ਫੇਫੜਿਆਂ ਦੇ ਟਰਾਂਸਪਲਾਂਟ ਲਈ ਪੀ. ਜੀ. ਆਈ. ਦੀ ਵੇਟਿੰਗ ਲਿਸਟ 'ਚ ਮਰੀਜ਼ ਨਾ ਮਿਲਣ 'ਤੇ ਦੇਸ਼ ਭਰ ਦੇ ਹਸਪਤਾਲਾਂ ਨਾਲ ਸੰਪਰਕ ਕੀਤਾ ਗਿਆ। ਇਸ ਦੌਰਾਨ ਸਰ ਐੱਚ. ਐੱਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ਐਂਡ ਰਿਸਰਚ ਸੈਂਟਰ ਮੁੰਬਈ ਨੇ ਤੁਰੰਤ ਟਰਾਂਸਪਲਾਂਟ ਲਈ ਸਹਿਮਤੀ ਦਿੱਤੀ। ਇਸ ਤੋਂ ਬਾਅਦ ਗਰੀਨ ਕੋਰੀਡੋਰ ਬਣਾ ਕੇ ਫੇਫੜੇ ਮੁੰਬਈ ਭੇਜੇ ਗਏ, ਜਿੱਥੇ ਸਮੇਂ 'ਤੇ ਟਰਾਂਸਪਲਾਂਟ ਕਰ ਕੇ ਮਰੀਜ਼ ਦੀ ਜਾਨ ਬਚਾਈ ਗਈ। ਇਸ ਪੂਰੀ ਪ੍ਰਕਿਰਿਆ ਦੌਰਾਨ ਸਿਹਤ ਵਿਭਾਗ, ਪੁਲਸ ਅਤੇ ਏਵੀਏਸ਼ਨ ਖੇਤਰ ਦਰਮਿਆਨ ਸ਼ਾਨਦਾਰ ਕੋ-ਆਰਡੀਨੇਸ਼ਨ ਦੇਖਣ ਨੂੰ ਮਿਲੀ। ਪਰਿਵਾਰ ਦਾ ਅੰਗਦਾਨ ਦਾ ਫ਼ੈਸਲਾ ਤਿੰਨ ਜ਼ਿੰਦਗੀਆਂ ਬਚਾਉਣ ਵਾਲਾ ਮਹਾਨ ਕਦਮ ਰਿਹਾ।

ਇਹ ਵੀ ਪੜ੍ਹੋ : ਪੰਜਾਬ 'ਚ ਨਹੀਂ ਰੁਕ ਰਿਹਾ ਜਾਨਲੇਵਾ ਬੀਮਾਰੀ ਦਾ ਕਹਿਰ! ਇਨ੍ਹਾਂ 10 ਜ਼ਿਲ੍ਹਿਆਂ ਦੇ ਲੋਕ ਸਭ ਤੋਂ ਵੱਧ ਸ਼ਿਕਾਰ

ਦਾਨੀ ਪਰਿਵਾਰ ਦੀ ਹਿੰਮਤ ਅਤੇ ਨਿਰਸਵਾਰਥ ਫ਼ੈਸਲਾ ਹਮੇਸ਼ਾ ਉਨ੍ਹਾਂ ਲੋਕਾਂ ਦੇ ਜੀਵਨ ’ਚ ਜਿਊਂਦਾ ਰਹੇਗਾ, ਜਿਨ੍ਹਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਪੀ. ਜੀ. ਆਈ. ਅੰਗਦਾਨ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦੌਰਾਨ, ਪ੍ਰੋ. ਵਿਪਿਨ ਕੌਸ਼ਲ, ਮੈਡੀਕਲ ਸੁਪਰੀਡੈਂਟ, ਹਸਪਤਾਲ ਪ੍ਰਸ਼ਾਸਨ ਵਿਭਾਗ ਦੇ ਮੁਖੀ, ਤੇ ਰੋਟੋ (ਉੱਤਰੀ) ਦੇ ਨੋਡਲ ਅਫ਼ਸਰ ਨੇ ਕਿਹਾ ਕਿ ਇਹ ਮਾਮਲਾ ਇੱਕ ਮਜ਼ਬੂਤ, ਨੈਤਿਕ ਤੇ ਸੰਵੇਦਨਸ਼ੀਲ ਅੰਗ ਟਰਾਂਸਪਲਾਂਟ ਪ੍ਰਣਾਲੀ ਦੀ ਉਦਾਹਰਣ ਦਿੰਦਾ ਹੈ। ਪੀ. ਜੀ. ਆਈ. ਵਿਖੇ ਸਫ਼ਲ ਗੁਰਦਾ ਟਰਾਂਸਪਲਾਂਟ ਅਤੇ ਮੁੰਬਈ ਨੂੰ ਫੇਫੜਿਆਂ ਦੀ ਸਫਲ ਸਪਲਾਈ ਦੇਸ਼ ਭਰ ’ਚ ਅੰਗਦਾਨ ਪ੍ਰਣਾਲੀ ਦੀ ਮਜ਼ਬੂਤੀ ਨੂੰ ਦਰਸਾਉਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News